World >> The Tribune


ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਹਮਲੇ ਤੇਜ਼


Link [2022-03-15 06:34:01]



ਲਵੀਵ, 14 ਮਾਰਚ

ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ੇ ਲਈ ਰੂਸੀ ਫੌਜ ਵੱਲੋਂ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਘੇਰਾਬੰਦੀ ਨਾਲ ਜੂਝ ਰਹੇ ਹੋਰ ਸ਼ਹਿਰਾਂ ਦੇ ਲੋਕਾਂ ਨੇ ਅੱਜ ਉਮੀਦ ਪ੍ਰਗਟਾਈ ਹੈ ਕਿ ਰੂਸ ਨਾਲ ਨਵੇਂ ਸਿਰੇ ਤੋਂ ਕੂਟਨੀਤਕ ਗੱਲਬਾਤ ਨਾਲ ਹੋਰ ਜ਼ਿਆਦਾ ਨਾਗਰਿਕਾਂ ਨੂੰ ਬਚਾਇਆ ਸਕਦਾ ਹੈ ਅਤੇ ਲੋੜੀਂਦੀਆਂ ਵਸਤਾਂ ਉਨ੍ਹਾਂ ਤੱਕ ਪਹੁੰਚ ਸਕਦੀਆਂ ਹਨ। ਇੱਕ ਦਿਨ ਪਹਿਲਾਂ ਰੂਸ ਵੱਲੋਂ ਪੋਲੈਂਡ ਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਸੀ ਗਈ ਅਤੇ ਕੀਵ ਦੇ ਆਲੇ-ਦੁਆਲੇ ਲੜਾਈ ਜਾਰੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਰੂਸੀ ਬਲਾਂ ਨੇ ਰਾਜਧਾਨੀ ਦੇ ਉਪਨਗਰਾਂ ਵਿੱਚ ਤੋਪਾਂ ਨਾਲ ਹਮਲਾ ਕੀਤਾ ਹੈ। ਇਸੇ ਦੌਰਾਨ ਅੱਜ ਰੂਸ ਅਤੇ ਯੂਕਰੇਨ ਦੇ ਆਗੂਆਂ ਵਿਚਾਲੇ ਯੂਕਰੇਨ ਸੰਕਟ ਸਬੰਧੀ ਗੱਲਬਾਤ ਹੋਈ ਹੈ। ਯੂਕਰੇਨ ਦੇ ਆਗੂ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਰੂਸ ਨਾਲ ਅੱਜ ਸ਼ਾਂਤੀ ਸਬੰਧੀ ਗੱਲਬਾਤ ਖਤਮ ਹੋਈ ਅਤੇ ਮੰਗਲਵਾਰ ਨੂੰ ਫਿਰ ਸ਼ੁਰੂ ਹੋਵੇਗੀ।

ਅਧਿਕਾਰੀਆਂ ਮੁਤਾਬਕ ਕੀਵ ਦੇ ਪੂਰਬ ਬਰੋਵਰੀ ਕਸਬੇ ਦਾ ਕੌਂਸਲਰ ਮਾਰਿਆ ਗਿਆ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਇੱਕ ਸਲਾਹਕਾਰ ਐਂਟੋਨ ਗੈਰਾਸ਼ਚੈਂਕੋ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਜ਼ਿਲ੍ਹੇ ਵਿੱਚ ਨੌਂ ਮੰਜ਼ਿਲਾ ਇਮਾਰਤ 'ਤੇ ਹਮਲੇ ਵਿੱਚ ਦੋ ਜਣੇ ਮਾਰੇ ਗਏ ਹਨ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੈਕਸੀ ਕੁਲੇਬਾ ਨੇ ਯੂਕਰੇਨ ਦੇ ਟੈਲੀਵਿਜ਼ਨ 'ਤੇ ਦੱਸਿਆ ਕਿ ਕੀਵ ਦੇ ਉਪਨਗਰਾਂ ਇਰਪਿਨ, ਬੁਚਾ ਅਤੇ ਹੋਸਤੋਮੇਲ 'ਤੇ ਗੋਲਾਬਾਰੀ ਹੋਈ। ਯੂਕਰੇਨੀ ਰਾਸ਼ਟਰਪਤੀ ਦੇ ਸਹਾਇਕ ਮਿਖਾਇਲੋ ਪੋਡੋਲਯਾਕ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਵਿਚਾਲੇ ਘੇਰਾਬੰਦੀ ਦਾ ਸ਼ਿਕਾਰ ਸ਼ਹਿਰਾਂ, ਕਸਬਿਆਂ ਵਿੱਚ ਖਾਣਾ, ਪਾਣੀ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਣ ਲਈ ਸੋਮਵਾਰ ਨੂੰ ਚੌਥੇ ਗੇੜ ਦੀ ਚਰਚਾ ਹੋ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੋਈ ਗੱਲਬਾਤ ਦੇ ਬਾਵਜੂਦ ਮਾਰਿਉਪੋਲ ਸ਼ਹਿਰ ਹੋਰ ਹਿੱਸਿਆਂ ਤੋਂ ਕੱਟਿਆ ਹੋਇਆ ਹੈ। ਐਤਵਾਰ ਨੂੰ ਪੱਛਮੀ ਯੂਕਰੇਨ ਵਿੱਚ ਇੱਕ ਸੈਨਿਕ ਅੱਡੇ 'ਤੇ ਰੂਸੀ ਮਿਜ਼ਾਈਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ 35 ਜਣੇ ਮਾਰੇ ਗਏ ਸਨ। ਇਹ ਅੱਡਾ ਯੂਕਰੇਨ ਅਤੇ ਨਾਟੋ ਦੇਸ਼ਾਂ ਵਿਚਾਲੇ ਸਹਿਯੋਗ ਦਾ ਅਹਿਮ ਕੇਂਦਰ ਸੀ। ਇਸ ਤੋਂ ਖਦਸ਼ਾ ਪੈਦਾ ਹੋ ਗਿਆ ਹੈ ਕਿ ਨਾਟੋ ਦੇਸ਼ ਵੀ ਜੰਗ ਵਿੱਚ ਸ਼ਾਮਲ ਹੋ ਸਕਦੇ ਹਨ। ਰਾਸ਼ਟਰਪਤੀ ਦਫ਼ਤਰ ਵੱਲੋਂ ਅੱਜ ਦੱਸਿਆ ਗਿਆ ਕਿ ਦੱਖਣੀ ਮਾਈਕਲੋਵ ਅਤੇ ਖਾਰਕੀਵ ਨੇੜੇ ਰਿਹਾਇਸ਼ੀ ਇਮਾਰਤਾਂ 'ਤੇ ਹਮਲੇ ਹੋਏ ਹਨ। -ੲੇਪੀ

ਜ਼ੇਲੈਂਸਕੀ ਵੱਲੋਂ ਪੂਤਿਨ ਨੂੰ ਸਿੱਧੀ ਮੁਲਾਕਾਤ ਦੀ ਅਪੀਲ

ਯੂੁਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਰੂਸੀ ਹਮਲਿਆਂ ਕਾਰਨ 'ਕਾਲਾ ਦਿਨ' ਕਰਾਰ ਦਿੱਤਾ ਅਤੇ ਨਾਟੋ ਨੇਤਾਵਾਂ ਨੂੰ ਉਨ੍ਹਾਂ ਦੇ ਦੇਸ਼ ਨੂੰ 'ਨੋ-ਫਲਾਈ ਜ਼ੋਨ' ਐਲਾਨਣ ਦੀ ਅਪੀਲ ਕੀਤੀ ਹੈ। ਇਸ ਅਪੀਲ 'ਤੇ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਇਸ ਨਾਲ ਪਰਮਾਣੂ ਟਕਰਾਅ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਿੱਧੀ ਮੁਲਾਕਾਤ ਕਰਨ ਦੀ ਅਪੀਲ ਕਰਦਿਆਂ, ''ਜੇਕਰ ਤੁਸੀਂ ਸਾਡੇ ਹਵਾਈ ਖੇਤਰ ਨੂੰ ਬੰਦ ਨਹੀਂ ਕਰਦੇ ਤਾਂ ਇਹ ਮਹਿਜ਼ ਸਮੇਂ ਦੀ ਹੀ ਗੱਲ ਹੈ ਕਿ ਰੂਸੀ ਮਿਜ਼ਾਈਲਾਂ ਤੁਹਾਡੇ ਖੇਤਰ ਵਿੱਚ ਅਤੇ ਨਾਟੋ ਦੇਸ਼ਾਂ ਦੇ ਨਾਗਰਿਕਾਂ ਦੇ ਘਰਾਂ 'ਤੇ ਡਿੱਗਣਗੀਆਂ।'' ਹਾਲਾਂਕਿ ਕਰੈਮਲਿਨ (ਰੂਸ) ਵੱਲੋਂ ਫਿਲਹਾਲ ਇਸ ਅਪੀਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਬਾਇਡਨ ਨੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਰੋਮ ਭੇਜਿਆ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਇਸ ਸਬੰਧ ਵਿੱਚ ਚੀਨ ਦੇ ਇੱਕ ਅਧਿਕਾਰੀ ਨਾਲ ਮਿਲਣ ਲਈ ਰੋਮ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ ਹੁਣ ਤੱਕ 596 ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।

ਜਹਾਜ਼ ਬਣਾਉਣ ਵਾਲੀ ਫੈਕਟਰੀ 'ਤੇ ਹਮਲੇ ਵਿੱਚ ਦੋ ਹਲਾਕ

ਲਵੀਵ (ਯੂਕਰੇਨ): ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਬਲਾਂ ਵੱਲੋਂ ਐਂਤੋਨੋਵ ਏਅਰਕਰਾਫਟ ਫੈਕਟਰੀ 'ਤੇ ਕੀਤੇ ਹਮਲੇ 'ਚ ਦੋ ਜਣੇ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਇੱਕ ਰਿਹਾਇਸ਼ੀ ਇਮਾਰਤ 'ਤੇ ਹਮਲੇ ਦੌਰਾਨ ਇੱਕ ਹੋਰ ਵਿਅਕਤੀ ਮਾਰਿਆ ਗਿਆ। ਦਿ ਐਂਤੋਨੋਵ ਏਅਰਕਰਾਫਟ ਯੂਕਰੇਨ ਦੀ ਸਭ ਤੋਂ ਵੱਡੀ ਫੈਕਟਰੀ ਹੈ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਬਣਾਉਣ ਲਈ ਜਾਣੀ ਜਾਂਦੀ ਹੈ। ਕੀਵ ਸਿਟੀ ਦੀ ਸਰਕਾਰ ਨੇ ਕਿਹਾ ਕਿ ਫੈਟਕਰੀ 'ਤੇ ਹਮਲੇ ਮਗਰੋਂ ਉੱਥੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਰਿਹਾਇਸ਼ੀ ਇਮਾਰਤ 'ਤੇ ਹਮਲੇ 'ਚ ਇੱਕ ਵਿਅਕਤੀ ਮਾਰਿਆ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ। -ਏਪੀ



Most Read

2024-09-20 23:28:43