World >> The Tribune


ਰੂਸ-ਯੂਕਰੇਨ ਦੀ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗੀ


Link [2022-03-09 06:34:39]



ਲਵੀਵ, 8 ਮਾਰਚ

ਰੂਸ ਤੇ ਯੂਕਰੇਨ ਦੇ ਵਫ਼ਦਾਂ ਦਰਮਿਆਨ ਅੱਜ ਹੋਈ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਬੇਲਾਰੂਸ ਤੇ ਪੋਲੈਂਡ ਦੀ ਸਰਹੱਦ ਉਤੇ ਗੱਲਬਾਤ ਕਰੀਬ ਤਿੰਨ ਘੰਟੇ ਚੱਲੀ। ਰੂਸ ਦੇ ਵਫ਼ਦ ਮੁਤਾਬਕ ਭਾਵੇਂ ਗੱਲਬਾਤ ਸਿਆਸੀ ਤੇ ਫ਼ੌਜੀ ਪੱਖਾਂ ਉਤੇ ਹੋਈ, ਪਰ ਇਹ ਕਾਫ਼ੀ ਔਖੀ ਰਹੀ ਤੇ ਹਾਲੇ ਕਿਸੇ ਸਕਾਰਾਤਮਕ ਸਿੱਟੇ ਦੀ ਉਮੀਦ ਕਰਨੀ ਜਲਦਬਾਜ਼ੀ ਹੋਵੇਗੀ। ਰੂਸੀ ਵਫ਼ਦ ਅੱਜ ਵੱਡੀ ਗਿਣਤੀ ਵਿਚ ਦਸਤਾਵੇਜ਼ ਲੈ ਕੇ ਪੁੱਜਾ ਜਿਨ੍ਹਾਂ ਵਿਚੋ ਕੁਝ ਪਹਿਲਾਂ ਹੋਏ ਸਮਝੌਤਿਆਂ ਬਾਰੇ ਵੀ ਸਨ। ਪਰ ਯੂਕਰੇਨੀ ਧਿਰ ਨੇ ਮੌਕੇ ਉਤੇ ਦਸਤਾਵੇਜ਼ਾਂ 'ਤੇ ਵਿਚਾਰ ਨਹੀਂ ਕੀਤਾ ਤੇ ਉਹ ਇਨ੍ਹਾਂ ਨੂੰ ਸਮੀਖ਼ਿਆ ਲਈ ਲੈ ਗਏ। ਹਾਲਾਂਕਿ ਦੋਵਾਂ ਮੁਲਕਾਂ ਨੇ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਉਤੇ ਵਿਚਾਰ-ਚਰਚਾ ਜ਼ਰੂਰ ਕੀਤੀ। ਇਸੇ ਦੌਰਾਨ ਜੰਗ 'ਚ ਘਿਰੇ ਕਈ ਯੂਕਰੇਨੀ ਸ਼ਹਿਰਾਂ ਵਿਚੋਂ ਲੋਕਾਂ ਨੂੰ ਅੱਜ ਸੁਰੱਖਿਅਤ ਲਾਂਘਾ ਦਿੱਤਾ ਗਿਆ ਤੇ ਉਨ੍ਹਾਂ ਉੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਮਗਰੋਂ ਵੱਖ-ਵੱਖ ਦੇਸ਼ਾਂ ਵਿਚ ਪੁੱਜੇ ਸ਼ਰਨਾਰਥੀਆਂ ਦੀ ਗਿਣਤੀ 20 ਲੱਖ ਤੋਂ ਉਪਰ ਪਹੁੰਚ ਗਈ ਹੈ। ਰੂਸ ਦੇ ਹਮਲੇ ਕਾਰਨ ਲੋਕ ਸ਼ਹਿਰਾਂ ਵਿਚ ਹੀ ਫਸ ਗਏ ਸਨ। ਜੰਗ ਵਿਚ ਕਈ ਦਿਨ ਗੁਜ਼ਰਨ 'ਤੇ ਹੁਣ ਸ਼ਹਿਰਾਂ ਵਿਚ ਖੁਰਾਕ, ਪੀਣ ਵਾਲੇ ਪਾਣੀ, ਦਵਾਈਆਂ ਦੀ ਘਾਟ ਪੈਦਾ ਹੋ ਗਈ ਹੈ। ਯੂਕਰੇਨ ਤੇ ਰੂਸ ਦਰਮਿਆਨ ਪਹਿਲਾਂ ਗੋਲੀਬੰਦੀ ਲਈ ਸਹਿਮਤੀ ਬਣ ਕੇ ਟੁੱਟ ਗਈ ਸੀ। ਗੋਲੀਬੰਦੀ ਲੋਕਾਂ ਨੂੰ ਸ਼ਹਿਰਾਂ ਵਿਚੋਂ ਨਿਕਲਣ ਦੇਣ ਲਈ ਕੀਤੀ ਜਾਣੀ ਸੀ। ਪਰ ਅੱਜ ਯੂਕਰੇਨੀ ਅਧਿਕਾਰੀਆਂ ਵੱਲੋਂ ਪੋਸਟ ਵੀਡੀਓਜ਼ ਵਿਚ ਨਜ਼ਰ ਆਇਆ ਕਿ ਲੋਕ ਸੂਮੀ ਸ਼ਹਿਰ ਤੋਂ ਪੀਲੇ ਰੰਗ ਦੀਆਂ ਬੱਸਾਂ ਵਿਚ ਬੈਠ ਕੇ ਨਿਕਲ ਰਹੇ ਹਨ। ਬੱਸਾਂ ਉਤੇ ਰੈੱਡ ਕਰਾਸ ਲੱਗਾ ਹੋਇਆ ਹੈ ਤੇ ਕੁਝ ਬੱਸਾਂ ਸ਼ਹਿਰ ਮਾਰਿਉਪੋਲ ਦੀ ਦੱਖਣੀ ਬੰਦਰਗਾਹ ਵੱਲ ਜਾ ਰਹੀਆਂ ਹਨ। ਸੂਮੀ ਨੂੰ 'ਗ੍ਰੀਨ ਕੌਰੀਡੋਰ' ਦਿੱਤਾ ਗਿਆ ਹੈ। ਯੂਕਰੇਨ ਵਿਚ ਕੁਝ ਲੋਕ ਦੂਜੇ ਸ਼ਹਿਰਾਂ ਵੱਲ ਚਲੇ ਗਏ ਹਨ ਜਦਕਿ ਕੁਝ ਨੇ ਮੁਲਕ ਛੱਡਣ ਨੂੰ ਤਰਜੀਹ ਦਿੱਤੀ ਹੈ। ਯੂਕਰੇਨ ਉਤੇ ਰੂਸ ਦਾ ਹਮਲਾ ਦੂਜੇ ਹਫ਼ਤੇ ਵਿਚ ਹੈ ਤੇ ਰੂਸੀ ਫ਼ੌਜਾਂ ਦੱਖਣੀ ਯੂਕਰੇਨ ਵੱਲ ਅੱਗੇ ਵਧੀਆਂ ਹਨ। ਪਰ ਕੁਝ ਖੇਤਰਾਂ ਵਿਚ ਰੋਕੀਆਂ ਵੀ ਗਈਆਂ ਹਨ। ਯੂਕਰੇਨੀ ਫ਼ੌਜੀਆਂ ਤੇ ਵਾਲੰਟੀਅਰਾਂ ਨੇ ਰਾਜਧਾਨੀ ਕੀਵ ਦੀ ਕਿਲ੍ਹੇਬੰਦੀ ਕੀਤੀ ਹੋਈ ਹੈ। ਕਈ ਨਾਕੇ ਤੇ ਬੈਰੀਕੇਡ ਲਾਏ ਹੋਏ ਹਨ। ਹਾਲਾਂਕਿ ਕੀਵ ਨੇੜਲੇ ਖੇਤਰਾਂ ਵਿਚ ਲਗਾਤਾਰ ਬੰਬਾਰੀ ਹੋ ਰਹੀ ਹੈ। ਮਾਰਿਉਪੋਲ ਸ਼ਹਿਰ ਵਿਚ ਹਾਲਾਤ ਮਾੜੇ ਹਨ। ਜ਼ਰੂਰੀ ਚੀਜ਼ਾਂ ਦੀ ਭਾਲ ਵਿਚ ਲੋਕ ਸਟੋਰਾਂ ਨੂੰ ਲੁੱਟ ਰਹੇ ਹਨ। -ਏਪੀ

ਬਰਤਾਨੀਆ ਦੀ ਸੰਸਦ ਨੂੰ ਸੰਬੋਧਨ ਕਰਨਗੇ ਯੂਕਰੇਨੀ ਰਾਸ਼ਟਰਪਤੀ

ਲੰਡਨ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ (44) ਨੂੰ ਬਰਤਾਨੀਆ ਦੀ ਸੰਸਦ ਵਿਚ ਸੰਬੋਧਨ ਦਾ ਸੱਦਾ ਮਿਲਿਆ ਹੈ। ਉਹ ਵਰਚੁਅਲੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਆਗੂਆਂ ਨਾਲ ਯੂਕਰੇਨ ਸੰਕਟ ਬਾਰੇ ਮੀਟਿੰਗ ਕਰਨਗੇ। -ਪੀਟੀਆਈ



Most Read

2024-09-21 03:12:24