Breaking News >> News >> The Tribune


ਕਣਕ ਬਰਾਮਦ ਕਰਨ ਦਾ ਮੌਕਾ ਨਾ ਖੁੰਝਾਉਣ ਕਿਸਾਨ: ਮੋਦੀ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਮੁੱਖ ਅੰਸ਼

ਸਿਫਰ ਕਾਰਬਨ ਨਿਕਾਸੀ ਟੀਚੇ ਦੀ ਪੂਰਤੀ ਲਈ ਗ੍ਰੀਨ ਫਾਇਨਾਂਸਿੰਗ ਨੂੰ 'ਸਮੇਂ ਦੀ ਲੋੜ' ਦੱਸਿਆ

ਵਿਸ਼ਵ ਦੇ ਦੋ ਸਭ ਤੋਂ ਵੱਡੇ ਕਣਕ ਬਰਾਮਦਕਾਰਾਂ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਕਣਕ ਬਰਾਮਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਜੰਗ ਕਰਕੇ ਆਲਮੀ ਬਾਜ਼ਾਰ ਵਿੱਚ ਭਾਰਤੀ ਕਣਕ ਦੀ ਮੰਗ ਵਧ ਗਈ ਹੈ ਤੇ ਇਸ ਨੂੰ ਆਲਮੀ ਪੱਧਰ 'ਤੇ ਬਿਹਤਰੀਨ ਕੁਆਲਿਟੀ ਦਾ ਉਤਪਾਦ ਮੁਹੱਈਆ ਕਰਵਾਉਣ ਦੇ ਮੌਕੇ ਵਜੋਂ ਵਰਤਿਆ ਜਾ ਸਕਦਾ ਹੈ।

ਸ੍ਰੀ ਮੋਦੀ 'ਫਾਇਨਾਂਸਿੰਗ ਫਾਰ ਗਰੋਥ ਤੇ ਐਸਪਾਇਰੇਸ਼ਨਲ ਇਕਾਨਮੀ' ਵਿਸ਼ੇ 'ਤੇ ਵੈਬਿਨਾਰ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ, '' ਦੁਨੀਆ ਵਿੱਚ ਸਾਡੇ ਲਈ ਕਣਕ ਬਰਾਮਦ ਕਰਨ ਦਾ ਇਹ ਮੌਕਾ ਆਇਆ ਹੈ ਤਾਂ ਸਾਨੂੰ ਫੌਰੀ ਇਸ ਦਾ ਲਾਹਾ ਲੈਂਦਿਆਂ ਉੱਤਮ ਸੇਵਾ ਦੇ ਨਾਲ ਉੱਤਮ ਕੁਆਲਿਟੀ ਦਾ ਉਤਪਾਦ ਮੁਹੱਈਆ ਕਰਵਾਉਣਾ ਚਾਹੀਦਾ ਹੈ ਤੇ ਹੌਲੀ ਹੌਲੀ ਇਹ ਪ੍ਰਬੰਧ ਸਥਾਈ ਬਣ ਜਾਵੇਗਾ।'' ਦੱਸ ਦੇਈਏ ਕਿ ਭੂ-ਸਿਆਸੀ ਹਾਲਾਤ ਖਾਸ ਕਰਕੇ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਰਮਿਆਨ ਕਣਕ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਰੂਸ ਤੇ ਯੂਕਰੇਨ ਵਿਸ਼ਵ ਦੇ ਕ੍ਰਮਵਾਰ ਦੂਜੇ ਤੇ ਚੌਥੇ ਸਭ ਤੋਂ ਵੱਡੇ ਕਣਕ ਬਰਾਮਦਕਾਰ ਹਨ। ਦੋਵਾਂ ਮੁਲਕਾਂ ਵਿੱਚ ਜਾਰੀ ਜੰਗ ਕਰਕੇ ਕਣਕ ਦੇ ਭਾਅ ਸਿਖਰ 'ਤੇ ਹਨ ਤੇ ਭਾਰਤੀ ਕਣਕ ਦੀ ਬਰਾਮਦ 'ਚ ਮੁਕਾਬਲੇਬਾਜ਼ੀ ਵਧ ਗਈ ਹੈ। ਰੇਲ ਬੋਗੀਆਂ ਜਾਂ ਟਰੱਕਾਂ ਰਾਹੀਂ ਕਾਂਡਲਾ ਬੰਦਰਗਾਹ ਨੇੜੇ ਗੋਦਾਮਾਂ ਵਿੱਚ 2400-2450 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਕਣਕ ਪੁੱਜ ਰਹੀ ਹੈ। ਪੰਦਰਾਂ ਦਿਨ ਪਹਿਲਾਂ ਇਸੇ ਕਣਕ ਦਾ ਭਾਅ 2100 ਰੁਪੲੇ ਪ੍ਰਤੀ ਕੁਇੰਟਲ ਸੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਵਿੱਤੀ ਸੰਸਥਾਵਾਂ ਨੂੰ ਕਿਹਾ ਕਿ ਉਹ ਨਵੇਂ ਭਵਿੱਖੀ ਵਿਚਾਰਾਂ ਤੇ ਅਰਥਚਾਰੇ ਦੀਆਂ ਉਭਰਦੀਆਂ ਲੋੜਾਂ ਲਈ ਨਵੀਨਤਮ ਵਿੱਤੀ ਤੇ ਜੋਖ਼ਮ ਪ੍ਰਬੰਧਨ ਪ੍ਰਣਾਲੀ ਵੱਲ ਧਿਆਨ ਦੇਣ। 2070 ਤੱਕ ਸਿਫ਼ਰ ਕਾਰਬਨ ਨਿਕਾਸੀ ਦੇ ਟੀਚੇ ਨੂੰ ਪੂਰਾ ਕਰਨ ਲਈ ਗ੍ਰੀਨ ਫਾਇਨਾਸਿੰਗ ਨੂੰ 'ਸਮੇਂ ਦੀ ਲੋੜ' ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਾਤਾਵਰਨ ਲਈ ਢੁੱਕਵੇਂ ਪ੍ਰਾਜੈਕਟਾਂ ਵੱਲ ਵਿੱਤੀ ਸਹਾਇਤਾ ਦਾ ਹੱਥ ਵਧਾਇਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ, ''ਸਾਡੇ ਵਿੱਤੀ ਸੈਕਟਰ ਨੂੰ ਨਵੇਂ ਭਵਿੱਖੀ ਵਿਚਾਰਾਂ ਤੇ ਪਹਿਲਕਦਮੀਆਂ ਲਈ ਨਵੀਨਤਮ ਫਾਇਨਾਂਸ ਤੇ ਟਿਕਾਊ ਜੋਖ਼ਮ ਪ੍ਰਬੰਧਨ 'ਤੇ ਵਿਚਾਰ ਕਰਨੀ ਹੋਵੇਗੀ।'' ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐੱਮਐੱਸਐੱਮਈ'ਜ਼ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਸੁਧਾਰਾਂ ਦੀ ਸਫ਼ਲਤਾ ਇਨ੍ਹਾਂ ਸੈਕਟਰਾਂ ਦੀ ਮਜ਼ਬੂਤੀ 'ਤੇ ਨਿਰਭਰ ਕਰਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਇੰਡਸਟਰੀ 4.0 ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਦੇਸ਼ ਫਿਨਟੈੱਕ, ਐਗਰੀਟੈੱਕ, ਮੈਡੀਟੈੱਕ ਤੇ ਹੁਨਰ ਵਿਕਾਸ ਜਿਹੇ ਖੇਤਰਾਂ 'ਚ ਅੱਗੇ ਨਹੀਂ ਵਧਦਾ। ਸ੍ਰੀ ਮੋਦੀ ਨੇ ਕਿਹਾ, ''ਅਜਿਹੇ ਖੇਤਰਾਂ ਵਿੱਚ ਵਿੱਤੀ ਸੰਸਥਾਨਾਂ ਦੀ ਮਦਦ ਭਾਰਤ ਨੂੰ ਇੰਡਸਟਰੀ 4.0 ਵਿੱਚ ਨਵੀਂ ਬੁਲੰਦੀਆਂ 'ਤੇ ਲਿਜਾਏਗੀ।'' ਉਨ੍ਹਾਂ 8-10 ਸੈਕਟਰਾਂ, ਨਿਰਮਾਣ, ਸਟਾਰਟਅੱਪਸ, ਹਾਲ ਹੀ ਵਿੱਚ ਖੁੱਲ੍ਹੇ ਸੈਕਟਰਾਂ ਜਿਵੇਂ ਡਰੋਨਾਂ, ਪੁਲਾੜ ਤੇ ਭੂ-ਪੁਲਾੜੀ ਡੇਟਾ ਦੀ ਪਛਾਣ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਭਾਰਤ ਆਲਮੀ ਪੱਧਰ 'ਤੇ ਸਿਖਰਲੀਆਂ ਤਿੰਨ ਥਾਵਾਂ 'ਚ ਸ਼ੁਮਾਰ ਹੈ। ਉਨ੍ਹਾਂ ਵਿੱਤੀ ਸੰਸਥਾਵਾਂ ਨੂੰ ਕਿਹਾ ਕਿ ਉਹ ਕਰਜ਼ੇ ਦੇਣ ਲਈ ਹੱਥ ਵਧਾਉਣ। ਸਿਹਤ ਸੈਕਟਰ ਵਿਚਲੇ ਕੰਮ ਤੇ ਨਿਵੇਸ਼ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਦੇ ਟਾਕਰੇ ਲਈ ਵੱਧ ਤੋਂ ਵੱਧ ਮੈਡੀਕਲ ਸੰਸਥਾਵਾਂ ਦੀ ਲੋੜ ਹੈ। ਸ੍ਰੀ ਮੋਦੀ ਨੇ ਅਫ਼ਸਰਸ਼ਾਹੀ ਨੂੰ ਇਸ਼ਾਰਾ ਕੀਤਾ ਕਿ ਉਹ ਕੇਂਦਰੀ ਬਜਟ 2022-23 ਨੂੰ ਲਾਗੂ ਕਰਨ ਲਈ 'ਅਮਲੀ ਹੱਲ' ਪੇਸ਼ ਕਰਨ। -ਪੀਟੀਆਈ



Most Read

2024-09-22 12:39:36