World >> The Tribune


ਤਕਨੀਕੀ ਖਾਮੀ ਕਾਰਨ ਭਾਰਤੀ ਮਿਜ਼ਾਈਲ ਪਾਕਿਸਤਾਨ ’ਚ ਡਿੱਗੀ


Link [2022-03-12 16:20:54]



ਇਸਲਾਮਾਬਾਦ/ਨਵੀਂ ਦਿੱਲੀ, 11 ਮਾਰਚ

ਭਾਰਤੀ ਇਲਾਕੇ 'ਚੋਂ ਆਈ ਮਿਜ਼ਾਈਲ ਕਾਰਨ ਪਾਕਿਸਤਾਨੀ ਹਵਾਈ ਖੇਤਰ ਦੀ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਕਥਿਤ ਉਲੰਘਣਾ 'ਤੇ ਅੱਜ ਪਾਕਿਸਤਾਨ ਨੇ ਭਾਰਤੀ ਕੂਟਨੀਤਕ ਨੂੰ ਤਲਬ ਕਰਕੇ ਤਿੱਖਾ ਰੋਸ ਜਤਾਇਆ। ਪਾਕਿਸਤਾਨ ਨੇ ਇਸ ਮਾਮਲੇ ਦੀ ਮੁਕੰਮਲ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਉਧਰ ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਤਕਨੀਕੀ ਖਾਮੀ ਕਾਰਨ 9 ਮਾਰਚ ਨੂੰ ਅਚਾਨਕ ਮਿਜ਼ਾਈਲ ਚੱਲਣ ਦੀ ਘਟਨਾ ਬੜੀ ਅਫ਼ਸੋਸਨਾਕ ਹੈ। ਉਨ੍ਹਾਂ ਇਸ ਘਟਨਾ ਦੀ ਉੱਚ ਪੱਧਰੀ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਹਨ।

ਭਾਰਤੀ ਕੂਟਨੀਤਕ ਨੂੰ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਤਲਬ ਕਰਕੇ ਸੂਰਤਗੜ੍ਹ ਤੋਂ 9 ਮਾਰਚ ਨੂੰ ਸ਼ਾਮ 6.45 ਵਜੇ ਦਾਗ਼ੀ ਗਈ ਮਿਜ਼ਾਈਲ ਦੀ ਜਾਣਕਾਰੀ ਦਿੱਤੀ ਜੋ ਲਹਿੰਦੇ ਪੰਜਾਬ ਦੇ ਮੀਆਂ ਛੰਨੂ ਸ਼ਹਿਰ ਨੇੜੇ ਡਿੱਗੀ। ਪਾਕਿਸਤਾਨ ਮੁਤਾਬਕ ਮਿਜ਼ਾਈਲ ਡਿੱਗਣ ਕਾਰਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਇਸਲਾਮਾਬਾਦ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਘਟਨਾ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਪੱਸ਼ਟੀਕਰਨ ਮਗਰੋਂ ਅਗਲਾ ਕਦਮ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਘਟਨਾ ਦੀ ਜਾਣਕਾਰੀ ਪੀ-5 ਮੁਲਕਾਂ (ਚੀਨ, ਫਰਾਂਸ, ਰੂਸ, ਯੂਕੇ ਅਤੇ ਅਮਰੀਕਾ) ਦੇ ਸਫ਼ੀਰਾਂ ਨੂੰ ਦਿੱਤੀ ਜਾਵੇਗੀ। ਏਅਰ ਵਾਈਸ ਮਾਰਸ਼ਲ ਤਾਰਿਕ ਜ਼ਿਆ ਨੇ ਕਿਹਾ ਕਿ ਜਦੋਂ ਮਿਜ਼ਾਈਲ ਦਾ ਪਤਾ ਲੱਗਾ ਤਾਂ ਉਸ ਸਮੇਂ ਹਵਾਈ ਰੂਟ 'ਤੇ ਕਈ ਉਡਾਣਾਂ ਚੱਲ ਰਹੀਆਂ ਸਨ ਅਤੇ ਇਸ ਨਾਲ ਜਹਾਜ਼ਾਂ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਸੀ।

ਉਧਰ ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। -ਪੀਟੀਆਈ

ਚੀਨ ਦੇ ਬਣੇ ਜੈੱਟ ਪਾਕਿਸਤਾਨੀ ਹਵਾਈ ਸੈਨਾ 'ਚ ਸ਼ਾਮਲ

ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਚੀਨ ਦੇ ਬਣੇ ਜੇ-10ਸੀ ਬਹੁ-ਮੰਤਵੀ ਲੜਾਕੂ ਜੈੱਟਾਂ ਨੂੰ ਹਵਾਈ ਸੈਨਾ 'ਚ ਸ਼ਾਮਲ ਕਰ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਟਕ ਜ਼ਿਲ੍ਹੇ ਦੇ ਮਿਨਹਾਸ ਕਾਮਰਾ ਬੇਸ 'ਚ ਨਵੇਂ ਲੜਾਕੂ ਜੈੱਟਾਂ ਨੂੰ ਸ਼ਾਮਲ ਕੀਤਾ। ਇਮਰਾਨ ਨੇ ਭਾਰਤ ਵੱਲੋਂ ਫਰਾਂਸ ਤੋਂ ਖ਼ਰੀਦੇ ਗਏ ਰਾਫ਼ਾਲ ਜੈੱਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖ਼ਿੱਤੇ 'ਚ ਅੰਸਤੁਲਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਬਰਾਬਰੀ ਲਈ ਮੁਲਕ ਦੀ ਰੱਖਿਆ ਪ੍ਰਣਾਲੀ 'ਚ ਇਹ ਜੈੱਟ ਸ਼ਾਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਕਰੀਬ 40 ਸਾਲਾਂ ਮਗਰੋਂ ਇਹ ਦਿਹਾੜਾ ਆਇਆ ਹੈ। ਭਾਰਤ 'ਤੇ ਅਸਿੱਧੇ ਸ਼ਬਦਾਂ 'ਚ ਹਮਲਾ ਕਰਦਿਆਂ ਇਮਰਾਨ ਨੇ ਕਿਹਾ ਕਿ ਕੋਈ ਵੀ ਮੁਲਕ ਹੁਣ ਪਾਕਿਸਤਾਨ ਖ਼ਿਲਾਫ਼ ਕੈਰੀ ਨਜ਼ਰ ਨਾਲ ਦੇਖਣ ਤੋਂ ਪਹਿਲਾਂ ਦੋ ਵਾਰ ਸੋਚੇਗਾ। -ਪੀਟੀਆਈ



Most Read

2024-09-21 03:05:01