World >> The Tribune


ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਜ਼ੇਲੈਂਸਕੀ ਨੂੰ ਖੂਨ-ਖਰਾਬਾ ਰੋਕਣ ਦੀ ਅਪੀਲ


Link [2022-03-09 06:34:39]



ਮਾਸਕੋ/ਕੀਵ, 8 ਮਾਰਚ

ਯੂਕਰੇਨ ਦੇ ਚੌਥੇ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਜਿਸ ਨੂੰ ਸਾਲ 2014 ਵਿੱਚ ਹੋਏ ਪ੍ਰਦਰਸ਼ਨਾਂ ਕਰਕੇ ਅਹੁਦਾ ਛੱਡਣਾ ਪਿਆ ਸੀ, ਨੇ ਦੇਸ਼ ਦੇ ਮੌਜੂਦਾ ਆਗੂ ਵਲੋਦੀਮੀਰ ਜ਼ੇਲੈਂਸਕੀ ਨੂੰ ਖੂਨ-ਖਰਾਬਾ ਰੋਕਣ ਦੀ ਅਪੀਲ ਕੀਤੀ ਹੈ।

ਯਾਨੁਕੋਵਿਚ ਇਸ ਵੇਲੇ ਰੂਸ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ੇਲੈਂਸਕੀ ਨੂੰ ਸਾਬਕਾ ਰਾਸ਼ਟਰਪਤੀ ਅਤੇ ਇਕ ਪਿਤਾ ਵਾਂਗ ਸਮਝਾਉਣਾ ਚਾਹੁਣਗੇ। ਇਹ ਜਾਣਕਾਰੀ ਯੂਕਰੇਨ ਦੀ ਖ਼ਬਰ ੲੇਜੰਸੀ ਯੂਕਰਿੰਸਕਾ ਪਰਾਵਡਾ ਨੇ ਮਾਸਕੋ ਆਧਾਰਤ ਰੀਆ ਨਵੋਸਤੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦਿੱਤੀ।

ਰੂਸ ਪੱਖੀ ਸਾਬਕਾ ਆਗੂ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਤੁਹਾਡੇ ਬਹੁਤ ਸਲਾਹਕਾਰ ਹੋਣਗੇ ਪਰ ਇਸ ਖੂਨ-ਖਰਾਬੇ ਨੂੰ ਰੋਕਣਾ ਅਤੇ ਸ਼ਾਂਤਮਈ ਸਮਝੌਤੇ 'ਤੇ ਪਹੁੰਚਣਾ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ। ਯੂਕਰੇਨ, ਡੋਨਬਾਸ ਅਤੇ ਰੂਸ ਤੁਹਾਡੇ ਕੋਲੋਂ ਅਜਿਹਾ ਕਰਨ ਦੀ ਆਸ ਕਰਦੇ ਹਨ। ਯੂਕਰੇਨ ਦੇ ਲੋਕ ਅਤੇ ਪੱਛਮ ਵਿਚ ਤੁਹਾਡੇ ਭਾਈਵਾਲ ਤੁਹਾਡੇ ਸ਼ੁਕਰਗੁਜ਼ਾਰ ਹੋਣਗੇ।'' ਯਾਨੁਕੋਵਿਚ ਦੇ ਯੂਰੋਪੀ ਯੂਨੀਅਨ ਨਾਲ ਸਿਆਸੀ ਸਹਿਯੋਗ ਅਤੇ ਮੁਫ਼ਤ ਵਪਾਰ ਸਮਝੌਤੇ 'ਤੇ ਹਸਤਾਖਰ ਨਾ ਕਰਨ ਅਤੇ ਇਸ ਦੀ ਥਾਂ ਰੂਸ ਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਗੂੜੇ ਸਬੰਧ ਬਣਾਉਣ ਸਬੰਧੀ ਅਚਨਚੇਤ ਲਏ ਗਏ ਫ਼ੈਸਲਿਆਂ ਨਾਲ ਨਵੰਬਰ 2013 ਵਿਚ ਯੂਕਰੇਨ 'ਚ ਵੱਡੀ ਪੱਧਰ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਸੰਸਦ ਤੋਂ ਭਰਵਾਂ ਹੁੰਗਾਰਾ ਮਿਲਣ ਦੇ ਬਾਵਜੂਦ ਰੂਸ ਵੱਲੋਂ ਯੂਕਰੇਨ 'ਤੇ ਯੂਰੋਪੀ ਐਸੋਸੀਏਸ਼ਨ ਨਾਲ ਸਮਝੌਤਾ ਨਾ ਕਰਨ ਲਈ ਲਗਾਤਾਰ ਦਬਾਅ ਪਾਇਆ ਜਾਂਦਾ ਰਿਹਾ ਸੀ।

ਇਨ੍ਹਾਂ ਪ੍ਰਦਰਸ਼ਨਾਂ ਰਾਹੀਂ ਯਾਨੁਕੋਵਿਚ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ। ਉਪਰੰਤ ਜਨਵਰੀ-ਫਰਵਰੀ 2014 ਵਿਚ ਵੱਡੀ ਪੱਧਰ 'ਤੇ ਹੋਏ ਸੰਘਰਸ਼ਾਂ ਨੇ ਕੀਵ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਨ੍ਹਾਂ ਪ੍ਰਦਰਸ਼ਨਾਂ ਵਿਚ 108 ਪ੍ਰਦਰਸ਼ਨਕਾਰੀਆਂ ਅਤੇ 13 ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਯੂਕਰੇਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਏ ਸਭ ਤੋਂ ਹਿੰਸਕ ਪ੍ਰਦਰਸ਼ਨਾਂ ਕਰ ਕੇ 22 ਫਰਵਰੀ, 2014 ਨੂੰ ਯੂਕਰੇਨ ਦੀ ਸੰਸਦ ਨੇ ਯਾਨੁਕੋਵਿਚ ਨੂੰ ਅਹੁਦੇ ਤੋਂ ਹਟਾਉਣ ਲਈ ਮਤਾ ਪਾਸ ਕੀਤਾ। ਯਾਨੁਕੋਵਿਚ ਨੇ ਇਸ ਮਤੇ ਨੂੰ ਗੈਰਕਾਨੂੰਨੀ ਅਤੇ ਜ਼ਬਰਦਸਤੀ ਕਰਾਰ ਦਿੱਤਾ ਸੀ ਅਤੇ ਰੂਸ ਵਿਚ ਜਾ ਕੇ ਰਹਿਣ ਲੱਗ ਪਏ ਸਨ। -ਆਈਏਐੱਨਐੱਸ



Most Read

2024-09-21 03:18:30