Sport >> The Tribune


ਇੱਕ ਰੋਜ਼ਾ ਮਹਿਲਾ ਕੱਪ: ਭਾਰਤ ਦਾ ਜੇਤੂ ਆਗਾਜ਼


Link [2022-03-09 12:53:57]



ਮਾਊਂਟ ਮੌਨਗਨੁਈ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਇੱਕਪਾਸੜ ਮੁਕਾਬਲੇ ਵਿੱਚ 107 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਅੱਜ ਜਿੱਤ ਨਾਲ ਆਗਾਜ਼ ਕੀਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਸਨੇਹ ਰਾਣਾ ਅਤੇ ਪੂਜਾ ਵਸਤਰਾਕਰ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਸੱਤ ਵਿਕਟਾਂ 'ਤੇ 244 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ 43 ਓਵਰਾਂ ਵਿੱਚ 137 ਦੌੜਾਂ 'ਤੇ ਹੀ ਆਊਟ ਹੋ ਗਈ। ਪਾਕਿਸਤਾਨ 50 ਓਵਰਾਂ ਵਾਲੀ ਕ੍ਰਿਕਟ ਦੀ ਇਸ ਵੰਨਗੀ ਵਿੱਚ ਭਾਰਤ ਤੋਂ ਲਗਾਤਾਰ 11ਵੀਂ ਹਾਰਿਆ ਹੈ। ਭਾਰਤੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ 29 ਅਤੇ ਰਾਣਾ ਨੇ 27 ਦੌੜਾਂ ਦੇ ਕੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਤੀਜੇ ਹੀ ਓਵਰ ਵਿੱਚ ਖਾਤਾ ਖੋਲ੍ਹੇ ਬਿਨਾਂ ਪੈਵਿਲੀਅਨ ਪਰਤ ਗਈ। ਮੰਧਾਨਾ (75 ਗੇਂਦਾਂ ਵਿੱਚ 52 ਦੌੜਾਂ) ਅਤੇ ਦੀਪਤੀ ਸ਼ਰਮਾ (57 ਗੇਂਦਾਂ ਵਿੱਚ 40 ਦੌੜਾਂ) ਨੇ ਪਾਰੀ ਨੂੰ ਅੱਗੇ ਵਧਾਇਆ। ਪਾਕਿਸਤਾਨ ਨੇ ਕਪਤਾਨ ਮਿਤਾਲੀ ਰਾਜ (ਨੌਂ) ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ (ਪੰਜ) ਦੀਆਂ ਵਿਕਟਾਂ ਲੈ ਕੇ ਭਾਰਤ 'ਤੇ ਦਬਾਅ ਬਣਾਇਆ। ਸ਼ੈਫਾਲੀ ਦੇ ਆਊਟ ਹੋਣ ਮਗਰੋਂ ਮੰਧਾਨਾ ਅਤੇ ਦੀਪਤੀ ਨੇ ਪਾਰੀ ਸੰਭਾਲੀ । ਇਸ ਤੋਂ ਬਾਅਦ ਰਾਣਾ (ਨਾਬਾਦ 53) ਅਤੇ ਵਸਤਰਾਕਰ (67) ਨੇ 122 ਦੌੜਾਂ ਦੀ ਸਾਂਝੇਦਾਰੀ ਕੀਤੀ। -ਪੀਟੀਆਈ

ਮਿਤਾਲੀ ਛੇ ਵਿਸ਼ਵ ਕੱਪ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ

ਮਾਊਂਟ ਮੌਨਗਨੁਈ: ਸਚਿਨ ਤੇਂਦੁਲਕਰ ਅਤੇ ਜਾਵੇਦ ਮਿਆਂਦਾਦ ਮਗਰੋਂ ਭਾਰਤੀ ਕਪਤਾਨ ਮਿਤਾਲੀ ਰਾਜ ਛੇ ਵਿਸ਼ਵ ਕੱਪ ਖੇਡਣ ਵਾਲੀ ਤੀਜੀ ਕ੍ਰਿਕਟਰ ਅਤੇ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਉਤਰਨ ਦੇ ਨਾਲ ਹੀ ਮਿਤਾਲੀ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ। ਉਹ ਇਸ ਤੋਂ ਪਹਿਲਾਂ, 2000, 2005, 2009, 2013, 2017 ਵਿੱਚ ਅਤੇ ਹੁਣ 2022 ਵਿੱਚ ਵਿਸ਼ਵ ਕੱਪ ਦਾ ਹਿੱਸਾ ਬਣੀ ਹੈ। -ਪੀਟੀਆਈ



Most Read

2024-09-20 09:38:36