Breaking News >> News >> The Tribune


ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੀ ਮੀਟਿੰਗ ਬੇਸਿੱਟਾ


Link [2022-03-13 05:14:03]



ਨਵੀਂ ਦਿੱਲੀ (ਟਨਸ): ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਸਬੰਧੀ ਬਾਕੀ ਰਹਿੰਦੇ ਮੁੱਦਿਆਂ ਦੇ ਹੱਲ ਲਈ ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਾਲੇ ਲੰਘੀ ਰਾਤ ਹੋਈ ਮੀਟਿੰਗ ਬੇਨਤੀਜਾ ਰਹੀ। ਜ਼ਿਕਰਯੋਗ ਹੈ ਕਿ ਅਪਰੈਲ 2020 ਤੋਂ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਅਸਲ ਕੰਟਰੋਲ ਰੇਖਾ 'ਤੇ ਦੋਵੇਂ ਪਾਸੇ ਵੱਡੀ ਗਿਣਤੀ ਜਵਾਨਾਂ, ਟੈਂਕਾਂ ਅਤੇ ਮਿਜ਼ਾਈਲਾਂ ਆਦਿ ਦੀ ਤਾਇਨਾਤੀ ਕੀਤੀ ਹੋਈ ਹੈ। ਹੁਣ ਤੱਕ ਦੀ ਗੱਲਬਾਤ ਤੋਂ ਬਾਅਦ ਵੀ ਅਸਲ ਕੰਟਰੋਲ ਰੇਖਾ 'ਤੇ ਅਪਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲੀ ਦੇ ਕੋਈ ਸੰਕੇਤ ਨਹੀਂ ਹਨ। ਦੋਵੇਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਵਿਚਾਲੇ ਹੋਈ ਇਹ ਮੀਟਿੰਗ ਲੰਘੀ ਦੇਰ ਰਾਤ ਖ਼ਤਮ ਹੋਈ। ਇਹ ਗੱਲਬਾਤ ਦਾ 15ਵਾਂ ਗੇੜ ਸੀ। ਦੋਹਾਂ ਧਿਰਾਂ ਨੇ ਪੱਛਮੀ ਖੇਤਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ 12 ਜਨਵਰੀ ਨੂੰ ਹੋਏ ਗੱਲਬਾਤ ਦੇ ਪਿਛਲੇ ਗੇੜ ਤੋਂ ਗੱਲ ਅੱਗੇ ਤੋਰੀ। ਬਿਆਨ ਵਿਚ ਦੱਸਿਆ ਗਿਆ, ''ਇਸ ਦੌਰਾਨ ਬਾਕੀ ਰਹਿੰਦੇ ਮੁੱਦਿਆਂ ਦਾ ਜਲਦੀ ਤੋਂ ਜਲਦੀ ਫ਼ੌਜੀ ਤੇ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੱਢਣ ਦੀ ਹਾਮੀ ਭਰੀ ਗਈ ਜੋ ਕਿ ਦੋਵੇਂ ਦੇਸ਼ਾਂ ਨੂੰ ਮਨਜ਼ੂਰ ਹੋਵੇ। ਇਸ ਤੋਂ ਸੰਕੇਤ ਮਿਲਦੇ ਹਨ ਕਿ ਅਜੇ ਗੱਲਬਾਤ ਦੇ ਹੋਰ ਗੇੜਾਂ ਦੀ ਲੋੜ ਹੈ।'' ਬਿਆਨ ਵਿਚ ਕਿਹਾ ਗਿਆ, ''ਫ਼ੌਜੀ ਕਮਾਂਡਰਾਂ ਨੇ ਦੁਹਰਾਇਆ ਕਿ ਅਜਿਹੇ ਹੱਲ ਨਾਲ ਪੱਛਮੀ ਖੇਤਰ ਵਿਚ ਅਮਨ-ਸ਼ਾਂਤੀ ਬਹਾਲ ਕਰਨ ਅਤੇ ਦੁਵੱਲੇ ਸਬੰਧਾਂ ਵਿਚ ਵਾਧਾ ਕਰਨ 'ਚ ਮਦਦ ਮਿਲੇਗੀ।'' ਇਹ ਮੀਟਿੰਗ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ 'ਤੇ ਭਾਰਤ-ਮੋਲਦੋ ਪੁਆਇੰਟ ਵਿਖੇ ਭਾਰਤ ਵਾਲੇ ਪਾਸੇ ਚੁਸ਼ੁਲ ਵਿਚ ਸਵੇਰੇ 10 ਵਜੇ ਸ਼ੁਰੂ ਹੋਈ ਸੀ ਜੋ ਕਿ ਕਰੀਬ 13 ਘੰਟੇ ਚੱਲੀ। ਇਸ ਦੌਰਾਨ ਭਾਰਤ ਵੱਲੋਂ ਬਾਕੀ ਰਹਿੰਦੇ ਟਕਰਾਅ ਵਾਲੇ ਪੁਆਇੰਟਾਂ ਤੋਂ ਜਵਾਨਾਂ ਨੂੰ ਪਿੱਛੇ ਹਟਾਉਣ ਅਤੇ ਬਾਕੀ ਰਹਿੰਦੇ ਮੁੱਦਿਆਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਦੋਵੇਂ ਮੁਲਕਾਂ ਦੇ ਫ਼ੌਜੀ ਕਮਾਂਡਰਾਂ ਵੱਲੋਂ ਪੈਟਰੋਲਿੰਗ ਪੁਆਇੰਟ ਪੀਪੀ-15 ਜਿਸ ਨੂੰ ਹੌਟ ਸਪਰਿੰਗਜ਼ ਵਜੋਂ ਵੀ ਜਾਣਿਆ ਜਾਂਦਾ ਹੈ, ਤੋਂ ਸੈਨਿਕ ਹਟਾਉਣ ਬਾਰੇ ਚਰਚਾ ਕੀਤੀ ਗਈ।



Most Read

2024-09-22 02:02:55