Breaking News >> News >> The Tribune


ਕਾਂਗਰਸ ਵੱਲੋਂ ਨਵੇਂ ਚੁਣੇ ਜਾਣ ਵਾਲੇ ਪਾਰਟੀ ਵਿਧਾਇਕਾਂ ਨੂੰ ‘ਇਕਜੁੱਟ’ ਰੱਖਣ ਦੀ ਕਵਾਇਦ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਮੁੱਖ ਅੰਸ਼

ਮਨੀਪੁਰ, ਗੋਆ ਅਤੇ ਉੱਤਰਾਖੰਡ 'ਚ ਵੀ ਸੀਨੀਅਰ ਪਾਰਟੀ ਆਗੂ ਤਾਇਨਾਤ

ਕਾਂਗਰਸ ਪਾਰਟੀ ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਅਸੈਂਬਲੀ ਚੋਣਾਂ ਵਿੱਚ ਸਪਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿੱਚ ਆਪਣੇ ਨਵੇਂ ਚੁਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਦੀ ਤਿਆਰੀ ਵਿੱਚ ਜੁਟ ਗਈ ਹੈ। ਪਾਰਟੀ ਨੇ ਇਨ੍ਹਾਂ ਰਾਜਾਂ ਵਿੱਚ ਕੁਝ ਸੀਨੀਅਰ ਆਗੂਆਂ ਨੂੰ ਨਿਗਰਾਨਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਲਾਈਆਂ ਡਿਊਟੀਆਂ ਮੁਤਾਬਕ ਜਨਰਲ ਸਕੱਤਰ ਅਜੈ ਮਾਕਨ ਤੇ ਪਾਰਟੀ ਤਰਜਮਾਨ ਪਵਨ ਖੇੜਾ ਨੂੰ ਪੰਜਾਬ ਲਈ ਵਿਸ਼ੇਸ਼ ਨਿਗਰਾਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਖੇੜਾ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਗੲੇ ਹਨ ਜਦੋਂਕਿ ਮਾਕਨ ਭਲਕੇ ਨਿਕਲਣਗੇ। ਪਾਰਟੀ ਨੇ ਲੋੜ ਪੈਣ 'ਤੇ ਇਨ੍ਹਾਂ ਰਾਜਾਂ ਦੇ ਨਵੇਂ ਚੁਣੇ ਵਿਧਾਇਕਾਂ ਨੂੰ ਕਾਂਗਰਸ ਸ਼ਾਸਿਤ ਰਾਜਾਂ ਰਾਜਸਥਾਨ ਤੇ ਛੱਤੀਸਗੜ੍ਹ ਤਬਦੀਲ ਕਰਨ ਲਈ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹਨ। ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਖੁ਼ਦ ਰਾਜਸਥਾਨ ਰਾਜ ਵਿੱਚ ਪ੍ਰਬੰਧਾਂ ਨੂੰ ਵੇਖ ਰਹੇ ਹਨ।

ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੂੰ ਗੋਆ ਜਦੋਂਕਿ ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਤੇ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ.ਐੱਸ.ਸਿੰਘ ਦਿਓ ਤੇ ਵਿਨਸੈਂਟ ਪਾਲਾ ਨੂੰ ਮਨੀਪੁਰ ਵਿੱਚ ਚੋਣ ਨਿਗਰਾਨ ਤਾਇਨਾਤ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਪਹਿਲਾਂ ਹੀ ਦੇਹਰਾਦੂਨ ਲਈ ਨਿਕਲ ਗਏ ਹਨ। ਉਨ੍ਹਾਂ ਨੂੰ ਪਹਾੜੀ ਰਾਜ ਉੱਤਰਾਖੰਡ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦੀ ਸੂਰਤ ਵਿਚ ਵਿਧਾਇਕਾਂ ਨੂੰ ਇਕਜੁੱਟ ਰੱਖਣ ਦਾ ਕੰਮ ਸੌਂਪਿਆ ਗਿਆ ਹੈ। ਹੁੱਡਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਮਿਲ ਕੇ ਕੰਮ ਕਰਨਗੇ। ਹੁੱਡਾ ਉੱਤਰਾਖੰਡ ਪੁੱਜ ਗੲੇ ਹਨ। ਕਾਂਗਰਸ ਵੱਲੋਂ ਜਾਰੀ ਬਿਆਨ ਮੁਤਾਬਕ ਪਾਰਟੀ ਇੰਚਾਰਜ ਤੇ ਨਿਗਰਾਨ 10 ਮਾਰਚ ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜਿਆਂ ਤੋਂ ਪਹਿਲਾਂ ਇਨ੍ਹਾਂ ਰਾਜਾਂ ਦੇ ਸੂੁਬਾਈ ਹੈੱਡਕੁਆਰਟਰਾਂ 'ਤੇ ਮੌਜੂਦ ਰਹਿਣਗੇ। ਕਾਂਗਰਸ ਦੀ ਇਸ ਮਸ਼ਕ ਦਾ ਮੁੱਖ ਮੰਤਵ ਪੰਜਾਬ, ਉੱਤਰਾਖੰਡ, ਮਨੀਪੁਰ ਤੇ ਗੋਆ ਵਿੱਚ ਲਟਕਵੀਂ ਅਸੈਂਬਲੀਆਂ ਬਣਨ ਦੀ ਸੂਰਤ ਵਿੱਚ ਆਪਣੇ ਕੁਨਬੇ (ਵਿਧਾਇਕਾਂ) ਨੂੰ ਇਕਜੁਟ ਰੱਖਣਾ ਹੈ। ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦੀ ਸਥਿਤੀ ਵਿੱਚ ਇਹ ਵਿਸ਼ੇਸ਼ ਨਿਗਰਾਨ ਕਾਂਗਰਸ ਦੀ ਰਣਨੀਤੀ ਮੁਤਾਬਕ ਸਰਕਾਰ ਬਣਾਉਣ ਲਈ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਰਨਗੇ। ਐਗਜ਼ਿਟ ਪੋਲਾਂ ਵਿੱਚ ਉੱਤਰਾਖੰਡ ਤੇ ਗੋਆ ਵਿੱਚ ਫਸਵੀਂ ਟੱਕਰ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦੋਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਦਮ 'ਤੇ ਸਰਕਾਰ ਬਣਾਉਂਦਿਆਂ ਵਿਖਾਇਆ ਗਿਆ ਹੈ। -ਪੀਟੀਆਈ

ਚੁਣੇ ਗਏ ਵਿਧਾਇਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਉਣ ਦੀ ਤਿਆਰੀ

ਸੂਤਰਾਂ ਨੇ ਕਿਹਾ ਕਿ ਨਵੇਂ ਚੁਣੇ ਪਾਰਟੀ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਇਨ੍ਹਾਂ ਨੂੰ ਕਾਂਗਰਸ ਸ਼ਾਸਿਤ ਰਾਜਾਂ- ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਸੁਰੱਖਿਅਤ ਟਿਕਾਣੇ 'ਤੇ ਤਬਦੀਲ ਕਰਨ ਦੀ ਯੋਜਨਾ ਵੀ ਵਿਚਾਰਧੀਨ ਹੈ। ਪਾਰਟੀ ਆਗੂ ਪ੍ਰਿਯੰਕਾ ਗਾਂਧੀ ਖ਼ੁਦ ਮਾਰੂਥਲ ਰਾਜ ਵਿੱਚ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਸੁੂਤਰਾਂ ਨੇ ਕਿਹਾ ਕਿ ਵਿਧਾਇਕਾਂ ਨੂੰ 'ਖਰੀਦੋ ਫਰੋਖ਼ਤ ਦੀਆਂ ਸੰਭਾਵੀ ਕੋਸ਼ਿਸ਼ਾਂ' ਤੋਂ ਬਚਾਉਣ ਲਈ 'ਸੁਰੱਖਿਅਤ ਟਿਕਾਣੇ' ਉੱਤੇ ਰੱਖਿਆ ਜਾਵੇਗਾ। ਪੰਜ ਸਾਲ ਪਹਿਲਾਂ ਗੋਆ ਵਿੱਚ ਖ਼ਤਾ ਖਾਣ ਵਾਲੀ ਕਾਂਗਰਸ ਐਤਕੀਂ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ। ਉਦੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਸਾਹਿਲੀ ਸੂਬੇ 'ਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ ਸੀ।



Most Read

2024-09-22 12:43:44