ਨਵੀਂ ਦਿੱਲੀ, 12 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਨੂੰ ਰਫ਼ਤਾਰ ਦੇਣ ਲਈ ਆਮ ਆਦਮੀ ਪਾਰਟੀ ਨੇ ਦੱਖਣੀ ਸੂਬਿਆਂ ਵਿਚ ਵੱਡੇ ਪੱਧਰ 'ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਪਾਰਟੀ ਦੇ ਸੀਨੀਅਰ ਆਗੂ ਸੋਮਨਾਥ ਭਾਰਤੀ ਨੇ ਕਿਹਾ ਕਿ 'ਆਪ' ਤਿਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਪੁੱਡੂਚੇਰੀ, ਅੰਡੇਮਾਨ-ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ ਵਿਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਮਿਲੀ ਧਮਾਕੇਦਾਰ ਜਿੱਤ ਤੋਂ ਬਾਅਦ ਦੱਖਣੀ ਰਾਜਾਂ ਦੇ ਲੋਕਾਂ ਨੇ ਸਾਡੀ ਪਾਰਟੀ ਪ੍ਰਤੀ ਰੁਚੀ ਦਿਖਾਈ ਹੈ। ਸਾਨੂੰ ਦੱਖਣੀ ਭਾਰਤ ਤੋਂ ਬੇਮਿਸਾਲ ਪ੍ਰਤੀਕਿਰਿਆ ਮਿਲੀ ਹੈ।''
ਉਨ੍ਹਾਂ ਕਿਹਾ, ''ਲੋਕਾਂ ਦੇ ਰੁਖ਼ ਨੂੰ ਦੇਖਦੇ ਹੋੲੇ ਅਤੇ ਦੱਖਣੀ ਸੂਬਿਆਂ ਵਿਚ ਸਾਡੀ ਟੀਮ ਨੂੰ ਮਿਲ ਰਹੀ ਪ੍ਰਤੀਕਿਰਿਆ 'ਤੇ ਗੌਰ ਕਰਦੇ ਹੋਏ ਅਸੀਂ ਪੂਰੇ ਖੇਤਰ ਵਿਚ ਮੈਂਬਰਸ਼ਿਪ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਹੈ।'' ਭਾਰਤੀ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਪਾਰਟੀ ਦੀਆਂ ਸਥਾਨਕ ਟੀਮਾਂ ਵੱਲੋਂ ਅੱਗੇ ਵਧਾਈ ਜਾਵੇਗੀ। ਉਨ੍ਹਾਂ ਕਿਹਾ, ''ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਲੋਕ ਭਾਰਤ ਦੀ ਸਿਆਸਤ ਵਿਚ ਬਦਲਾਅ ਚਾਹੁੰਦੇ ਹਨ ਉਹ 'ਆਪ' ਨਾਲ ਜੁੜਨ ਅਤੇ ਕ੍ਰਾਂਤੀ ਦਾ ਹਿੱਸਾ ਬਣਨ।'' ਉਨ੍ਹਾਂ ਕਿਹਾ, ''ਪਾਰਟੀ ਨੇ ਦੱਖਣੀ ਸੂਬਿਆਂ ਵਿਚ ਪੜਾਅਵਾਰ ਢੰਗ ਨਾਲ ਪੈਦਲ ਯਾਤਰਾ ਕੱਢਣ ਦਾ ਫੈਸਲਾ ਵੀ ਲਿਆ ਹੈ। 14 ਅਪਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮੌਕੇ ਪਹਿਲੀ ਪੈਦਲ ਯਾਤਰਾ ਤਿਲੰਗਾਨਾ ਤੋਂ ਸ਼ੁਰੂ ਹੋਵੇਗੀ।'' -ਪੀਟੀਆਈ
2024-11-11 16:27:57