World >> The Tribune


ਰੂਸ ਵੱਲੋਂ ਯੂਕਰੇਨ ਦੇ ਪੱਛਮੀ ਸ਼ਹਿਰਾਂ ’ਤੇ ਹਵਾਈ ਹਮਲੇ


Link [2022-03-12 16:20:54]



ਮਾਰਿਉਪੋਲ (ਯੂਕਰੇਨ), 11 ਮਾਰਚ

ਰੂਸ ਨੇ ਅੱਜ ਯੂਕਰੇਨ ਦੇ ਪੱਛਮੀ ਸ਼ਹਿਰਾਂ ਇਵਾਨੋ-ਫਰੈਂਕਿਵਸਕ ਅਤੇ ਲੁਤਸਕ ਵਿੱਚ ਹਵਾਈ ਅੱਡਿਆਂ ਨੇੜੇ ਹਮਲੇ ਕੀਤੇ ਹਨ। ਇਹ ਦੋਵੇਂ ਸ਼ਹਿਰ ਹਾਲੇ ਤੱਕ ਰੂਸ ਦਾ ਨਿਸ਼ਾਨਾ ਰਹੇ ਮੁੱਖ ਸ਼ਹਿਰਾਂ ਤੋਂ ਕਾਫੀ ਦੂਰ ਹਨ ਅਤੇ ਇਨ੍ਹਾਂ ਸ਼ਹਿਰਾਂ 'ਤੇ ਹਮਲੇ ਤੋਂ ਜੰਗ ਦੇ ਨਵੀਂ ਦਿਸ਼ਾ ਵੱਲ ਵਧਣ ਦੇ ਸੰਕੇਤ ਮਿਲਦੇ ਹਨ।

ਇਵਾਨੋ-ਫਰੈਂਕਿਵਸਕ ਦੇ ਮੇਅਰ ਰਸਲਨ ਮਾਰਟਸਿੰਕੀਵ ਨੇ ਹਵਾਈ ਹਮਲੇ ਸਬੰਧੀ ਚਿਤਾਵਨੀ ਜਾਰੀ ਹੋਣ ਮਗਰੋਂ ਸਥਾਨਕ ਲੋਕਾਂ ਨੂੰ ਸ਼ਰਨ ਲੈਣ ਲਈ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਹਨ। ਲੁਤਸਕ ਦੇ ਮੇਅਰ ਨੇ ਵੀ ਹਵਾਈ ਅੱਡੇ ਨੇੜੇ ਹਵਾਈ ਹਮਲੇ ਹੋਣ ਦੀ ਜਾਣਕਾਰੀ ਦਿੱਤੀ ਹੈ। ਹਾਲੇ ਤੱਕ ਹਮਲਿਆਂ ਕਾਰਨ ਕਿਸੇ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਨਹੀਂ ਮਿਲੀ ਹੈ।

ਇਸੇ ਦੌਰਾਨ ਉਪਗ੍ਰਹਿ ਵੱਲੋਂ ਲਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰ ਇੱਕ ਵੱਡਾ ਕਾਫਲਾ ਦਿਖਾਈ ਦੇ ਰਿਹਾ ਹੈ ਅਤੇ ਕੀਵ ਨੇੜਲੇ ਕਸਬਿਆਂ ਅਤੇ ਜੰਗਲਾਂ ਵਿੱਚ ਤਾਇਨਾਤ ਸੈਨਿਕਾਂ ਵੱਲੋਂ ਗੋਲੀਬਾਰੀ ਨਾਲ ਸਥਿਤੀ ਹੋਰ ਬਦਤਰ ਹੋਣ ਦੇ ਸੰਕੇਤ ਹੋਣ ਮਿਲੇ ਹਨ।

ਇਹ ਤਸਵੀਰਾਂ ਰੂਸ ਨੂੰ ਦੁਨੀਆ ਤੋਂ ਵੱਖ ਕਰਨ ਅਤੇ ਪਾਬੰਦੀਆਂ ਲਾਉਣ ਦੀਆਂ, ਖਾਸਕਰ ਬੰਦਰਗਾਹੀ ਸ਼ਹਿਰ ਮਾਰਿਉਪੋਲ 'ਚ ਇੱਕ ਹਸਪਤਾਲ 'ਤੇ ਹਮਲੇ ਤੋਂ ਬਾਅਦ ਕੌਮਾਂਤਰੀ ਕੋਸ਼ਿਸ਼ਾਂ ਦੇ ਦੌਰਾਨ ਸਾਹਮਣੇ ਆਈਆਂ ਹਨ। ਪੱਛਮੀ ਅਤੇ ਯੂਕਰੇਨੀ ਅਧਿਕਾਰੀਆਂ ਨੇ ਇਸ ਨੂੰ ਇੱਕ ਜੰਗੀ ਅਪਰਾਧ ਕਰਾਰ ਦਿੱਤਾ ਹੈ।

ਯੂੁਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸਚੇਂਕੋ ਮੁਤਾਬਕ ਸ਼ੁੱਕਰਵਾਰ ਨੂੰ ਪੂਰਬੀ ਉਦਯੋਗਿਕ ਸ਼ਹਿਰ ਦਨਿਪਰੋ ਵਿੱਚ ਅੱਜ ਰੂਸ ਵੱਲੋਂ ਕੀਤੇ ਤਿੰਨ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸੇ ਦੌਰਾਨ ਯੂਕਰੇਨ ਦੀਆਂ ਹਥਿਆਰਬੰਦ ਸੈਨਾਵਾਂ ਦੇ ਜਨਰਲ ਸਟਾਫ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਰੂਸੀ ਫ਼ੌਜਾਂ ਉੱਤਰ-ਪੱਛਮ ਅਤੇ ਪੂਰਬ ਤੋਂ ਕੀਵ ਵਧ ਰਹੀਆਂ ਸਨ ਪਰ ਯੂਕਰੇਨੀ ਸੈਨਿਕਾਂ ਵੱਲੋਂ ਬਕਲਾਨੋਵਾ ਮੁਰਾਵਿਕਾ ਦਾ ਕੰਟਰਲ ਦੁਬਾਰਾ ਹਾਸਲ ਕਰ ਲੈਣ ਨਾਲ ਚਰਨੀਵ ਤੋਂ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਗਿਆ।

ਇਸੇ ਦੌਰਾਨ ਵੋਲਿਨ ਖੇਤਰ ਦੇ ਹੈੱਡ ਯੂਰੀ ਪੋਹਲੁਯਾਕੋ ਮੁਤਾਬਕ ਲੁਤਸਕ ਹਵਾਈ ਖੇਤਰ ਵਿੱਚ ਹਮਲਿਆਂ ਦੌਰਾਨ ਦੋ ਯੂਕਰੇਨੀ ਸਰਵਿਸਮੈਨ ਮਾਰੇ ਗਏ ਹਨ ਅਤੇ 6 ਜਣੇ ਜ਼ਖ਼ਮੀ ਹੋੲੇ ਹੋਏ। ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸ ਨੇ ਲੰਮੀ ਦੂਰੀ 'ਤੇ ਸਟੀਕ ਨਿਸ਼ਾਨਾ ਲਾਉਣ ਵਾਲੇ ਹਥਿਆਰਾਂ ਨਾਲ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਉਨ੍ਹਾਂ ਨੇ ਤਫ਼ਸੀਲ 'ਚ ਵੇਰਵੇ ਨਹੀਂ ਦਿੱਤੇ। -ਏਪੀ

ਰੂਸ ਨੇ ਯੂਕਰੇਨ 'ਤੇ 328 ਕਰੂਜ਼ ਮਿਜ਼ਾਈਲਾਂ ਦਾਗੀਆਂ: ਫੌਜ ਮੁਖੀ

ਲਵੀਵ: ਯੂਕਰੇਨ ਦੀਆਂ ਫ਼ੌਜਾਂ ਦੇ ਕਮਾਂਡਰ-ਇਨ ਚੀਫ ਜਨਰਲ ਵੈਲੇਰੀ ਜ਼ਲੂਜ਼ਨੀ ਨੇ ਅੱਜ ਆਨਲਾਈਨ ਪੋਸਟ 'ਚ ਦੱਸਿਆ ਕਿ ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ 24 ਫਰਵਰੀ ਤੋਂ ਲੈ ਕੇ ਹੁਣ ਤੱਕ 328 ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਹਨ। -ਰਾਇਟਰਜ਼



Most Read

2024-09-21 03:12:57