Breaking News >> News >> The Tribune


ਕੇਜਰੀਵਾਲ ਨੇ ਨਗਰ ਨਿਗਮਾਂ ਨੂੰ ਫੰਡਾਂ ਤੋਂ ਮਹਿਰੂਮ ਰੱਖ ਕੇ ਜਮਹੂਰੀਅਤ ਦਾ ਗਲਾ ਘੁੱਟਿਆ: ਭਾਜਪਾ


Link [2022-03-12 16:20:49]



ਨਵੀਂ ਦਿੱਲੀ, 11 ਮਾਰਚ

ਭਾਜਪਾ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਥਾਨਕ ਸਰਕਾਰਾਂ ਨੂੰ ਫੰਡ ਨਾ ਦੇ ਕੇ ਜ਼ਮੀਨੀ ਪੱਧਰ 'ਤੇ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਆਪ ਸੁਪਰੀਮੋ ਨੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲਈ ਤਰੀਕਾਂ ਐਲਾਨਣ ਵਿੱਚ ਕੀਤੀ ਜਾ ਰਹੀ ਦੇਰੀ ਲਈ ਚੋਣ ਕਮਿਸ਼ਨ ਤੇ ਚੋਣ ਅਮਲ ਨੂੰ 'ਨਿਸ਼ਾਨਾ' ਬਣਾਇਆ ਸੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਥੇ ਭਾਜਪਾ ਹੈੱਡਕੁਆਰਟਰ 'ਤੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ 'ਹਾਸਾ' ਆਉਂਦਾ ਹੈ ਕਿ ਜਿਸ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ 'ਨੋਟਾ' ਤੋਂ ਵੀ ਘੱਟ ਵੋਟ ਮਿਲੇ ਅਤੇ ਜੋ ਉੱਤਰਾਖੰਡ ਵਿੱਚ 55 ਸੀਟਾਂ 'ਤੇ ਜ਼ਮਾਨਤ ਬਚਾਉਣ ਵਿੱਚ ਨਾਕਾਮ ਰਹੀ, ਉਹ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ਸੂਬਾਈ ਚੋਣ ਨਤੀਜਿਆਂ ਵਿੱਚ ਉਸ ਦਾ ਫੈਸਲਾਕੁਨ ਅਸਰ ਰਿਹਾ ਹੈ। ਇਰਾਨੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਅਜੇ ਤੱਕ ਕੌਮੀ ਰਾਜਧਾਨੀ ਵਿੱਚ ਨਿਗਮਾਂ ਨੂੰ 13000 ਕਰੋੜ ਦੀ ਅਦਾਇਗੀ ਨਹੀਂ ਕੀਤੀ। ਇਸ ਤੋਂ ਪਹਿਲਾਂ ਅੱਜ ਦਿਨੇ ਕੇਜਰੀਵਾਲ ਨੇ ਦਿੱਲੀ ਵਿੱਚ ਨਿਗਮ ਚੋਣਾਂ ਦੀ ਤਰੀਕ ਐਲਾਨਣ ਦੇ ਅਮਲ ਨੂੰ ਮੁਲਤਵੀ ਕਰਨ ਲਈ ਰਾਜ ਚੋਣ ਕਮਿਸ਼ਨ ਦੀ ਨੁਕਤਾਚੀਨੀ ਕੀਤੀ ਸੀ। -ਪੀਟੀਆਈ



Most Read

2024-09-22 01:03:14