Sport >> The Tribune


ਜਰਨੈਲ ਸ਼ਾਮ ਸਿੰਘ ਅਟਾਰੀ ਖੇਡ ਮੇਲਾ ਸਮਾਪਤ


Link [2022-03-09 20:16:16]



ਪੱਤਰ ਪ੍ਰੇਰਕ

ਅਟਾਰੀ, 6 ਮਾਰਚ

ਸਰਹੱਦੀ ਕਸਬਾ ਅਟਾਰੀ ਵਿੱਚ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਨੂੰ ਸਮਰਪਿਤ ਤੀਜਾ ਖੇਡ ਮੇਲਾ ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ ਵਿੱਚ ਅੱਜ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਚੇਅਰਮੈਨ ਜ਼ਿਲ੍ਹਾ ਪ੍ਰਰਿਸ਼ਦ ਦਿਲਰਾਜ ਸਿੰਘ ਸਰਕਾਰੀਆ ਤੇ ਡਾ. ਤਰਸੇਮ ਸਿੰਘ ਸਿਆਲਕਾ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਿਹਾ ਕਿ ਦੇਸ਼ ਦੀ ਤਰੱਕੀ ਲਈ ਨੌਜਵਾਨ ਪੀੜ੍ਹੀ ਦਾ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆ ਨੇ ਅਟਾਰੀ ਕਲੱਬ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ 'ਤੇ ਪੇਂਡੂ ਖੇਡਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਜੇਤੂ ਰਹੀ ਕੋਟ ਮੱਲ੍ਹੀਆਂ ਦੀ ਹਾਕੀ ਟੀਮ ਨੂੰ 25 ਹਜ਼ਾਰ ਅਤੇ ਦੂਸਰੇ ਨੰਬਰ 'ਤੇ ਰਹੀ ਪਿੰਡ ਮੋਦੇ ਦੀ ਟੀਮ ਨੂੰ 18 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਨਿਵਾਜਾਆ। ਇਸੇ ਤਰ੍ਹਾਂ ਫੁਟਬਾਲ ਦੀ ਜੇਤੂ ਟੀਮ ਨੂੰ 25 ਹਜ਼ਾਰ ਅਤੇ ਦੂਸਰੇ ਨੰਬਰ ਦੀ ਟੀਮ ਨੂੰ 18 ਹਜ਼ਾਰ ਅਤੇ ਕਬੱਡੀ ਦੀ ਜੇਤੂ ਟੀਮ ਨੂੰ 31 ਹਜ਼ਾਰ ਅਤੇ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 25 ਹਜ਼ਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਪਰਸਨ ਜ਼ਿਲ੍ਹਾ ਪਰਿਸ਼ਦ ਬੀਬੀ ਨਵਨੀਤ ਕੌਰ, ਪ੍ਰਧਾਨ ਅਟਾਰੀ ਕਲੱਬ ਕਿਰਨਦੀਪ ਸਿੰਘ ਕੈਮੀ, ਸਰਪੰਚ ਮਨਜੀਤ ਸਿੰਘ ਅਟਾਰੀ, ਅਮਨ ਰਣਗੜ੍ਹ, ਹਰਜਿੰਦਰ ਸਿੰਘ ਅਟਾਰੀ, ਗੁਰਸ਼ਰਨ ਸਿੰਘ ਗੋਲਡੀ, ਬਲਵਿੰਦਰ ਸਿੰਘ ਬੱਬੀ ਅਟਾਰੀ, ਕੋਚ ਨਵਜੀਤ ਸਿੰਘ, ਕੋਚ ਧਰਮਿੰਦਰ ਸਿੰਘ, ਲਵਜੀਤ ਸਿੰਘ ਯੂਐੱਸਏ, ਕਿਰਤਪਾਲ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।

ਫੁਟਬਾਲ ਟੂਰਨਾਮੈਂਟ: ਦਲਵੀਰ ਅਕੈਡਮੀ ਵੱਲੋਂ ਜਿੱਤ ਦਰਜ

ਫਗਵਾੜਾ ਵਿੱਚ ਜੇਤੂਆਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ। -ਫ਼ੋਟੋ:ਚਾਨਾ

ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ ਫੁਟਬਾਲ ਅਕੈਡਮੀ ਵਲੋਂ ਇਥੋਂ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਜਾ ਰਹੇ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਪਹਿਲਾ ਮੈਚ ਲੜਕੀਆਂ ਸਮਰਾਏ ਜੰਡਿਆਲਾ ਫੁਟਬਾਲ ਕਲੱਬ ਤੇ ਸਹਿਯੋਗ ਅਕੈਡਮੀ ਫੁਟਬਾਲ ਬਜਵਾੜਾ ਹੁਸ਼ਿਆਰਪੁਰ ਵਿਚਕਾਰ ਹੋਇਆ, ਜਿਸ 'ਚ ਟ੍ਰਾਈ ਬ੍ਰੇਕਰ ਨਾਲ ਸਮਰਾਏ ਜੰਡਿਆਲਾ 5-3 ਨਾਲ ਜੇਤੂ ਰਹੀ। ਦੂਸਰਾ ਫ਼ਾਈਨਲ ਮੈਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਤੇ ਦਲਵੀਰ ਅਕੈਡਮੀ ਪਟਿਆਲਾ ਦੇ ਵਿਚਕਾਰ ਹੋਇਆ, ਜਿਸ 'ਚ 90 ਮਿੰਟਾਂ ਦੀ ਚੱਲੀ ਪਾਰੀ ਦੌਰਾਨ ਦੋਨਾਂ ਟੀਮਾਂ ਨੇ 3-3 ਗੋਲ ਕੀਤੇ। ਇਸ 'ਚ ਬਰਾਬਰੀ ਕਰਕੇ 15-15 ਮਿੰਟ 'ਚ 4-3 ਨਾਲ ਦਲਵੀਰ ਫੁਟਬਾਲ ਅਕੈਡਮੀ ਜੇਤੂ ਰਹੀ। ਅੱਜ ਦੇ ਪਹਿਲੇ ਮੈਚ 'ਚ ਮੁੱਖ ਮਹਿਮਾਨ ਵਜੋਂ ਰੇਸ਼ਨ ਕੌਰ ਸ਼ਾਮਲ ਹੋਏ ਜਦਕਿ ਫ਼ਾਇਨਲ ਮੈਚ 'ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ ਤੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਤੇ ਟਰਾਫ਼ੀ ਦੇ ਕੇ ਨਿਵਾਜਿਆ ਗਿਆ ਜਦਕਿ ਦੂਸਰੇ ਸਥਾਨ 'ਤੇ ਰਹਿਣ ਵਾਲੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਨੂੰ 50 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਬਰਿਜ ਸਕੂਲ ਦੇ ਅਧਿਕਾਰੀ ਅਮਰਜੀਤ ਸਿੰਘ, ਸੂਪਰਡੈਂਟ ਤਰਲੋਚਨ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਪ੍ਰਦੀਪ ਕੁਮਾਰ, ਅਰਜੁਨ ਐਵਾਰਡੀ ਗੁਰਦੇਵ ਸਿੰਘ, ਸੁਸ਼ੀਲ ਸ਼ੀਲੀ, ਦੀਪਕ ਸਿੰਘ, ਸਤਨਾਮ ਸਿੰਘ ਰੰਧਾਵਾ ਸਮੇਤ ਕਈ ਆਗੂ ਹਾਜ਼ਰ ਸਨ।



Most Read

2024-09-20 09:40:14