World >> The Tribune


ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਹਮਲੇ ਤੇਜ਼


Link [2022-03-13 05:14:05]



ਲਵੀਵ, 12 ਮਾਰਚ

ਯੂੁਕਰੇਨ ਸਰਕਾਰ ਨੇ ਅੱਜ ਕਿਹਾ ਕਿ ਰੂਸੀ ਫੌਜਾਂ ਵੱਲੋਂ ਮਾਰਿਉਪੋਲ ਵਿੱਚ ਇੱਕ ਮਸਜਿਦ 'ਤੇ ਹਮਲਾ ਕੀਤਾ ਗਿਆ ਹੈ, ਜਿੱਥੇ ਬੱਚਿਆਂ ਸਣੇ 80 ਤੋਂ ਵੱਧ ਵਿਅਕਤੀਆਂ ਨੇ ਪਨਾਹ ਲਈ ਹੋਈ ਸੀ ਜਦਕਿ ਰਾਜਧਾਨੀ ਕੀਵ ਨੇੜੇ ਵੀ ਹਮਲੇ ਤੇਜ਼ ਹੋ ਗਏ ਹਨ। ਹਾਲਾਂਕਿ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਮਸਜਿਦ 'ਤੇ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਸਬੰਧੀ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਮਾਰਿਉਪੋਲ ਵਿੱਚ ਹਾਲਾਤ ਤਰਸਯੋਗ ਹੋ ਗਏ ਹਨ ਅਤੇ ਉੱਥੇ ਭੋਜਨ ਜਾਂ ਪਾਣੀ ਪਹੁੰਚਾਉਣ ਅਤੇ ਫਸੇ ਹੋਏ ਲੋਕਾਂ ਨੂੰ ਕੱਢ ਕੇ ਲਿਆਉਣਾ ਮੁਸ਼ਕਲ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਤੁਰਕੀ ਸਥਿਤ ਯੂਕਰੇਨੀ ਦੂਤਘਰ ਨੇ ਜਾਣਕਾਰੀ ਦਿੱਤੀ ਸੀ ਕਿ ਰੂਸ ਵੱਲੋਂ ਜਾਰੀ ਹਮਲਿਆਂ ਦੌਰਾਨ ਮਾਰਿਉਪੋਲ ਦੀ ਮਸਜਿਦ ਵਿੱਚ ਫਸੇ ਲੋਕਾਂ, ਜਿਨ੍ਹਾਂ ਵਿੱਚ ਤੁਰਕੀ ਦੇ 86 ਨਾਗਰਿਕ (36 ਬੱਚਿਆਂ ਸਣੇ) ਵੀ ਸ਼ਾਮਲ ਹਨ, ਵੱਲੋਂ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀਵ ਦੇ ਆਲੇ-ਦੁਆਲੇ ਬਹੁਤੇ ਇਲਾਕਿਆਂ 'ਚ ਲੜਾਈ ਹੋ ਰਹੀ ਹੈ। ਰੂੁਸ ਵੱਲੋਂ ਸ਼ੁੱਕਰਵਾਰ ਨੂੰ ਯੂਕਰੇਨ ਦੇ ਪੱਛਮ ਵਿੱਚ ਹਵਾਈ ਪੱਟੀਆਂ ਤੋਂ ਇਲਾਵਾ ਇੱਕ ਉਦਯੋਗਿਕ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਮਾਰਿਉਪੋਲ ਮੇਅਰ ਦਫ਼ਤਰ ਵੱਲੋਂ ਦੱਸਿਆ ਕਿ ਬੰਬਾਰੀ ਕਾਰਨ ਉੱਥੇ ਮਰੇ ਲੋਕਾਂ ਨੂੰ ਦਫਨਾਇਆ ਨਹੀਂ ਜਾ ਸਕਿਆ ਹੈ। ਮੇਅਰ ਦਫ਼ਤਰ ਮੁਤਾਬਕ ਮਾਰਿਉਪੋਲ ਵਿੱਚ 12 ਦਿਨਾਂ ਦੇ ਹਮਲਿਆਂ ਦੌਰਾਨ ਮ੍ਰਿਤਕਾਂ ਦੀ ਗਿਣਤੀ 1,500 ਤੋਂ ਵੱਧ ਹੋ ਚੁੱਕੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮਾਰਿਉਪੋਲ ਤੋਂ ਲੱਗਪਗ 489 ਕਿਲੋਮੀਟਰ ਦੂਰ ਪੱਛਮ ਵਿੱਚ ਸਥਿਤ ਸ਼ਹਿਰ ਮਾਈਕੋਲੋਵ ਵਿੱਚ ਹੋਏ ਜਬਰਦਸਤ ਹਮਲੇ ਦੌਰਾਨ ਇੱਕ ਕੈਂਸਰ ਹਸਪਤਾਲ ਅਤੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। -ਏਪੀ

ਰੂਸ ਨੇ ਯੂਕਰੇਨ ਿਵੱਚ ਹੋਰ ਸੈਨਿਕ ਭੇਜੇ:

ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਵੱਲੋਂ ਹੋਰ ਸੈਨਿਕ ਯੁੂਕਰੇਨ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕਰੇਨੀ ਬਲਾਂ ਨੇ ਮਾਰਿਉਪੋਲ ਗੋਲੀਬੰਦੀ ਲਾਂਘੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇਣ ਲਈ ਰੂਸ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਇਸੇ ਦੌਰਾਨ ਖੇਤਰੀ ਗਵਰਨਰ ਓਲੈਕਸੀ ਕੁਲੇਬਾ ਨੇ ਕਿਹਾ ਕਿ ਯੂਕਰੇਨ ਦੇ ਕੀਵ ਇਲਾਕੇ ਦੇ ਮੂਹਰਲੇ ਕਸਬਿਆਂ ਵਿੱਚੋਂ ਲੋਕਾਂ ਨੂੰ ਬਚਾਅ ਕੇ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।



Most Read

2024-09-21 03:05:35