Breaking News >> News >> The Tribune


ਕਿਰਪਾਨ ’ਤੇ ਰੋਕ ਸਬੰਧੀ ਹੁਕਮ ਵਾਪਸ ਲਏ


Link [2022-03-15 06:34:00]



ਨਵੀਂ ਦਿੱਲੀ, 14 ਮਾਰਚ

ਸ਼ਹਿਰੀ ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀਸੀਏਐੱਸ ਨੇ ਹਵਾਈ ਅੱਡਿਆਂ 'ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਉਰਿਟੀ (ਬੀਸੀਏਐੱਸ) ਨੇ 4 ਮਾਰਚ ਨੂੰ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਅੰਦਰ ਏਵੀਏਸ਼ਨ ਸੈਕਟਰ ਦੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਾੳਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਸੀਏਐੱਸ ਦੇ ਇਸ ਕਦਮ ਦੀ ਆਲੋਚਨਾ ਕੀਤੀ ਸੀ। ਇਸ ਮਗਰੋਂ ਬੀਸੀਏਐੱਸ ਨੇ 12 ਮਾਰਚ ਨੂੰ ਪਾਬੰਦੀ ਹਟਾ ਲਈ ਸੀ। ਬੀਸੀਏਐੱਸ ਵੱਲੋਂ 4 ਮਾਰਚ ਨੂੰ ਜਾਰੀ ਹੁਕਮਾਂ 'ਚ ਕਿਹਾ ਸੀ,''ਕਿਰਪਾਨ ਸਿਰਫ਼ ਸਿੱਖ ਯਾਤਰੂ ਹੀ ਨਾਲ ਲਿਜਾ ਸਕਦੇ ਹਨ। ਇਸ ਦੇ ਬਲੇਡ ਦੀ ਲੰਬਾਈ ਛੇ ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ਅਤੇ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਤੋਂ ਵਧ ਨਾ ਹੋਵੇ।''

ਉਨ੍ਹਾਂ ਕਿਹਾ ਸੀ ਕਿ ਕਿਰਪਾਨ ਪਹਿਨਣ ਦੀ ਇਜਾਜ਼ਤ ਮੁਸਾਫ਼ਰਾਂ ਨੂੰ ਸਿਰਫ਼ ਭਾਰਤ ਅੰਦਰ ਹਵਾਈ ਸਫ਼ਰ ਦੌਰਾਨ ਹੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਰੇਲੂ ਜਾਂ ਕੌਮਾਂਤਰੀ ਕਿਸੇ ਵੀ ਟਰਮੀਨਲ ਸਮੇਤ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਹੁਕਮਾਂ 'ਤੇ ਰੋਸ ਜਤਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 9 ਮਾਰਚ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ 4 ਮਾਰਚ ਨੂੰ ਜਾਰੀ ਹੁਕਮ ਸਿੱਖਾਂ ਦੇ ਹੱਕਾਂ 'ਤੇ ਹਮਲਾ ਹੈ। ਇਸ ਮਗਰੋਂ 12 ਮਾਰਚ ਨੂੰ ਬੀਸੀਏਐੱਸ ਨੇ ਆਪਣੇ ਹੁਕਮਾਂ 'ਚ ਸੋਧ ਕੀਤੀ ਅਤੇ ਕਿਸੇ ਵੀ ਹਵਾਈ ਅੱਡੇ 'ਤੇ ਕੰਮ ਕਰਦੇ ਸਿੱਖ ਮੁਲਾਜ਼ਮਾਂ ਵੱਲੋਂ ਕਿਰਪਾਨ ਧਾਰਨ ਕਰਨ 'ਤੇ ਲਾਈ ਗਈ ਪਾਬੰਦੀ ਵਾਲਾ ਪੈਰਾ ਹਟਾ ਦਿੱਤਾ ਗਿਆ। -ਪੀਟੀਆਈ

ਸਿਰਸਾ ਵੱਲੋਂ ਹੁਕਮਾਂ ਦਾ ਸਵਾਗਤ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਿੱਖ ਮੁਲਾਜ਼ਮਾਂ ਨੁੰ ਹਵਾਈ ਅੱਡਿਆਂ 'ਤੇ ਕਿਰਪਾਨ ਪਾਉਣ ਦੀ ਛੋਟ ਦੇਣ ਦੇ ਜਾਰੀ ਕੀਤੇ ਹੁਕਮਾਂ ਦਾ ਸਵਾਗਤ ਕੀਤਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਨਵੇਂ ਹੁਕਮਾਂ ਨਾਲ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਕੰਮ ਕਰਦੇ ਸਿੱਖ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ਧਾਰਨ ਕਰਨਾ ਅਤਿ ਜ਼ਰੂਰੀ ਹੈ।

ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਹੋਰਾਂ ਵਲੋਂ ਫੈਸਲੇ 'ਤੇ ਤਸੱਲੀ ਦਾ ਪ੍ਰਗਟਾਵਾ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਕੇਂਦਰ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਡਿਊਟੀ ਸਮੇਂ ਕਿਰਪਾਨ ਪਹਿਣ ਕੇ ਆਉਣ 'ਤੇ ਲਾਈ ਗਈ ਰੋਕ ਹਟਾਉਣ ਦੇ ਫ਼ੈਸਲੇ ਦੀ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਅਤੇ ਹੋਰਾਂ ਨੇ ਤਸੱਲੀ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਵੇਂ ਸਰਕੂਲਰ ਵਿਚ ਸੋਧ ਕਰਨਾ ਚੰਗੀ ਗੱਲ ਹੈ, ਪਰ ਅਜਿਹਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਰਤ ਲਈ ਹਮੇਸ਼ਾ ਲੜਦੇ ਅਤੇ ਸ਼ਹੀਦੀਆਂ ਦਿੰਦੇ ਰਹੇ ਹਨ ਅਤੇ ਸਰਕਾਰਾਂ ਨੂੰ ਵੀ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦਾ ਸੱਭਿਆਚਾਰ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੀ ਜਿਊਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਭਵਿੱਖ ਵਿਚ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਿੱਖਾਂ ਸਮੇਤ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਧਿਆਨ ਰੱਖਿਆ ਜਾਵੇ। ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਇਸ ਫੈਸਲੇ 'ਤੇ ਤਸੱਲੀ ਪ੍ਰਗਟਾਈ ਹੈ ਅਤੇ ਇਸ ਦਾ ਸਵਾਗਤ ਕੀਤਾ ਹੈ। ਉਨ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਮੁੜ ਅੰਤਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਜਿਨ੍ਹਾਂ ਇਸ ਮਾਮਲੇ ਵਿਚ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਇਤਰਾਜ਼ ਪੱਤਰ ਲਿਖਿਆ ਸੀ, ਨੇ ਵੀ ਇਹ ਆਦੇਸ਼ ਵਾਪਸ ਲੈਣ 'ਤੇ ਤਸੱਲੀ ਪ੍ਰਗਟਾਈ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਲਾਈ ਗਈ ਰੋਕ ਕਾਰਨ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਲਈ ਧਾਰਮਿਕ ਮਰਿਆਦਾ ਸਹਿਤ ਡਿਊਟੀ ਨਿਭਾਉਣਾ ਔਖਾ ਹੋ ਗਿਆ ਸੀ।



Most Read

2024-09-22 08:42:50