Breaking News >> News >> The Tribune


ਕਾਂਗਰਸ ਆਗੂਆਂ ਵੱਲੋਂ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਪੈਰਵੀ


Link [2022-03-14 15:37:27]



ਨਵੀਂ ਦਿੱਲੀ, 13 ਮਾਰਚ

ਕਾਂਗਰਸ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਨੇ ਅੱਜ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਇਕੱਲੇ ਕਾਂਗਰਸ ਆਗੂ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਦੇ ਹਨ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨੂੰ ਆਪਣਾ ਕੋਈ ਵੀ ਭਾਸ਼ਣ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੀ ਸ਼ੁਰੂ ਕਰਨੀ ਪੈਂਦੀ ਹੈ। ਇਸ ਤੋਂ ਤੁਸੀਂ ਸਭ ਕੁਝ ਸਮਝ ਸਕਦੇ ਹੋ। ਸਾਡੇ 'ਚੋਂ ਸਾਰੇ ਚਾਹੁੰਦੇ ਹਨ ਕਿ ਰਾਹੁਲ ਜੀ ਨੂੰ ਪਾਰਟੀ ਲੀਡਰਸ਼ਿਪ ਦੀ ਕਮਾਨ ਸੌਂਪੀ ਜਾਵੇ।' ਉਨ੍ਹਾਂ ਯੂਪੀ 'ਚ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਚਲਾਈ ਗਈ ਚੋਣ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਗਹਿਲੋਤ ਨੇ ਨਾਲ ਹੀ ਯੂਪੀ 'ਚ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ 'ਤੇ ਭਾਜਪਾ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕੁਝ ਦਿਨ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ 'ਤੇ ਧਰੁਵੀਕਰਨ ਦੀ ਮਦਦ ਨਾਲ ਜਿੱਤਣ ਦਾ ਦੋਸ਼ ਲਾਇਆ। ਹਾਲਾਂਕਿ ਉਨ੍ਹਾਂ ਮੰਨਿਆ ਕਿ ਪੰਜਾਬ ਕਾਂਗਰਸ ਦੀ ਹਾਰ ਮਜ਼ਬੂਤੀ ਨਾਲ ਨਾ ਲੜਨ ਕਾਰਨ ਹੋਈ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਦਾ ਮੁਖੀ ਬਣਾਉਣ ਦੀ ਪੈਰਵੀ ਕੀਤੀ। ਉਨ੍ਹਾਂ ਟਵੀਟ ਕੀਤਾ, 'ਮੈਂ ਪਹਿਲਾਂ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦਾ ਕੁੱਲਵਕਤੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਇਹ ਮੇਰੇ ਸਮੇਤ ਪਾਰਟੀ ਦੇ ਲੱਖਾਂ ਵਰਕਰਾਂ ਦੀ ਇੱਛਾ ਹੈ।'

ਇਸੇ ਤਰ੍ਹਾਂ ਯੂਥ ਕਾਂਗਰਸ ਦੇ ਮੁਖੀ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਗਾਂਧੀ ਪਰਿਵਾਰ ਉਹ ਡੋਰ ਹੈ ਜੋ ਸਿਰਫ਼ ਕਾਂਗਰਸ ਨੂੰ ਹੀ ਨਹੀਂ ਬਲਕਿ ਦੇਸ਼ ਦੇ ਵੱਖ ਵੱਖ ਵਰਗਾਂ ਨੂੰ ਆਪਸ 'ਚ ਜੋੜਦੀ ਹੈ। ਕਾਂਗਰਸ ਪਾਰਟੀ ਦੀ ਹੋਂਦ ਕਿਸੇ ਚੋਣ 'ਚ ਹੋਈ ਜਿੱਤ ਜਾਂ ਹਾਰ 'ਤੇ ਹੀ ਨਿਰਭਰ ਨਹੀਂ ਕਰਦੀ। -ਪੀਟੀਆਈ

ਕਾਂਗਰਸੀਆਂ ਵੱਲੋਂ ਰਾਹੁਲ ਗਾਂਧੀ ਦੇ ਹੱਕ 'ਚ ਧਰਨਾ

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਕਈ ਆਗੂ ਤੇ ਵਰਕਰ ਪਾਰਟੀ ਦੇ ਹੈੱਡਕੁਆਰਟਰ ਨੇੜੇ ਇਕੱਠੇ ਹੋਏ ਤੇ ਉਨ੍ਹਾਂ ਰਾਹੁਲ ਗਾਂਧੀ ਦੀ ਹਮਾਇਤ 'ਚ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਮੁੜ ਤੋਂ ਪਾਰਟੀ ਦੀ ਕਮਾਨ ਸੌਂਪਣ ਦੀ ਮੰਗ ਕੀਤੀ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨੇਤਾ ਅਲਕਾ ਲਾਂਬਾ, ਅਨਿਲ ਭਾਰਦਵਾਜ ਤੇ ਕਈ ਹੋਰ ਆਗੂ ਤੇ ਵਰਕਰ ਰਾਹੁਲ ਗਾਂਧੀ ਦੀ ਹਮਾਇਤ 'ਚ ਧਰਨੇ 'ਤੇ ਬੈਠ ਗਏ। ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਵਰਕਰ ਰਾਹੁਲ ਗਾਂਧੀ ਦੀ ਅਗਵਾਈ ਚਾਹੁੰਦੇ ਹਨ। ਉਹ ਸੋਨੀਆ ਗਾਂਧੀ ਨੂੰ ਕਹਿਣਾ ਚਾਹੁੰਦੇ ਹਨ ਕਿ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਸੌਂਪੀ ਜਾਵੇ ਤਾਂ ਜੋ 2024 ਦੀ ਲੜਾਈ ਉਨ੍ਹਾਂ ਦੀ ਅਗਵਾਈ ਹੇਠ ਲੜੀ ਜਾ ਸਕੇ।

ਕਾਂਗਰਸ ਵੱਲੋਂ ਬਜਟ ਸੈਸ਼ਨ ਲਈ ਰਣਨੀਤੀ 'ਤੇ ਚਰਚਾ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅੱਜ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਗੇੜ ਲਈ ਪਾਰਟੀ ਦੀ ਰਣਨੀਤੀ 'ਤੇ ਚਰਚਾ ਕੀਤੀ ਅਤੇ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਅਹਿਮ ਲੋਕ ਮਸਲੇ ਚੁੱਕਣ ਦਾ ਫ਼ੈਸਲਾ ਕੀਤਾ। ਕਾਂਗਰਸ ਸੰਸਦੀ ਰਣਨੀਤੀ ਗਰੁੱਪ ਦੀ ਮੀਟਿੰਗ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਹੋਈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਸਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਖਰਾਬ ਸਿਹਤ ਕਾਰਨ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕੇ। ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ 14 ਮਾਰਚ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ 'ਚ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ। ਅਸੀਂ ਸੈਸ਼ਨ ਦੌਰਾਨ ਲੋਕਾਂ ਦੇ ਹਿੱਤ ਨਾਲ ਜੁੜੇ ਅਹਿਮ ਮਸਲੇ ਚੁੱਕਣ ਲਈ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਾਂਗੇ।' -ਪੀਟੀਆਈ



Most Read

2024-09-22 10:34:43