World >> The Tribune


ਰੂਸ-ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮਿਲਣੀ ਅੱਜ ਹੋਣ ਦੀ ਸੰਭਾਵਨਾ


Link [2022-03-12 16:20:54]



ਲੰਡਨ, 9 ਮਾਰਚ

ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਭਲਕੇ ਤੁਰਕੀ ਵਿਚ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਤੁਰਕੀ ਦੇ ਐਂਟਾਲਿਆ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਇਕ ਬਹੁਪੱਖੀ ਕਾਨਫਰੰਸ ਲਈ ਮਿਲ ਸਕਦੇ ਹਨ। ਇਸ ਬਾਰੇ ਜਾਣਕਾਰੀ ਰੂਸੀ ਰੇਡੀਓ ਸਪੂਤਨਿਕ ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ ਹੈ।

ਦਮਿਤਰੀ ਕੁਲੇਬਾ

ਤੀਜੀ ਧਿਰ ਵਜੋਂ ਮੀਟਿੰਗ ਵਿਚ ਤੁਰਕੀ ਦੇ ਵਿਦੇਸ਼ ਮੰਤਰੀ ਹਾਜ਼ਰ ਹੋਣਗੇ। ਰੂਸ-ਯੂਕਰੇਨ ਵਿਚਾਲੇ ਟਕਰਾਅ ਟਾਲਣ ਲਈ ਇਸ ਸ਼ਾਂਤੀ ਵਾਰਤਾ ਦੀ ਪਹਿਲ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੇ ਵਰਤਮਾਨ ਪੱਧਰ ਦੇ ਮੱਦੇਨਜ਼ਰ ਵਿਦੇਸ਼ ਮੰਤਰੀਆਂ ਦੀ ਇਸ ਮਿਲਣੀ ਬਾਰੇ ਕਈ ਖ਼ਦਸ਼ੇ ਵੀ ਹਨ। ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੱਲੋਂ ਜ਼ੁਬਾਨੀ ਤੌਰ 'ਤੇ ਇਹ ਕਹਿਣ ਕਿ ਉਹ ਨਾਟੋ ਵਿਚ ਸ਼ਾਮਲ ਨਹੀਂ ਹੋਣਗੇ, ਨਾਲ ਮਸਲੇ ਦਾ ਹੱਲ ਨਿਕਲਣ ਦੀ ਕੁਝ ਆਸ ਜ਼ਰੂਰ ਬੱਝੀ ਹੈ। ਦੱਸਣਯੋਗ ਹੈ ਕਿ ਰੂਸ ਨੂੰ ਮੁੱਖ ਤੌਰ 'ਤੇ ਯੂਕਰੇਨ ਦੇ ਨਾਟੋ ਵਿਚ ਸ਼ਾਮਲ ਹੋਣ 'ਤੇ ਹੀ ਇਤਰਾਜ਼ ਹੈ। ਜ਼ੇਲੈਂਸਕੀ ਨੇ ਅਮਰੀਕੀ ਟੀਵੀ ਸੇਵਾ 'ਏਬੀਸੀ ਨਿਊਜ਼' ਨੂੰ ਇਕ ਇੰਟਰਵਿਊ ਵਿਚ ਕਿਹਾ, 'ਮੈਂ ਕਾਫ਼ੀ ਚਿਰ ਪਹਿਲਾਂ ਵੀ ਇਸ ਸਵਾਲ ਨੂੰ ਠੰਢਾ ਪਾ ਚੁੱਕਾ ਹਾਂ, ਜਦ ਸਾਨੂੰ ਅਹਿਸਾਸ ਹੋਇਆ ਸੀ ਕਿ ਨਾਟੋ ਯੂਕਰੇਨ ਨੂੰ ਮੈਂਬਰ ਬਣਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ, 'ਨਾਟੋ ਗੱਠਜੋੜ ਵਿਵਾਦਤ ਗੱਲਾਂ ਤੋਂ ਡਰਦਾ ਹੈ, ਤੇ ਰੂਸ ਨਾਲ ਟਕਰਾਅ ਤੋਂ ਵੀ ਡਰਦਾ ਹੈ।' -ਆਈਏਐਨਐੱਸ

ਪੋਲੈਂਡ ਵੱਲੋਂ ਯੂਕਰੇਨ ਨੂੰ ਲੜਾਕੂ ਜਹਾਜ਼ ਦੇਣ ਦੀ ਪੇਸ਼ਕਸ਼ ਅਮਰੀਕਾ ਨੇ ਠੁਕਰਾਈ

ਯੂਕਰੇਨ ਨੂੰ ਏਅਰਫੋਰਸ ਜਹਾਜ਼ ਦੇਣ ਬਾਰੇ ਪੋਲੈਂਡ ਦੀ ਪੇਸ਼ਕਸ਼ ਨੂੰ ਅਮਰੀਕਾ ਨੇ ਠੁਕਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੋਲੈਂਡ ਨਾਟੋ ਦਾ ਮੈਂਬਰ ਮੁਲਕ ਹੈ। ਪੋਲੈਂਡ ਨੇ ਅਮਰੀਕਾ ਰਾਹੀਂ ਇਹ ਜਹਾਜ਼ ਯੂਕਰੇਨ ਨੂੰ ਦੇਣੇ ਸਨ ਤਾਂ ਇਕ ਉਹ ਰੂਸੀ ਹੱਲੇ ਦਾ ਮੁਕਾਬਲਾ ਕਰ ਸਕਣ। ਪੈਂਟਾਗਨ ਨੇ ਅੱਜ ਕਿਹਾ ਕਿ ਪੋਲੈਂਡ ਵੱਲੋਂ ਆਪਣੇ ਮਿੱਗ-29 ਲੜਾਕੂ ਜਹਾਜ਼ ਅਮਰੀਕਾ ਨੂੰ ਦੇਣ ਦੀ ਕੀਤੀ ਪੇਸ਼ਕਸ਼ ਜੋ ਕਿ ਅਗਾਂਹ ਨੂੰ ਯੂਕਰੇਨ ਨੂੰ ਦਿੱਤੇ ਜਾਣੇ ਹਨ, ਨਾਲ ਨਾਟੋ ਗੱਠਜੋੜ ਲਈ ਗੰਭੀਰ ਖ਼ਤਰੇ ਖੜ੍ਹੇ ਹੁੰਦੇ ਹਨ। ਇਸ ਲਈ ਇਹ ਯੋਜਨਾ ਤਰਕਸੰਗਤ ਨਹੀਂ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਜਰਮਨੀ ਵਿਚਾਲੇ ਅਮਰੀਕਾ/ਨਾਟੋ ਦੇ ਬੇਸ ਤੋਂ ਇਨ੍ਹਾਂ ਜਹਾਜ਼ਾਂ ਨੂੰ ਰੂਸ ਖ਼ਿਲਾਫ਼ ਭੇਜਣਾ, ਚਿੰਤਾ ਵਿਚ ਪਾਉਣ ਵਾਲੀ ਗੱਲ ਹੈ। ਪੋਲੈਂਡ ਨੇ ਮੰਗਲਵਾਰ ਕਿਹਾ ਸੀ ਕਿ ਇਹ ਆਪਣੇ ਸਾਰੇ ਮਿੱਗ-29 ਅਮਰੀਕਾ ਨੂੰ ਦੇਵੇਗਾ ਤੇ ਅਮਰੀਕਾ ਇਹ ਅੱਗੇ ਯੂਕਰੇਨ ਨੂੰ ਦੇ ਸਕਦਾ ਹੈ। -ਏਪੀ

ਮਾਰਿਉਪੋਲ ਸ਼ਹਿਰ 'ਚ ਹਾਲਾਤ ਮਾੜੇ, ਮਨੁੱਖੀ ਸੰਕਟ ਡੂੰਘਾ ਹੋਇਆ

ਜੰਗ ਕਾਰਨ ਹੁਣ ਤੱਕ 20 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਦੂਜੀ ਵਿਸ਼ਵ ਜੰਗ ਵਾਂਗ ਸ਼ਰਨਾਰਥੀ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਸ਼ਹਿਰਾਂ ਵਿਚ ਰੂਸ ਤੇ ਯੂਕਰੇਨ ਦੀ ਸਿੱਧੀ ਟੱਕਰ ਹੈ, ਉੱਥੇ ਮਨੁੱਖੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਾਰਿਉਪੋਲ ਸ਼ਹਿਰ ਵਿਚ ਲਾਸ਼ਾਂ ਸੜਕਾਂ ਉਤੇ ਪਈਆਂ ਹਨ। ਉੱਥੋਂ ਹਾਲੇ ਵੀ ਲੱਖਾਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਨਹੀਂ ਜਾ ਸਕਿਆ ਹੈ ਕਿਉਂਕਿ ਬੰਬਾਰੀ ਲਗਾਤਾਰ ਹੋ ਰਹੀ ਹੈ। ਚਾਰ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿਚ ਲੋਕ ਬੇਸਮੈਂਟਾਂ ਵਿਚ ਲੁਕੇ ਹੋਏ ਹਨ। ਉੱਥੇ ਨਾ ਤਾਂ ਪਾਣੀ ਹੈ, ਨਾ ਹੀਟ ਹੈ। ਕਈ ਜ਼ਰੂਰੀ ਵਸਤਾਂ ਦੀ ਘਾਟ ਹੈ। ਹਾਲਾਂਕਿ ਕੁਝ ਬੱਸਾਂ ਉੱਥੋਂ ਲੋਕਾਂ ਨੂੰ ਲੈ ਕੇ ਨਿਕਲੀਆਂ ਹਨ। -ਏਪੀ



Most Read

2024-09-21 03:14:16