Breaking News >> News >> The Tribune


ਈਡੀ ਅਧਿਕਾਰੀ ਭਾਜਪਾ ਦੇ ‘ੲੇਟੀਐੱਮ’: ਰਾਊਤ


Link [2022-03-09 07:34:37]



ਮੁੰਬਈ, 8 ਮਾਰਚ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੂੰ ਭਾਜਪਾ ਦੇ ਇਸ਼ਾਰਿਆਂ 'ਤੇ ਕੰਮ ਕਰਦਾ 'ਏਟੀਐੱਮ' ਕਰਾਰ ਦਿੱਤਾ ਹੈ। ਰਾਊਤ ਨੇ ਕਿਹਾ ਕਿ ਮੁੰਬਈ ਪੁਲੀਸ ਕੇਂਦਰੀ ਏਜੰਸੀ ਦੇ ਚਾਰ ਅਧਿਕਾਰੀਆਂ ਖਿਲਾਫ਼ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਅਧਿਕਾਰੀ ਜੇਲ੍ਹ ਜਾਣਗੇ।

ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਊਤ ਨੇ ਕਿਹਾ ਕਿ ਈਡੀ ਵੱਲੋਂ ਜਦੋਂ ਕਦੇ ਵੀ ਕਿਸੇ ਕੰਪਨੀ 'ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਕੰਪਨੀ ਅੱਗੇ ਕਿਸੇ ਜਿਤੇਂਦਰ ਨਵਲਾਨੀ ਨਾਂ ਦੇ ਸ਼ਖ਼ਸ ਦੀਆਂ ਫਰਮਾਂ ਵਿੱਚ ਪੈਸਾ ਤਬਦੀਲ ਕਰ ਦਿੰਦੀ ਸੀ। ਰਾਊਤ ਨੇ ਕਿਹਾ, ''ਈਡੀ ਤੇ ਉਸ ਦੇ ਕੁਝ ਅਧਿਕਾਰੀ ਭਾਜਪਾ ਦੇ ਏਟੀਐੱਮ ਬਣ ਕੇ ਰਹਿ ਗਏ ਹਨ।'' ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਨ੍ਹਾਂ ਇਸ ਪੂਰੇ ਮਾਮਲੇ ਦੀ ਤਫ਼ਸੀਲ ਪ੍ਰਧਾਨ ਮੰਤਰੀ ਦਫ਼ਤਰ ਨਾਲ ਵੀ ਸਾਂਝੀ ਕੀਤੀ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ, ''ਮੁੰਬਈ ਪੁਲੀਸ ਈਡੀ ਦੇ ਚਾਰ ਅਧਿਕਾਰੀਆਂ ਖਿਲਾਫ਼ ਫਿਰੌਤੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਮੁੰਬਈ ਪੁਲੀਸ ਇਸ ਦੇ ਸਮਰੱਥ ਹੈ। ਮੇਰੀ ਗੱਲ ਨੂੰ ਯਾਦ ਰੱਖਿਓ...ਕੁਝ ਈਡੀ ਅਧਿਕਾਰੀ ਜੇਲ੍ਹ ਜਾਣਗੇ।'' ਰਾਊਤ ਨੇ ਹਾਲਾਂਕਿ ਇਨ੍ਹਾਂ ਈਡੀ ਅਧਿਕਾਰੀਆਂ ਦੇ ਨਾਮ ਜਾਂ ਅਹੁਦੇ ਨਹੀਂ ਦੱਸੇ। ਰਾਊਤ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਆਮਦਨ ਕਰ ਵਿਭਾਗ ਨੇ ਸ਼ਿਵ ਸੈਨਾ ਦੇ ਅਹੁਦੇਦਾਰਾਂ, ਜਿਨ੍ਹਾਂ ਵਿੱਚ ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਦਾ ਨੇੜਲਾ ਆਗੂ ਵੀ ਸ਼ਾਮਲ ਹੈ, 'ਤੇ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਦੋਸ਼ ਲਾ ਰਹੀ ਹੈ ਕੇਂਦਰ ਸਰਕਾਰ ਸੱਤਾਧਾਰੀ ਸ਼ਿਵ ਸੈਨਾ ਖ਼ਿਲਾਫ਼ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਅਸਤੀਫ਼ਾ ਵੀ ਦੇਣਾ ਪਿਆ ਸੀ। ਹੋਰ ਵੀ ਕਈ ਸੈਨਾ ਆਗੂ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ। ਮਹਾਰਾਸ਼ਟਰ ਸਰਕਾਰ ਵੱਲੋਂ ਦੋਸ਼ ਲਾਉਣ 'ਤੇ ਐਨਸੀਬੀ ਨੇ ਇਕ ਮਾਮਲੇ ਵਿਚ ਆਪਣੇ ਹੀ ਅਧਿਕਾਰੀਆਂ ਖ਼ਿਲਾਫ਼ ਜਾਂਚ ਵੀ ਬਿਠਾਈ ਸੀ। -ਪੀਟੀਆਈ

ਸ਼ਿਵ ਸੈਨਾ ਦੇ ਨੇੜਲੇ ਆਗੂਆਂ ਦੇ ਟਿਕਾਣਿਆਂ 'ਤੇ ਛਾਪੇ

ਮੁੰਬਈ: ਆਮਦਨ ਕਰ ਵਿਭਾਗ ਨੇ ਸ਼ਿਵ ਸੈਨਾ ਦੇ ਨੇੜਲੇ ਆਗੂਆਂ ਤੇ ਇਸ ਦੇ ਯੂਥ ਵਿੰਗ 'ਯੁਵਾ ਸੈਨਾ' ਦੇ ਆਗੂਆਂ 'ਤੇ ਛਾਪੇ ਮਾਰੇ ਹਨ। ਵਿਭਾਗ ਨੇ ਸ੍ਰੀ ਸਾਈਬਾਬਾ ਸੰਸਥਾਨ ਟਰੱਸਟ ਸ਼ਿਰਡੀ ਦੇ ਟਰੱਸਟੀ ਰਾਹੁਲ ਕਨਾਲ ਤੇ ਸਦਾਨੰਦ ਕਦਮ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਹਨ। ਰਾਹੁਲ, ਮਹਾਰਾਸ਼ਟਰ ਦੇ ਮੰਤਰੀ ਆਦਿੱਤਿਆ ਠਾਕਰੇ ਦੇ ਨੇੜੇ ਹਨ ਜਦਕਿ ਸਦਾਨੰਦ ਕਦਮ ਸ਼ਿਵ ਸੈਨਾ ਆਗੂ ਰਾਮਦਾਸ ਕਦਮ ਦੇ ਭਰਾ ਹਨ। ਇਕ ਸਰਕਾਰੀ ਅਧਿਕਾਰੀ ਉਤੇ ਵੀ ਛਾਪੇ ਮਾਰੇ ਗਏ ਹਨ। ਮੰਤਰੀ ਠਾਕਰੇ ਨੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। -ਆਈਏਐਨਐੱਸ



Most Read

2024-09-22 12:41:26