Breaking News >> News >> The Tribune


ਫੋਨ ਟੈਪ ਕੇਸ: ਸਾਬਕਾ ਮੁੱਖ ਮੰਤਰੀ ਫੜਨਵੀਸ ਦੇ ਬਿਆਨ ਦਰਜ


Link [2022-03-14 15:37:27]



ਮੁੰਬਈ/ਨਾਗਪੁਰ, 13 ਮਾਰਚ

ਇੱਥੇ ਸਾਈਬਰ ਪੁਲੀਸ ਨੇ ਫੋਨ ਟੈਪਿੰਗ ਕੇਸ ਵਿਚ ਸੀਨੀਅਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੇ ਬਿਆਨ ਦਰਜ ਕੀਤੇ ਹਨ। ਪੁਲੀਸ ਦੀ ਟੀਮ ਨੇ ਅੱਜ ਫੜਨਵੀਸ ਦੀ ਰਿਹਾਇਸ਼ ਉਤੇ ਜਾ ਕੇ ਦੋ ਘੰਟੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਇਹ ਕੇਸ ਗ਼ੈਰਕਾਨੂੰਨੀ ਢੰਗ ਨਾਲ ਫੋਨ ਟੈਪ ਕਰਨ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਆਈਪੀਐੱਸ ਅਧਿਕਾਰੀ ਰਸ਼ਮੀ ਸ਼ੁਕਲਾ 'ਤੇ ਸਿਆਸੀ ਆਗੂਆਂ ਤੇ ਸੀਨੀਅਰ ਅਧਿਕਾਰੀਆਂ ਦੇ ਫੋਨ ਰਿਕਾਰਡ ਕਰਨ ਦਾ ਦੋਸ਼ ਹੈ ਜਦ ਉਹ ਰਾਜ ਦੇ ਖ਼ੁਫ਼ੀਆ ਵਿਭਾਗ (ਐੱਸਆਈਡੀ) ਦੀ ਮੁਖੀ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਫੜਨਵੀਸ ਨੇ ਰਸ਼ਮੀ ਵੱਲੋਂ ਲਿਖੇ ਇਕ ਪੱਤਰ ਦਾ ਹਵਾਲਾ ਦਿੱਤਾ ਸੀ ਜੋ ਆਈਪੀਐੱਸ ਅਧਿਕਾਰੀ ਨੇ ਤਤਕਾਲੀ ਡੀਜੀਪੀ ਨੂੰ ਪੁਲੀਸ ਅਧਿਕਾਰੀਆਂ ਦੇ ਤਬਾਦਲਿਆਂ ਵਿਚ ਕਥਿਤ ਰਿਸ਼ਵਤਖੋਰੀ ਬਾਰੇ ਲਿਖਿਆ ਸੀ। ਪੱਤਰ ਵਿਚ ਕਈ ਫੋਨ ਕਾਲਾਂ ਦੇ ਹਵਾਲੇ ਵੀ ਸਨ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਸੀ ਤੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਸੱਤਾਧਾਰੀ ਧਿਰ ਨੇ ਦੋਸ਼ ਲਾਇਆ ਸੀ ਕਿ ਸ਼ੁਕਲਾ ਨੇ ਬਿਨਾਂ ਇਜਾਜ਼ਤ ਫੋਨ ਟੈਪ ਕੀਤੇ ਹਨ। ਐੱਸਆਈਡੀ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਸਰਕਾਰੀ ਜਾਣਕਾਰੀ ਗੁਪਤ ਰੱਖਣ ਬਾਰੇ ਕਾਨੂੰਨ ਤਹਿਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐਫਆਈਆਰ ਦਰਜ ਹੋਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੇ ਆਪਣੀ ਜਾਂਚ ਰਿਪੋਰਟ ਵਿਚ ਸ਼ੁਕਲਾ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਸੀ। ਅੱਜ ਡੀਸੀਪੀ ਹੇਮਰਾਜ ਸਿੰਘ ਰਾਜਪੂਤ ਦੀ ਅਗਵਾਈ ਵਿਚ ਪੁਲੀਸ ਟੀਮ ਫੜਨਵੀਸ ਦੇ ਬੰਗਲੇ 'ਸਾਗਰ' ਪੁੱਜੀ ਤੇ ਦੋ ਘੰਟੇ ਮਗਰੋਂ ਬਿਆਨ ਲੈ ਕੇ ਚਲੇ ਗਈ। ਫੜਨਵੀਸ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿੱਥੇ ਵੱਡੀ ਗਿਣਤੀ ਭਾਜਪਾ ਆਗੂ ਇਕੱਠੇ ਹੋਏ ਸਨ। ਇਸ ਮੌਕੇ ਵਿਧਾਇਕ ਨਿਤੇਸ਼ ਰਾਣੇ, ਪ੍ਰਕਾਸ਼ ਲਾਡ ਤੇ ਪ੍ਰਵੀਨ ਦਾਰੇਕਰ ਹਾਜ਼ਰ ਸਨ। ਪੁਲੀਸ ਨੇ ਫੜਨਵੀਸ ਨੂੰ ਇਸ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਸੀ ਤੇ ਭਾਜਪਾ ਵਰਕਰਾਂ ਨੇ ਅੱਜ ਪੂਰੇ ਰਾਜ ਵਿਚ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ ਵੀ ਕੀਤੇ। ਸੂਬਾਈ ਵਿਧਾਨ ਪਰਿਸ਼ਦ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਵੀਨ ਦਾਰੇਕਰ ਨੇ ਕਿਹਾ ਕਿ ਫੜਨਵੀਸ ਨੇ ਤਬਾਦਲਿਆਂ ਲਈ ਹੁੰਦੀ ਰਿਸ਼ਵਤਖੋਰੀ ਨੂੰ ਸਾਹਮਣੇ ਲਿਆਂਦਾ ਸੀ ਤੇ ਹੁਣ ਰਾਜ ਸਰਕਾਰ ਉਨ੍ਹਾਂ ਉਤੇ ਹੀ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਵਿਰੋਧ 'ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਟਵੀਟ ਕੀਤਾ ਕਿ, 'ਕੁਝ ਲੋਕ ਤੇ ਸਿਆਸੀ ਧਿਰਾਂ ਖ਼ੁਦ ਨੂੰ ਕਾਨੂੰਨ ਤੋਂ ਉਪਰ ਕਿਉਂ ਸਮਝਦੇ ਹਨ? ਕੇਂਦਰੀ ਏਜੰਸੀਆਂ ਨੇ ਮਹਾਰਾਸ਼ਟਰ ਦੇ ਕਈ ਮੰਤਰੀਆਂ ਤੇ ਲੋਕ ਪ੍ਰਤੀਨਿਧੀਆਂ ਨੂੰ ਸਿਆਸੀ ਬਦਲਾਖੋਰੀ ਲਈ ਪੁੱਛਗਿੱਛ ਲਈ ਸੱਦਿਆ ਹੈ ਤੇ ਉਹ ਪੇਸ਼ ਹੋਏ ਹਨ..ਲੋਕਤੰਤਰ ਵਿਚ ਕਿਸੇ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ। ਕਾਨੂੰਨ ਅੱਗੇ ਸਾਰੇ ਬਰਾਬਰ ਹਨ। ਹੁਣ ਇਹ ਡਰਾਮਾ ਕਿਉਂ?' ਮਹਾਰਾਸ਼ਟਰ ਦੇ ਮੰਤਰੀ ਆਦਿੱਤਿਆ ਠਾਕਰੇ ਨੇ ਕਿਹਾ ਕਿ ਮਹਾ ਵਿਕਾਸ ਅਗਾੜੀ ਸਰਕਾਰ ਆਪਣੀਆਂ ਏਜੰਸੀਆਂ ਨੂੰ ਵਿਰੋਧੀਆਂ ਵਿਰੁੱਧ 'ਰਾਜਸੀ ਮਸ਼ੀਨਰੀ' ਬਣਾ ਕੇ ਨਹੀਂ ਵਰਤਦੀ ਜਿਵੇਂ ਕਿ ਕੇਂਦਰ ਕਰਦਾ ਹੈ। -ਪੀਟੀਆਈ

ਪਵਾਰ ਖ਼ਿਲਾਫ਼ ਟਿੱਪਣੀਆਂ 'ਤੇ ਭਾਜਪਾ ਵਿਧਾਇਕ ਰਾਣੇ ਵਿਰੁੱਧ ਕੇਸ ਦਰਜ

ਮੁੰਬਈ: ਮੁੰਬਈ ਪੁਲੀਸ ਨੇ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਨਿਤੇਸ਼ ਰਾਣੇ ਤੇ ਉਸ ਦੇ ਭਰਾ ਨਿਲੇਸ਼ ਰਾਣੇ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਉਨ੍ਹਾਂ 'ਤੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਖ਼ਿਲਾਫ਼ ਟਿੱਪਣੀਆਂ ਕਰਨ ਦਾ ਦੋਸ਼ ਹੈ। ਐਨਸੀਪੀ ਆਗੂਆਂ ਨੇ ਰਾਣੇ ਭਰਾਵਾਂ ਦੀ ਵੀਡੀਓ ਕਲਿੱਪ ਪੁਲੀਸ ਨੂੰ ਦਿੱਤੀ ਸੀ ਜਿਸ ਵਿਚ ਉਹ ਕਥਿਤ ਤੌਰ 'ਤੇ ਇਹ ਟਿੱਪਣੀਆਂ ਕਰ ਰਹੇ ਹਨ। ਇਹ ਦੋਵੇਂ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੇ ਪੁੱਤਰ ਹਨ। ਐਨਸੀਪੀ ਨੇ ਸ਼ਿਕਾਇਤ ਵਿਚ ਕਿਹਾ ਕਿ ਨਿਤੇਸ਼ ਰਾਣੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਸੀ ਕਿ ਪਵਾਰ ਨੇ ਈਡੀ ਵੱਲੋਂ ਗ੍ਰਿਫ਼ਤਾਰ ਪਾਰਟੀ ਆਗੂ ਨਵਾਬ ਮਲਿਕ ਤੋਂ ਅਸਤੀਫ਼ਾ ਕਿਉਂ ਨਹੀਂ ਲਿਆ। ਸ਼ਿਕਾਇਤ ਮੁਤਾਬਕ ਭਾਜਪਾ ਵਿਧਾਇਕ ਨੇ ਦੋਸ਼ ਲਾਇਆ ਸੀ ਕਿ ਪਵਾਰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਵੀ ਸਹਿਯੋਗੀ ਹਨ। ਨਿਲੇਸ਼ ਨੇ ਵੀ ਟਵਿੱਟਰ ਉਤੇ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਸਨ। -ਪੀਟੀਆਈ



Most Read

2024-09-22 01:38:57