Economy >> The Tribune


ਨਰੇਗਾ ’ਚ ਬਿਨਾਂ ਕੰਮ ਕਰਵਾਏ ਦਿੱਤੇ ਪੈਸੇ


Link [2022-03-09 05:54:04]



ਜੈਸਮੀਨ ਭਾਰਦਵਾਜ

ਨਾਭਾ, 8 ਮਾਰਚ

ਇੱਥੋਂ ਦੇ ਪਿੰਡ ਥੂਹੀ 'ਚ ਮਨਰੇਗਾ ਮਜ਼ਦੂਰਾਂ ਨੂੰ ਬਿਨਾਂ ਕੰਮ 'ਤੇ ਲਾਏ ਘਰ ਬੈਠਿਆਂ ਨੂੰ ਕਥਿਤ ਹਾਜ਼ਰ ਦਿਖਾਉਣ ਅਤੇ ਪੈਸੇ ਦੇਣ 'ਤੇ ਨਾਭਾ ਦੇ ਬੀਡੀਪੀਓ ਨੇ ਗਰਾਮ ਰੁਜ਼ਗਾਰ ਸਹਾਇਕ ਸਤਨਾਮ ਸਿੰਘ ਅਤੇ ਤਕਨੀਕੀ ਸਹਾਇਕ ਨਵਦੀਪ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਏਡੀਸੀ ਪਟਿਆਲਾ ਨੂੰ ਪੱਤਰ ਲਿਖਿਆ ਹੈ। ਬੀਡੀਪੀਓ ਵਰਿੰਦਰ ਸਿੰਘ ਨੇ ਇਸ ਤੋਂ ਇਲਾਵਾ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਮੈਂਬਰ ਗੁਰਮੀਤ ਸਿੰਘ ਦੀ ਪਤਨੀ ਸਣੇ ਤਿੰਨ ਮਨਰੇਗਾ ਮਜ਼ਦੂਰਾਂ ਤੋਂ ਪੈਸੇ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਪਿੰਡ ਦੇ ਹੀ ਕੁਝ ਮਜ਼ਦੂਰਾਂ ਨੇ ਚੋਣ ਕਮਿਸ਼ਨ ਅਤੇ ਨਾਭਾ ਬੀਡੀਪੀਓ ਨੂੰ ਸ਼ਿਕਾਇਤ ਕੀਤੀ ਸੀ। ਮਨਰੇਗਾ ਮਜ਼ਦੂਰ ਕੁਲਵੰਤ ਕੌਰ ਨੇ ਦੱਸਿਆ ਕਿ 9 ਤੋਂ 15 ਫਰਵਰੀ ਤੱਕ 52 ਮਜ਼ਦੂਰਾਂ ਤੋਂ ਮਸਟਰ ਰੋਲ ਨੰਬਰ 3303 ਤਹਿਤ ਮੜ੍ਹੀਆਂ ਦੀ ਜ਼ਮੀਨ ਪੱਧਰੀ ਕਰਵਾਈ ਗਈ ਪਰ ਇਨ੍ਹਾਂ ਤਾਰੀਖ਼ਾਂ ਵਿਚ ਇਸੇ ਪ੍ਰਾਜੈਕਟ ਦਾ ਇੱਕ ਵੱਖਰਾ ਮਸਟਰ ਰੋਲ-3321 ਨੰਬਰ ਕੱਢ ਕੇ ਬਲਾਕ ਸਮਿਤੀ ਮੈਂਬਰ ਗੁਰਮੀਤ ਸਿੰਘ ਦੀ ਪਤਨੀ ਸਮੇਤ ਤਿੰਨ ਮਜ਼ਦੂਰਾਂ ਦੀਆਂ ਘਰ ਬੈਠਿਆਂ ਦੀਆਂ ਦਿਹਾੜਿਆਂ ਪਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੱਧਰੀ ਹੋ ਚੁੱਕੀ ਜ਼ਮੀਨ ਦਾ ਦੁਬਾਰਾ ਜਾਅਲੀ ਪ੍ਰਾਜੈਕਟ ਬਣਾ ਕੇ 18 ਮਜ਼ਦੂਰ ਨੂੰ ਕਾਗਜ਼ਾਂ ਵਿੱਚ ਜ਼ਮੀਨ ਪੱਧਰੀ ਕਰਦੇ ਦਿਖਾਇਆ ਗਿਆ, ਪਰ ਹਕੀਕਤ ਵਿਚ ਕੋਈ ਵੀ ਮਜ਼ਦੂਰ ਮੜ੍ਹੀਆਂ ਵਿਚ ਹਾਜ਼ਰ ਨਹੀਂ ਸੀ। ਇਸ ਸ਼ਿਕਾਇਤ ਸਬੰਧੀ ਬੀਡੀਪੀਓ ਨੇ ਪੜਤਾਲ ਪਿੱਛੋਂ 18 ਮਜ਼ਦੂਰਾਂ ਵਾਲਾ ਮਸਟਰ ਰੋਲ ਰੱਦ ਕਰ ਦਿੱਤਾ ਤੇ 3321 ਨੰਬਰ ਮਸਟਰ ਰੋਲ ਤਹਿਤ ਅਦਾ ਕੀਤੇ ਪੈਸੇ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ। ਬਲਾਕ ਸਮਿਤੀ ਮੈਂਬਰ ਗੁਰਮੀਤ ਸਿੰਘ ਨੇ ਇਸ ਨੂੰ ਪਾਰਟੀਬਾਜ਼ੀ ਤੋਂ ਪ੍ਰਭਾਵਿਤ ਦੱਸਿਆ।



Most Read

2024-09-20 02:54:32