World >> The Tribune


ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਵਿਤਕਰਾ ਵਧਿਆ


Link [2022-03-09 06:34:39]



ਵਾਸ਼ਿੰਗਟਨ, 8 ਮਾਰਚ

ਮਨੁੱਖੀ ਅਧਿਕਾਰਾਂ ਦੀ ਮਾਹਿਰ ਅੰਮ੍ਰਿਤ ਕੌਰ ਅਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਤਕਰਾ ਅਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਨਾਲ ਹੀ, ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਅਕਰੇ ਨੇ ਹਾਲ ਹੀ ਵਿੱਚ ਵਿਤਕਰੇ ਅਤੇ ਨਾਗਰਿਕ ਹੱਕ 'ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਵਿਧਾਨ, ਨਾਗਰਿਕ ਅਧਿਕਾਰ ਅਤੇ ਸ਼ਹਿਰੀ ਆਜ਼ਾਦੀ ਬਾਰੇ ਸਦਨ ਦੀ ਜੁਡੀਸ਼ਰੀ ਸਬ-ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਅਕਰੇ 'ਸਿੱਖ ਕੋਲੀਸ਼ਨ' ਦੀ ਕਾਨੂੰਨੀ ਡਾਇਰੈਕਟਰ ਹੈ। ਉਨ੍ਹਾਂ ਕਿਹਾ, ''ਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ, ਮਨੋਰੰਜਨ, ਸਿਹਤ, ਫ਼ੌਜ ਅਤੇ ਲਾਅ ਐਨਫੋਰਸਮੈਂਟ ਸਣੇ ਜਨਤਕ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਸਿੱਖਾਂ ਨੂੰ ਨੁਕਸਾਨ ਹੁੰਦਾ ਹੈ।'' ਉਨ੍ਹਾਂ ਕਿਹਾ, ''ਅਸੀਂ ਵੇਖਿਆ ਹੈ ਕਿ ਸਿੱਖਾਂ ਨੂੰ ਕਈ ਵਾਰ ਕੰਮ ਨਾਲ ਸਬੰਧਿਤ ਜਾਂਚ ਲਈ ਆਪਣੇ ਕੇਸ ਕਟਵਾਉਣ ਲਈ ਕਿਹਾ ਜਾਂਦਾ ਹੈ।'' ਅਕਰੇ ਨੇ ਕਿਹਾ ਕਿ ਸਮੇਂ-ਸਮੇਂ 'ਤੇ ਕਈ ਨੀਤੀਆਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ, ਜੋ ਘੱਟਗਿਣਤੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਦੇਸ਼ ਦਾ ਪ੍ਰਬੰਧ ਇਸ ਨੂੰ ਹੋਣ ਦਿੰਦਾ ਹੈ। ਇਸੇ ਦੌਰਾਨ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ, '''ਪੱਗ ਬੰਨ੍ਹਣ ਵਾਲੇ ਸਿੱਖ ਲੜਕਿਆਂ ਨੂੰ ਅਤਿਵਾਦੀ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਲੰਬੇ ਵਾਲ ਰੱਖਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਜਿਹੇ ਕਈ ਬੱਚੇ ਹਿੰਸਾ ਦੇ ਸ਼ਿਕਾਰ ਵੀ ਹੁੰਦੇ ਹਨ। ਸਾਡੇ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ 50 ਫ਼ੀਸਦੀ ਤੋਂ ਵੱਧ ਸਿੱਖ ਬੱਚਿਆਂ ਨੂੰ ਸਕੂਲ ਵਿੱਚ ਦੂਜੇ ਵਿਦਿਆਰਥੀਆਂ ਵੱਲੋਂ ਪੀੜਤ ਕੀਤਾ ਜਾਂਦਾ ਹੈ। ਸੰਸਦ ਮੈਂਬਰ ਪਰਮਿਲਾ ਜੈਪਾਲ ਨੇ ਕਿਹਾ 9/11 ਹਮਲੇ ਨੇ ਅਮਰੀਕਾ ਵਿੱਚ ਮੁਸਲਮਾਨਾਂ, ਅਰਬ ਜਾਂ ਦੱਖਣੀ ਏਸ਼ਿਆਈ ਅਮਰੀਕੀ ਹੋਣ ਦਾ ਅਰਥ ਹਮੇਸ਼ਾ ਲਈ ਬਦਲ ਦਿੱਤਾ ਹੈ। -ਪੀਟੀਆਈ



Most Read

2024-09-21 03:07:19