World >> The Tribune


ਪਾਕਿਸਤਾਨ: ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਬੇਵਿਸਾਹੀ ਮਤਾ ਵਾਪਸ ਲੈਣਾ ਚਾਹੀਦੈ: ਚੌਧਰੀ


Link [2022-03-15 06:34:01]



ਇਸਲਾਮਾਬਾਦ, 14 ਮਾਰਚ

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਅੱਜ ਵਿਰੋਧੀ ਪਾਰਟੀਆਂ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਪਣੇ ਬੇਵਿਸਾਹੀ ਮਤਾ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਦੇਖੇਗੀ ਕਿ ਇਸ ਦੇ ਬਦਲੇ ਉਨ੍ਹਾਂ ਨੂੰ ਕੀ ਦਿੱਤਾ ਜਾ ਸਕਦਾ ਹੈ। ਇਸੇ ਦੌਰਾਨ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਫੈਸਲ ਜਾਵੇਦ ਖ਼ਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਵਿਸਾਹੀ ਮਤੇ 'ਤੇ ਵੋਟਿੰਗ 27 ਮਾਰਚ ਤੋਂ ਬਾਅਦ ਹੋ ਸਕਦੀ ਹੈ। ਪਿਛਲੇ ਹਫ਼ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਲੱਗਪਗ 100 ਕਾਨੂੰਨਘਾੜਿਆਂ ਨੇ ਕੌਮੀ ਅਸੈਂਬਲੀ ਸਕੱਤਰੇਤ ਵਿੱਚ ਬੇਵਿਸਾਹੀ ਮਤਾ ਪੇਸ਼ ਕੀਤਾ ਸੀ। ਜਿਸ ਵਿੱਚ ਕਥਿਤ ਦੋਸ਼ ਲਾਇਆ ਗਿਆ ਸੀ ਕਿ ਦੇਸ਼ ਵਿੱਚ ਵਿੱਤੀ ਸੰਕਟ ਤੇ ਵਧਦੀ ਮਹਿੰਗਾਈ ਲਈ ਇਮਰਾਨ ਖ਼ਾਨ ਦੀ ਸਰਕਾਰ ਜ਼ਿੰਮੇਵਾਰ ਹੈ। ਪ੍ਰਧਾਨ ਮੰਤਰੀ ਖ਼ਾਨ ਦੇ ਨੇੜਲੇ ਸਹਿਯੋਗੀ ਚੌਧਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਬੇਵਿਸਾਹੀ ਮਤਾ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਿਆਸਤ ਵਿੱਚ ਕੁੜੱਤਣ ਪੈਦਾ ਹੋਈ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਜਿਹੀ ਰਾਜਨੀਤਕ ਸਥਿਤੀ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੂਚਨਾ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਵਿਰੋਧੀ ਪਾਰਟੀਆਂ ਨੇ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਦਾ ਗਠਨ ਕੀਤਾ ਹੈ, ''ਬਹੁਤ ਜ਼ਿਆਦਾ ਤਣਾਅ ਪੈਦਾ ਹੋਇਆ ਹੈ ਅਤੇ ਤਿੱਖੇ ਬਿਆਨ ਸਾਹਮਣੇ ਆਏ ਹਨ ਅਤੇ ਅਜਿਹਾ ਬਹੁਤ ਕੁਝ ਹੋਇਆ ਹੈ, ਜਿਹੜਾ ਦੋਵੇਂ ਪਾਰਟੀਆਂ ਨਹੀਂ ਚਾਹੁੰਦੀਆਂ।'' -ਪੀਟੀਆਈ



Most Read

2024-09-20 23:31:35