Breaking News >> News >> The Tribune


ਯੂਪੀ ’ਚ ਭਾਜਪਾ ਨੂੰ ਘੱਟ ਸੀਟਾਂ ’ਤੇ ਸੀਮਤ ਕੀਤਾ: ਅਖਿਲੇਸ਼


Link [2022-03-12 16:20:49]



ਲਖਨਊ, 11 ਮਾਰਚ

ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ 'ਚ ਨਾਕਾਮ ਰਹੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਦੀਆਂ ਸੀਟਾਂ ਦੁੱਗਣੀ ਕਰਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਨੂੰ ਘੱਟ ਸੀਟਾਂ 'ਤੇ ਸੀਮਤ ਕੀਤਾ ਜਾ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਵੀਰਵਾਰ ਨੂੰ ਆਏ ਨਤੀਜਿਆਂ ਮਗਰੋਂ ਸਮਾਜਵਾਦੀ ਪਾਰਟੀ ਮੁਖੀ ਦਾ ਇਹ ਪਹਿਲਾਂ ਬਿਆਨ ਹੈ। ਹਿੰਦੀ 'ਚ ਕੀਤੇ ਗਏ ਟਵੀਟ 'ਚ ਉਨ੍ਹਾਂ ਕਿਹਾ,''ਭਾਜਪਾ ਦੀਆਂ ਸੀਟਾਂ ਦੀ ਗਿਣਤੀ ਲਗਾਤਾਰ ਘਟਦੀ ਜਾਵੇਗੀ। ਅੱਧੇ ਤੋਂ ਜ਼ਿਆਦਾ ਛਲਾਵਾ ਦੂਰ ਹੋ ਗਿਆ ਹੈ ਅਤੇ ਬਾਕੀ ਦਾ ਆਉਂਦੇ ਕੁਝ ਦਿਨਾਂ 'ਚ ਦੂਰ ਹੋ ਜਾਵੇਗਾ। ਲੋਕ ਹਿੱਤ 'ਚ ਸੰਘਰਸ਼ ਜਾਰੀ ਰਹੇਗਾ।'' ਸਮਾਜਵਾਦੀ ਪਾਰਟੀ ਦੀ ਅਗਵਾਈ ਹੇਠਲੇ ਗੱਠਜੋੜ ਦੇ ਸਾਰੇ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਯਾਦਵ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਸਾਰੇ ਨਵੇਂ ਵਿਧਾਇਕਾਂ ਨੂੰ ਲੋਕਾਂ ਦੀ ਸੇਵਾ ਪ੍ਰਤੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। 'ਹਰੇਕ ਵਿਦਿਆਰਥੀ, ਬੇਰੁਜ਼ਗਾਰ ਨੌਜਵਾਨ, ਅਧਿਆਪਕ, ਮਹਿਲਾ, ਪੁਰਾਣੀ ਪੈਨਸ਼ਨ ਯੋਜਨਾ ਦੇ ਹਮਾਇਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਪ੍ਰੋਫ਼ੈਸ਼ਨਲ ਦਾ ਹਮਾਇਤ ਲਈ ਧੰਨਵਾਦ।' ਅਖਿਲੇਸ਼ ਯਾਦਵ ਪਹਿਲੀ ਵਾਰ ਵਿਧਾਨ ਸਭਾ ਲਈ ਕਰਹਲ ਤੋਂ ਚੁਣੇ ਗੲੇ ਹਨ। ਉਨ੍ਹਾਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਨੂੰ 67,504 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਪਰ ਪਾਰਟੀ ਭਾਜਪਾ ਨੂੰ ਦੂਜੀ ਵਾਰ ਸੱਤਾ 'ਚ ਆਉਣ ਤੋਂ ਨਹੀਂ ਰੋਕ ਸਕੀ। -ਪੀਟੀਆਈ

ਵੋਟਰਾਂ ਨੇ ਜ਼ਿਆਦਾਤਰ ਬਾਹੂਬਲੀਆਂ ਨੂੰ ਨਕਾਰਿਆ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਜ਼ਿਆਦਾਤਰ ਬਾਹੂਬਲੀਆਂ ਨੂੰ ਵੋਟਰਾਂ ਨੇ ਨਕਾਰ ਦਿੱਤਾ ਹੈ। ਇਨ੍ਹਾਂ 'ਚ ਧਨੰਜਯ ਸਿੰਘ (ਮਲਹਾਨੀ), ਵਿਜੈ ਮਿਸ਼ਰਾ (ਗਿਆਨਪੁਰ), ਯਸ਼ ਭੱਦਰ ਸਿੰਘ ਮੋਨੂ (ਇਸੌਲੀ) ਅਤੇ ਅਮਰਮਣੀ ਤ੍ਰਿਪਾਠੀ (ਨੌਤਤਨਵਾ), ਜੋ ਉਮਰ ਕੈਦ ਭੁਗਤ ਰਹੇ ਪੂਰਵਾਂਚਲ ਦੇ ਬਾਹੂਬਲੀ ਯਤਰ ਅਮਨਮਣੀ ਤ੍ਰਿਪਾਠੀ ਦਾ ਪੁੱਤਰ ਹੈ, ਸ਼ਾਮਲ ਹਨ। ਉਂਜ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭੱਈਆ (ਕੁੰਡਾ) ਅਤੇ ਅਭੈ ਸਿੰਘ (ਗੋਸਾਈਗੰਜ) ਚੋਣ ਜਿੱਤਣ 'ਚ ਕਾਮਯਾਬ ਰਹੇ। ਜਨਤਾ ਦਲ (ਯੂ) ਦੇ ਬਾਹੂਬਲੀ ਧਨੰਜਯ ਸਿੰਘ ਨੂੰ ਸਮਾਜਵਾਦੀ ਪਾਰਟੀ ਦੇ ਲੱਕੀ ਯਾਦਵ ਨੇ 17,527 ਵੋਟਾਂ ਦੇ ਫਰਕ ਨਾਲ ਹਰਾਇਆ। ਇਕ ਹੋਰ ਬਾਹੂਬਲੀ ਵਿਜੈ ਮਿਸ਼ਰਾ ਨੂੰ ਗਿਆਨਪੁਰ ਤੋਂ ਹਾਰ ਨਸੀਬ ਹੋਈ ਹੈ।

ਯੋਗੀ ਆਦਿੱਤਿਆਨਾਥ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਰਾਜਪਾਲ ਆਨੰਦੀਬੇਨ ਪਟੇਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਅਸਤੀਫ਼ੇ ਮਗਰੋਂ ਯੂਪੀ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਗਿਆ ਹੈ। ਯੋਗੀ ਨੇ ਰਾਜ ਭਵਨ ਜਾ ਕੇ ਅਸਤੀਫ਼ਾ ਸੌਂਪਿਆ। ਰਾਜਪਾਲ ਨੇ ਅਸਤੀਫ਼ਾ ਸਵੀਕਾਰ ਕਰਦਿਆਂ ਯੋਗੀ ਨੂੰ ਅਗਲੇ ਪ੍ਰਬੰਧਾਂ ਤੱਕ ਆਪਣੀ ਕੈਬਨਿਟ ਨਾਲ ਕੰਮ ਚਲਾਊ ਮੁੱਖ ਮੰਤਰੀ ਬਣੇ ਰਹਿਣ ਦੀ ਅਪੀਲ ਕੀਤੀ ਹੈ। ਉਂਜ ਰਾਜ ਭਵਨ ਜਾਣ ਤੋਂ ਪਹਿਲਾਂ ਯੋਗੀ ਨੇ ਆਪਣੀ ਮੌਜੂਦਾ ਕੈਬਨਿਟ ਦੀ ਆਖਰੀ ਮੀਟਿੰਗ ਕੀਤੀ ਤੇ ਸੂਬਾਈ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੂੰ ਦਿੱਤੀ ਹਮਾਇਤ ਲਈ ਲੋਕਾਂ ਦਾ ਧੰਨਵਾਦ ਕੀਤਾ। ਯੋਗੀ ਨੇ ਸੇਧ ਤੇ ਅਗਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। -ਪੀਟੀਆਈ



Most Read

2024-09-22 02:09:19