Breaking News >> News >> The Tribune


ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ


Link [2022-03-13 05:14:03]



ਨਵੀਂ ਦਿੱਲੀ, 12 ਮਾਰਚ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਅਤੇ ਅਗਲੀ ਰਣਨੀਤੀ ਤੈਅ ਕਰਨ ਵਾਸਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਐਤਵਾਰ ਨੂੰ ਹੋਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਇੱਥੇ ਪਾਰਟੀ ਦੇ ਹੈੱਡਕੁਆਰਟਰ ਵਿਚ ਐਤਵਾਰ ਸ਼ਾਮ ਨੂੰ 4 ਵਜੇ ਹੋਣ ਵਾਲੀ ਕਾਂਗਰਸੀ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਹੱਥੋਂ ਪੰਜਾਬ ਵੀ ਚਲਾ ਗਿਆ ਹੈ ਅਤੇ ਇਸ ਤੋਂ ਇਲਾਵਾ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚੋਂ ਕਿਸੇ ਇਕ ਵਿੱਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ।

ਐਤਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਕਾਫੀ ਰੌਲਾ-ਰੱਪਾ ਪੈਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਸਮੇਂ ਵਿਚ ਹੋਈਆਂ ਪੁੱਡੂਚੇਰੀ, ਕੇਰਲ, ਅਸਾਮ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਪੁੱਡੂਚੇਰੀ ਹੱਥੋਂ ਜਾਣ ਤੋਂ ਇਲਾਵਾ ਪਾਰਟੀ ਨੂੰ ਬਾਕੀ ਸੂੁਬਿਆਂ ਵਿਚ ਵੀ ਅਸਫਲਤਾ ਮਿਲਣ ਤੋਂ ਬਾਅਦ ਜੀ-23 ਦੇ ਆਗੂਆਂ ਨੇ ਸੁਧਾਰ ਲਈ ਲੋੜੀਂਦੇ ਕਦਮ ਉਠਾਉਣ ਦਾ ਮਸ਼ਵਰਾ ਦਿੱਤਾ ਸੀ ਪਰ ਇਸ ਸਬੰਧੀ ਵਧੇਰੇ ਕੰਮ ਨਹੀਂ ਸੀ ਹੋ ਸਕਿਆ। ਪਾਰਟੀ ਵਿਚ ਜ਼ਰੂਰੀ ਬਦਲਾਅ ਕਰਨ ਦੀ ਮੰਗ ਕਰਦੇ ਆ ਰਹੇ ਜੀ-23 ਦੇ ਆਗੂਆਂ ਦੀ ਸ਼ੁੱਕਰਵਾਰ ਸ਼ਾਮ ਨੂੰ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ਵਿਖੇ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਗਲੀ ਰਣਨੀਤੀ ਉਲੀਕੀ ਗਈ। ਆਜ਼ਾਦ ਅਤੇ ਸੀਨੀਅਰ ਆਗੂ ਆਨੰਦ ਸ਼ਰਮਾ ਦੋ ਅਜਿਹੇ ਆਗੂ ਹਨ ਜੋ ਕਿ ਜੀ-23 ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਵੀ ਹਨ। ਮੁਕੁਲ ਵਾਸਨਿਕ ਨੇ ਸਮੂਹ ਵੱਲੋਂ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ।

23 ਆਗੂਆਂ ਦੇ ਇਸ ਸਮੂਹ ਨੇ ਸ਼ੁੱਕਰਵਾਰ ਨੂੰ ਮੀਟਿੰਗ ਵਿਚ ਪਾਰਟੀ ਦੀ ਹਾਰ 'ਤੇ ਹੈਰਾਨੀ ਜ਼ਾਹਿਰ ਕੀਤੀ। ਸੂਤਰਾਂ ਨੇ ਕਿਹਾ ਕਿ ਆਗੂਆਂ ਨੇ ਬਿਲਕੁਲ ਹਾਸ਼ੀਏ 'ਤੇ ਪਹੁੰਚ ਚੁੱਕੀ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲੋੜੀਂਦੇ ਕਦਮ ਨਾ ਉਠਾਏ ਜਾਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ। ਕੁਝ ਆਗੂਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਅਸਾਮ, ਪੱਛਮੀ ਬੰਗਾਲ, ਕੇਰਲ ਅਤੇ ਪੁੱਡੂਚੇਰੀ ਵਿਚ ਹੋਈ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਲਈ ਬਣਾਈ ਕਮੇਟੀ ਦੀ ਰਿਪੋਰਟ ਬਾਰੇ ਵੀ ਚਰਚਾ ਨਹੀਂ ਕੀਤੀ ਗਈ। ਚੋਣਾਂ ਵਿਚ ਹੋਈ ਪਾਰਟੀ ਦੀ ਹਾਰ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਸਪੱਸ਼ਟ ਸੀ ਕਿ ਬਦਲਾਅ ਨੂੰ ਟਾਲਿਆ ਨਹੀਂ ਜਾ ਸਕਦਾ। ਸ੍ਰੀ ਥਰੂਰ ਵੀ ਜੀ-23 ਦੇ ਆਗੂਆਂ ਵਿਚ ਸ਼ਾਮਲ ਹਨ। ਉਨ੍ਹਾਂ ਟਵੀਟ ਕੀਤਾ ਸੀ, ''ਕਾਂਗਰਸ ਵਿਚ ਵਿਸ਼ਵਾਸ ਰੱਖਣ ਵਾਲੇ ਅਸੀਂ ਸਾਰੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਨਿਰਾਸ਼ ਹੋਏ ਹਨ। ਇਹ ਸਮਾਂ ਭਾਰਤ ਦੀ ਵਿਚਾਰਧਾਰਾ ਨੂੰ ਮੁੜ ਸਪੱਸ਼ਟ ਕਰਨ ਦਾ ਹੈ ਜਿਸ ਲਈ ਕਾਂਗਰਸ ਪਾਰਟੀ ਖੜ੍ਹੀ ਕੀਤੀ ਗਈ ਸੀ ਅਤੇ ਲੋੜ ਹੈ ਕਿ ਪਾਰਟੀ ਦੇਸ਼ ਲਈ ਇਕ ਸਕਾਰਾਤਮਕ ਏਜੰਡਾ ਲੈ ਕੇ ਆਵੇ। ਇਕ ਗੱਲ ਸਪੱਸ਼ਟ ਹੈ ਕਿ ਜੇਕਰ ਸਾਨੂੰ ਸਫ਼ਲਤਾ ਚਾਹੀਦੀ ਹੈ ਤਾਂ ਬਦਲਾਅ ਨੂੰ ਟਾਲਿਆ ਨਹੀਂ ਜਾ ਸਕਦਾ।'' ਇਸ ਦੌਰਾਨ ਕਾਂਗਰਸ ਦੇ ਸੂਤਰਾਂ ਨੇ ਪਾਰਟੀ ਨੂੰ ਮਿਲੀ ਹਾਰ ਬਾਅਦ ਗਾਂਧੀ ਪਰਿਵਾਰ ਦੇ ਮੈਂਬਰਾਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਦੀ ਚਰਚਾ ਨੂੰ ਰੱਦ ਕਰ ਦਿੱਤਾ ਹੈ। -ਪੀਟੀਆਈ



Most Read

2024-09-22 01:01:35