World >> The Tribune


ਰੂਸ ਵੱਲੋਂ ਯੂਕਰੇਨ ਦੇ ਹਸਪਤਾਲਾਂ ’ਤੇ ਹਵਾਈ ਹਮਲੇ, ਕਈ ਮੌਤਾਂ


Link [2022-03-12 16:20:54]



ਮਾਰਿਉਪੋਲ, 10 ਮਾਰਚ

ਯੂਕਰੇਨ ਦੇ ਸ਼ਹਿਰ ਮਾਰਿਉਪੋਲ ਦੇ ਇਕ ਹਸਪਤਾਲ ਉਤੇ ਹੋਏ ਰੂਸੀ ਹਵਾਈ ਹਮਲੇ ਵਿਚ ਤਿੰਨ ਜਣੇ ਮਾਰੇ ਗਏ ਹਨ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਇਸ ਹਮਲੇ ਵਿਚ 17 ਜਣੇ ਜ਼ਖ਼ਮੀ ਵੀ ਹੋਏ ਹਨ। ਸ਼ਹਿਰ ਦੀ ਕੌਂਸਲ ਨੇ ਦੱਸਿਆ ਕਿ ਹਮਲੇ ਵਿਚ ਗਰਭਵਤੀ ਔਰਤਾਂ ਵੀ ਫੱਟੜ ਹੋਈਆਂ ਹਨ। ਇਸ ਤੋਂ ਇਲਾਵਾ ਡਾਕਟਰ ਵੀ ਜ਼ਖ਼ਮੀ ਹੋਏ ਹਨ ਤੇ ਲੋਕ ਮਲਬੇ ਹੇਠ ਦੱਬੇ ਗਏ ਹਨ। ਦੋ ਹੋਰ ਹਸਪਤਾਲਾਂ ਉਤੇ ਵੀ ਬੰਬ ਡਿਗੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਰੂਸੀ ਹਮਲੇ ਮਗਰੋਂ ਹੁਣ ਤੱਕ ਹਸਪਤਾਲਾਂ ਉਤੇ 18 ਹੱਲੇ ਹੋ ਚੁੱਕੇ ਹਨ। ਇਸੇ ਦੌਰਾਨ ਤੁਰਕੀ ਦੋਵਾਂ ਮੁਲਕਾਂ ਦਰਮਿਆਨ ਵਾਰਤਾ ਦੀ ਮੇਜ਼ਬਾਨੀ ਕਰ ਰਿਹਾ ਹੈ। ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਦਰਮਿਆਨ ਹੋ ਰਹੀ ਗੱਲਬਾਤ ਦਾ ਚੰਗਾ ਸਿੱਟਾ ਨਿਕਲੇਗਾ ਤੇ ਇਹ ਪੱਕੇ ਤੌਰ ਉਤੇ ਗੋਲੀਬੰਦੀ ਦਾ ਰਾਹ ਖੋਲ੍ਹੇਗੀ। ਪਰ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾ ਉਮੀਦ ਨਹੀਂ ਹੈ। ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਤੋਂ ਪਹਿਲਾਂ ਕੀਵ ਦੇ ਪੱਛਮੀ ਸਿਰੇ 'ਤੇ ਜ਼ੋਰਦਾਰ ਗੋਲੀਬਾਰੀ ਸੁਣੀ ਗਈ। ਯੂਕਰੇਨ ਮੁਤਾਬਕ ਰੂਸ ਫ਼ੌਜੀ ਟਿਕਾਣਿਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ।

ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਾਰਿਉਪੋਲ ਵਿਚ ਹੋਏ ਹਮਲਿਆਂ ਨਾਲ ਬੱਚੇ ਤੇ ਹੋਰ ਮਲਬੇ ਹੇਠ ਦੱਬੇ ਗਏ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕੀਤਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ 'ਇਸ ਬੇਰਹਿਮ ਅਪਰਾਧ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।' ਡਬਲਿਊਐਚਓ ਦਾ ਕਹਿਣਾ ਹੈ ਕਿ 10 ਲੋਕ ਮਾਰੇ ਗਏ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਰੂਸ ਦੀ ਨਿਖੇਧੀ ਕੀਤੀ ਹੈ।

ਜ਼ੇਲੈਂਸਕੀ ਨੇ ਕਿਹਾ ਕਿ ਬੁੱਧਵਾਰ ਤਿੰਨ ਮਨੁੱਖੀ ਲਾਂਘੇ ਲੋਕਾਂ ਨੂੰ ਸੁਰੱਖਿਅਤ ਜਾਣ ਦੇਣ ਲਈ ਬਣਾਏ ਗਏ ਸਨ। ਇਹ ਸੂਮੀ ਤੇ ਕੀਵ ਵਿਚ ਸਨ। ਹੁਣ ਤੱਕ 20 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ ਤੇ ਰੈੱਡ ਕਰਾਸ ਨੇ ਮਨੁੱਖੀ ਲਾਂਘੇ ਹੋਰ ਬਿਹਤਰ ਕਰਨ ਦੀ ਮੰਗ ਕੀਤੀ ਹੈ। -ਏਪੀ

ਅਮਰੀਕਾ ਵੱਲੋਂ ਰੂਸ ਤੋਂ ਤੇਲ ਦਰਾਮਦ ਕਰਨ 'ਤੇ ਪਾਬੰਦੀ ਵਾਲਾ ਕਾਨੂੰਨ ਪਾਸ

ਵਾਸ਼ਿੰਗਟਨ: ਅਮਰੀਕਾ ਨੇ ਰੂਸ ਤੋਂ ਤੇਲ ਦਰਾਮਦ ਕਰਨ ਉਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਪਾਸ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਰੂਸ ਉਤੇ ਲਗਾਤਾਰ ਪਾਬੰਦੀਆਂ ਲਾ ਰਹੇ ਹਨ। ਵਿਸ਼ਵ ਵਪਾਰ ਸੰਗਠਨ ਵਿਚ ਰੂਸ ਦੇ ਦਰਜੇ ਦੀ ਵੀ ਸਮੀਖਿਆ ਕੀਤੀ ਜਾਵੇਗੀ। ਅਮਰੀਕਾ ਹਾਲਾਂਕਿ ਰੂਸ ਤੋਂ ਜ਼ਿਆਦਾ ਤੇਲ ਦਰਾਮਦ ਨਹੀਂ ਕਰਦਾ ਹੈ। -ਏਪੀ

ਅਮਰੀਕੀ ਸਦਨ ਵੱਲੋਂ ਯੂਕਰੇਨ ਲਈ 13 ਅਰਬ ਡਾਲਰ ਤੋਂ ਵੱਧ ਦਾ ਬਿੱਲ ਪਾਸ

ਵਾਸ਼ਿੰਗਟਨ: ਅਮਰੀਕਾ ਦੇ ਹੇਠਲੇ ਸਦਨ ਨੇ ਜੰਗ ਦਾ ਸ਼ਿਕਾਰ ਯੂਕਰੇਨ ਤੇ ਆਪਣੇ ਯੂਰੋਪੀ ਸਹਿਯੋਗੀਆਂ ਦੀ ਮਦਦ ਲਈ 13.6 ਅਰਬ ਡਾਲਰ ਦਾ ਬਿੱਲ ਪਾਸ ਕਰ ਦਿੱਤਾ ਹੈ। ਯੂਕਰੇਨ ਨੂੰ ਭੇਜੀ ਜਾਣ ਵਾਲੀ ਮਦਦ ਵਿਚ 6.5 ਅਰਬ ਡਾਲਰ ਫ਼ੌਜੀ ਗਤੀਵਿਧੀ ਤੇ ਹਥਿਆਰਾਂ ਲਈ ਹਨ। ਜਦਕਿ ਬਾਕੀ 6.8 ਅਰਬ ਡਾਲਰ ਸ਼ਰਨਾਰਥੀਆਂ ਦੀ ਸਾਂਭ-ਸੰਭਾਲ ਤੇ ਸਾਥੀ ਮੁਲਕਾਂ ਦੀ ਆਰਥਿਕ ਮਦਦ ਲਈ ਰੱਖੇ ਗਏ ਹਨ। ਬਾਇਡਨ ਨੇ ਯੂਕਰੇਨ ਲਈ ਸਦਨ ਤੋਂ 10 ਅਰਬ ਡਾਲਰ ਮੰਗੇ ਸਨ। ਸਪੀਕਰ ਨੈਂਸੀ ਪੇਲੋਸੀ ਨੇ ਵੀ ਬੁੱਧਵਾਰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੋਨ 'ਤੇ ਰਾਬਤਾ ਕੀਤਾ ਸੀ। ਪੇਲੋਸੀ ਨੇ ਪੂਤਿਨ ਦੀ ਕਰੜੀ ਨਿਖੇਧੀ ਕੀਤੀ ਸੀ। -ਏਪੀ



Most Read

2024-09-21 03:12:35