World >> The Tribune


ਮਨੁੱਖੀ ਲਾਂਘਿਆਂ ’ਚ ਅੜਿੱਕੇ ਲਈ ਰੂਸ-ਯੂਕਰੇਨ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ


Link [2022-03-09 06:34:39]



ਸੰਯੁਕਤ ਰਾਸ਼ਟਰ, 8 ਮਾਰਚ

ਰੂਸ ਤੇ ਯੂਕਰੇਨ ਨੇ ਇਕ-ਦੂਜੇ 'ਤੇ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਵਿਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਹੈ। ਸੰਯੁਕਤ ਰਾਸ਼ਟਰ ਵਿਚ ਦੋਵਾਂ ਮੁਲਕਾਂ ਨੇ ਕਿਹਾ ਕਿ ਜੰਗ ਵਿਚ ਯੂਕਰੇਨ ਦੇ ਨਾਗਰਿਕ ਤੇ ਕਈ ਵਿਦੇਸ਼ੀ ਨਾਗਰਿਕ ਘਿਰੇ ਹੋਏ ਹਨ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਉਤੇ ਸਹਿਮਤੀ ਬਣੀ ਸੀ ਪਰ ਗੋਲੀਬਾਰੀ ਕਾਰਨ ਮਗਰੋਂ ਇਹ ਟੁੱਟ ਗਈ। ਇਸ ਲਈ ਦੋਵਾਂ ਮੁਲਕਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ। ਭਾਰਤ ਨੇ ਵੀ ਆਪਣੇ ਨਾਗਰਿਕਾਂ ਸਣੇ ਹੋਰਨਾਂ ਲੋਕਾਂ ਨੂੰ ਲਾਂਘਾ ਦੇਣ ਦੀ ਦੋਵਾਂ ਦੇਸ਼ ਨੂੰ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਯੂਕਰੇਨ ਦੇ ਸਥਾਈ ਪ੍ਰਤੀਨਿਧੀ ਨੇ ਕਿਹਾ ਕਿ ਮੁਲਕ ਵਿਚ ਭਾਰਤ, ਚੀਨ, ਤੁਰਕੀ, ਪਾਕਿਸਤਾਨ ਤੇ ਹੋਰਾਂ ਮੁਲਕਾਂ ਦੇ ਦੋ ਹਜ਼ਾਰ ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਨੂੰ ਕਸ਼ਟ ਹੋ ਰਿਹਾ ਹੈ ਜਿਸ ਦਾ ਯੂਕਰੇਨ ਨੂੰ ਡੂੰਘਾ ਅਫ਼ਸੋਸ ਹੈ। ਪ੍ਰਤੀਨਿਧੀ ਨੇ ਕਿਹਾ ਕਿ ਯੂਕਰੇਨ ਦੀ ਸਰਕਾਰ ਇਨ੍ਹਾਂ ਦੇਸ਼ਾਂ ਦੇ ਦੂਤਾਵਾਸਾਂ ਦੇ ਲਗਾਤਾਰ ਸੰਪਰਕ ਵਿਚ ਹੈ ਤਾਂ ਕਿ ਬਾਹਰਲੇ ਮੁਲਕਾਂ ਦੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਜਲਦੀ ਤੋਂ ਜਲਦੀ ਯਕੀਨੀ ਬਣਾਈ ਜਾ ਸਕੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਦੱਸਿਆ ਹੈ ਕਿ ਭਾਰਤ ਆਪਣੇ ਨਾਗਰਿਕਾਂ ਲਈ ਜਲਦੀ ਤੇ ਸੁਰੱਖਿਅਤ ਲਾਂਘਾ ਦੇਣ ਦੀ ਮੰਗ ਕਈ ਵਾਰ ਚੁੱਕਾ ਹੈ। ਰੂਸ ਨੇ ਕਿਹਾ ਕਿ ਉਹ ਵੀ ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ਵਿਚ ਹਨ। -ਪੀਟੀਆਈ



Most Read

2024-09-21 03:15:20