World >> The Tribune


ਯੂਕਰੇਨ ਸੰਕਟ: ਰੂਸ ਵੱਲੋਂ ਮੁੜ ਗੋਲੀਬੰਦੀ ਦਾ ਐਲਾਨ


Link [2022-03-08 05:34:49]



ਲਵੀਵ, 7 ਮਾਰਚ

ਯੂਕਰੇਨ ਨਾਲ ਜਾਰੀ ਟਕਰਾਅ ਦਰਮਿਆਨ ਰੂਸ ਨੇ ਅੱਜ ਮੁੜ ਗੋਲੀਬੰਦੀ ਅਤੇ ਆਮ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਸੁਰੱਖਿਅਤ ਲਾਂਘੇ ਦੇਣ ਦਾ ਐਲਾਨ ਕੀਤਾ ਹੈ। ਇਹ ਲਾਂਘੇ ਮੁੱਖ ਤੌਰ 'ਤੇ ਰੂਸ ਤੇ ਉਸ ਦੇ ਭਾਈਵਾਲ ਬੇਲਾਰੂਸ ਤੋਂ ਹੋ ਕੇ ਜਾਣਗੇ। ਰੂਸੀ ਸਦਰ ਪੂਤਿਨ ਨੇ ਕਿਹਾ ਕਿ ਕੀਵ ਸ਼ਰਤਾਂ ਮੰਨਦਾ ਹੈ ਤਾਂ ਮਾਸਕੋ ਹਮਲਿਆਂ ਨੂੰ ਰੋਕ ਸਕਦਾ ਹੈ। ਯੂਕਰੇਨ ਤੇ ਹੋਰਨਾਂ ਮੁਲਕਾਂ ਨੇ ਸੁਰੱਖਿਅਤ ਲਾਂਘੇ ਬਾਰੇ ਵਿਸ਼ੇਸ਼ ਰੂਟਾਂ ਨੂੰ ਲੈ ਕੇ ਰੂਸ ਦੀ ਨੁਕਤਾਚੀਨੀ ਕੀਤੀ ਹੈ। ਉਧਰ ਨਵੇਂ ਲਾਂਘਿਆਂ ਦੇ ਐਲਾਨ ਦੇ ਬਾਵਜੂਦ ਰੂਸ ਨੇ ਕੁਝ ਯੂਕਰੇਨੀ ਸ਼ਹਿਰਾਂ ਨੂੰ ਰਾਕੇਟਾਂ ਨਾਲ ਨਿਸ਼ਾਨਾ ਬਣਾਇਆ ਤੇ ਕੁਝ ਖੇਤਰਾਂ ਵਿੱਚ ਗੋਲਾਬਾਰੀ ਜਾਰੀ ਰੱਖੀ। ਇਸ ਦੌਰਾਨ ਦੋਵਾਂ ਧਿਰਾਂ ਨੇ ਤੀਜੇ ਗੇੜ ਦੀ ਗੱਲਬਾਤ ਲਈ ਸਹਿਮਤੀ ਦਿੱਤੀ ਹੈ। ਯੁੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਤੇਲ ਸਮੇਤ ਰੂਸੀ ਉਤਪਾਦਾਂ ਦੇ ਆਲਮੀ ਬਾਈਕਾਟ ਦਾ ਸੱਦਾ ਦਿੱਤਾ ਹੈ। ਆਮ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਦੀ ਉੱਠ ਰਹੀ ਮੰਗ ਦਰਮਿਆਨ ਰੂਸ ਦੇ ਰੱਖਿਆ ਮੰਤਰੀ ਨੇ ਅੱਜ ਕਿਹਾ ਕਿ ਸਿਵਲੀਅਨਾਂ ਨੂੰ ਰਾਜਧਾਨੀ ਕੀਵ, ਦੱਖਣੀ ਸਾਹਿਲੀ ਸ਼ਹਿਰ ਮਾਰਿਉਪੋਲ ਅਤੇ ਖਾਰਕੀਵ ਤੇ ਸੂਮੀ ਸ਼ਹਿਰ ਛੱਡਣ ਦੀ ਖੁੱਲ੍ਹ ਦਿੱਤੀ ਜਾਵੇਗੀ। ਉਧਰ ਯੂਐੱਨ ਨੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਟਕਰਾਅ ਵਿੱਚ ਕੁਝ ਸੈਂਕੜੇ ਸਿਵਲੀਅਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਯੂਐੱਨ ਨੇ ਚੇਤਾਵਨੀ ਦਿੱਤੀ ਕਿ ਮੌਤ ਦੇ ਅੰਕੜਿਆਂ ਨੂੰ ਘਟਾ ਕੇ ਪੇਸ਼ ਕੀਤਾ ਜਾ ਰਿਹੈ। ਖਾਰਕੀਵ ਪੁਲੀਸ ਨੇ ਕਿਹਾ ਕਿ ਸੋਮਵਾਰ ਨੂੰ 209 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ 133 ਆਮ ਨਾਗਰਿਕ ਹਨ।

ਰੂਸ ਵੱਲੋਂ ਕੀਤੇ ਹਮਲੇ ਮਗਰੋਂ ਹੁਣ ਤੱਕ 17 ਲੱਖ ਲੋਕ ਯੂਕਰੇਨ 'ਚੋਂ ਹਿਜਰਤ ਕਰ ਗਏ ਹਨ। ਯੂਐੱਨ ਦੀ ਰਫਿਊਜੀ ਏਜੰਸੀ ਨੇ ਕਿਹਾ ਕਿ ਦੂਜੀ ਆਲਮੀ ਜੰਗ ਮਗਰੋਂ ਇਹ ਤੇਜ਼ੀ ਨਾਲ ਵਧਦਾ ਸ਼ਰਨਾਰਥੀ ਸੰਕਟ ਹੈ। ਏਜੰਸੀ ਨੇ ਕਿਹਾ ਕਿ ਮਾਰਿਉਪੋਲ ਵਿੱਚ ਖਾਣ-ਪੀਣ, ਦਵਾਈਆਂ ਤੇ ਹੋਰ ਸਪਲਾਈ ਦੀ ਵੱਡੀ ਕਿੱਲਤ ਹੈ। ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੱਕ ਨੇ ਕਿਹਾ ਕਿ ਰੂਸ ਨੇ ਗੋਲੀਬੰਦੀ ਦੀ ਆਪਣੀ ਸੱਜਰੀ ਪੇਸ਼ਕਸ਼ ਵਿੱਚ ਸੁਰੱਖਿਅਤ ਲਾਂਘੇ ਲਈ ਜਿਹੜੇ ਰੂਟ ਰੱਖੇ ਹਨ, ਉਹ ਰੂਸ ਜਾਂ ਇਸ ਦੇ ਭਾਈਵਾਲ ਬੇਲਾਰੂਸ ਵੱਲ ਨੂੰ ਜਾਂਦੇ ਹਨ। ਉਨ੍ਹਾਂ ਕਿਹਾ, ''ਸਾਨੂੰ ਇਹ ਪੇਸ਼ਕਸ਼ ਸਵੀਕਾਰ ਨਹੀਂ ਹੈ।'' ਉਧਰ ਯੂਕੇ ਦੇ ਯੂਰੋਪੀ ਮੰਤਰੀ ਜੇਮਸ ਕਲੈਵਰਲੀ ਨੇ ਕਿਹਾ, ''ਸੁਰੱਖਿਅਤ ਲਾਂਘੇ ਲਈ ਉਸ ਮੁਲਕ ਰਾਹੀਂ ਰੂਟ ਦੇਣਾ, ਜੋ ਮੌਜੂਦਾ ਸਮੇਂ ਤੁਹਾਨੂੰ ਤਬਾਹ ਕਰ ਰਹੇ ਹਨ, ਸਰਾਸਰ ਮੂਰਖਤਾ ਵਾਲੀ ਗੱਲ ਹੈ।''

ਯੂਕਰੇਨੀ ਸਰਕਾਰ ਨੇ ਇਸ ਦੀ ਥਾਂ ਅੱਠ ਰੂਟਾਂ ਦੀ ਤਜਵੀਜ਼ ਰੱਖੀ ਸੀ, ਜਿੱਥੋਂ ਅੱਗੇ ਪੱਛਮੀ ਮੁਲਕਾਂ ਨੂੰ ਸਫ਼ਰ ਕੀਤਾ ਜਾ ਸਕਦਾ ਸੀ ਤੇ ਇਥੇ ਰੂਸੀ ਫੌਜਾਂ ਦੀ ਗੋਲਾਬਾਰੀ ਵੀ ਨਹੀਂ ਸੀ। ਕੀਵ ਦੇ ਮੇਅਰ ਵਿਤਾਨੀ ਕਲਿਤਸ਼ਕੋ ਨੇ ਕੀਵ ਅਤੇ ਇਸ ਦੇ ਆਲੇ ਦੁਆਲੇ ਬੁਚਾ, ਹੋਸਟੋਮੈੱਲ, ਵੋਰਜ਼ੈੱਲ ਤੇ ਇਰਪਿਨ, ਜੋ ਸੁਰੱਖਿਅਤ ਲਾਂਘੇ ਤੋਂ ਕਿਤੇ ਦੂਰ ਹਨ, ਵਿੱਚ ਲਗਾਤਾਰ ਗੋਲਾਬਾਰੀ ਜਾਰੀ ਹੈ। ਆਮ ਨਾਗਰਿਕਾਂ ਦੀ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਯੁੂਕਰੇਨ ਦੇ ਜਨਰਲ ਸਟਾਫ਼ ਮੁਤਾਬਕ ਰੂਸੀ ਫੌਜਾਂ ਨੇ ਕੀਵ ਤੋਂ ਦੱਖਣ ਵੱਲ ਮਾਈਕੋਲੇਵ ਸ਼ਹਿਰ ਵਿੱਚ ਹਮਲੇ ਜਾਰੀ ਰੱਖੇ। ਐਮਰਜੈਂਸੀ ਸੇਵਾਵਾਂ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਖਾਰਕੀਵ ਵਿੱਚ ਲੰਘੀ ਰਾਤ ਹੋਈ ਗੋਲਾਬਾਰੀ ਵਿੱਚ ਅੱਠ ਵਿਅਕਤੀ ਮਾਰੇ ਗਏ ਤੇ ਰਿਹਾਇਸ਼ੀ ਇਮਾਰਤਾਂ, ਮੈਡੀਕਲ, ਸਿੱਖਿਆ ਸੰਸਥਾਨ ਤੇ ਪ੍ਰਸ਼ਾਸਨਿਕ ਇਮਾਰਤਾਂ ਤਬਾਹ ਹੋ ਗਈਆਂ।

ਯੂਕਰੇਨੀ ਸਦਰ ਨੇ ਰੂਸੀ ਉਤਪਾਦਾਂ ਦੇ ਆਲਮੀ ਬਾਈਕਾਟ ਦਾ ਸੱਦਾ ਦਿੰਦਿਆਂ ਕਿਹਾ, ''ਜੇਕਰ ਜੰਗ ਜਾਰੀ ਰਹੀ ਤੇ ਰੂਸ ਨੇ ਯੂੁਕਰੇਨ ਖਿਲਾਫ਼ ਟਕਰਾਅ ਵਾਲੀ ਨੀਤੀ ਨਾ ਛੱਡੀ ਤਾਂ ਸਾਨੂੰ ਨਵੀਂ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰਨਾ ਹੋਵੇਗਾ। ਜ਼ੇਲੈਂਸਕੀ ਨੇ ਅਮਰੀਕਾ ਤੇ ਨਾਟੋ ਮੁਲਕਾਂ ਨੂੰ ਯੂਕਰੇਨ ਵਿੱਚ ਹੋਰ ਜੰਗੀ ਜਹਾਜ਼ ਭੇਜਣ ਲਈ ਕਿਹਾ ਹੈ। -ਏਪੀ

ਯੂਕਰੇਨ ਵੱਲੋਂ ਰੂਸ ਖ਼ਿਲਾਫ਼ ਕੌਮਾਂਤਰੀ ਅਦਾਲਤ ਦਾ ਰੁਖ਼

ਹੇਗ: ਕੀਵ ਦੇ ਇਕ ਪ੍ਰਤੀਨਿਧੀ ਨੇ ਸੰਯੁਕਤ ਰਾਸ਼ਟਰ ਦੀ ਸਿਖ਼ਰਲੀ ਅਦਾਲਤ ਵਿਚ ਅੱਜ ਕਿਹਾ ਕਿ ਰੂਸ ਨੂੰ ਹਮਲਾ ਰੋਕਣ ਦੇ ਹੁਕਮ ਦਿੱਤੇ ਜਾਣ। ਜਦਕਿ ਰੂਸ ਨੇ ਸੁਣਵਾਈ ਦੌਰਾਨ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਯੂਕਰੇਨ ਦੇ ਪ੍ਰਤੀਨਿਧੀ ਨੇ ਕੌਮਾਂਤਰੀ ਅਦਾਲਤ (ਆਈਸੀਜੇ) ਦੇ ਜੱਜਾਂ ਨੂੰ ਕਿਹਾ ਕਿ ਰੂਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਤੇ ਅਦਾਲਤ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਜ਼ਿਕਰਯੋਗ ਹੈ ਕਿ ਰੂਸ ਦਾਅਵਾ ਕਰਦਾ ਹੈ ਕਿ ਉਸ ਨੇ ਯੂਕਰੇਨ ਵਿਚ ਫ਼ੌਜੀ ਕਾਰਵਾਈ ਰੂਸ ਪੱਖੀ ਵੱਖਵਾਦੀ ਖੇਤਰਾਂ ਦੇ ਲੋਕਾਂ ਦੇ ਕਤਲੇਆਮ ਨੂੰ ਰੋਕਣ ਲਈ ਕੀਤੀ ਹੈ। ਮਾਸਕੋ ਵੱਲੋਂ ਦੋਨੇਤਸਕ ਤੇ ਲੁਹਾਂਸਕ ਖੇਤਰਾਂ ਬਾਰੇ ਕੀਤੇ ਗਏ ਦਾਅਵੇ ਨੂੰ ਖਾਰਜ ਕਰਦਿਆਂ ਯੂਕਰੇਨ ਨੇ ਇਸ ਨੂੰ 'ਵੱਡਾ ਝੂਠ' ਕਰਾਰ ਦਿੱਤਾ। ਯੂਕਰੇਨ ਦੇ ਪ੍ਰਤੀਨਿਧੀ ਨੇ ਕਿਹਾ ਕਿ ਅਦਾਲਤ ਵਿਚ ਰੂਸ ਦੀਆਂ ਖਾਲੀ ਕੁਰਸੀਆਂ ਬਸ ਰੌਲਾ ਪਾ ਰਹੀਆਂ ਹਨ, ਕਿਉਂਕਿ ਉਹ ਇੱਥੇ ਨਹੀਂ ਬਲਕਿ ਉਹ ਤਾਂ ਜੰਗ ਦੇ ਮੈਦਾਨ ਵਿਚ ਯੂਕਰੇਨ ਉਤੇ ਲਗਾਤਾਰ ਹਮਲੇ ਕਰ ਰਹੇ ਹਨ। ਯੂਕਰੇਨ ਦੀ ਬੇਨਤੀ ਉਤੇ ਅਦਾਲਤ ਅਗਲੇ ਕੁਝ ਦਿਨਾਂ ਵਿਚ ਫ਼ੈਸਲਾ ਸੁਣਾਏਗੀ। -ਏਪੀ

ਰੂਸੀ ਸਾਈਬਰ ਹਮਲੇ: ਯੂਕਰੇਨ ਵੱਲੋਂ 'ਆਈਟੀ ਆਰਮੀ' ਵਿੱਚ ਭਰਤੀ ਸ਼ੁਰੂ

ਗੋਲਡ ਕੋਸਟ: ਰੂਸ ਵੱਲੋਂ ਯੂਕਰੇਨ ਵਿੱਚ ਫੌਜੀ ਕਾਰਵਾਈ ਦੇ ਨਾਲ ਕੀਤੇ ਜਾ ਰਹੇ ਸਾਈਬਰ ਹਮਲਿਆਂ ਦੇ ਟਾਕਰੇ ਲਈ ਲਈ ਯੂਕਰੇਨੀ ਸਰਕਾਰ ਨੇ 'ਆਈਟੀ ਫੌਜ' ਵਿੱਚ ਭਰਤੀ ਦਾ ਅਮਲ ਸ਼ੁਰੂ ਕੀਤਾ ਹੈ। ਯੂਕਰੇਨ ਵੱਲੋਂ ਫੌਜ ਵਿੱਚ ਸਾਈਬਰ ਯੋਧਿਆਂ ਨੂੰ ਸ਼ਾਮਲ ਕੀਤਾ ਜਾ ਰਿਹੈ। ਇਕ ਰਿਪੋਰਟ ਮੁਤਾਬਕ ਸਿਵਲੀਅਨ ਵਾਲੰਟੀਅਰਾਂ ਦੇ ਇਸ ਗਰੁੱਪ ਨੂੰ 'ਸਾਈਬਰ ਮਿਲੀਸ਼ੀਆ' ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦਾ ਮੁੱਖ ਕੰਮ ਰੂਸੀ ਹੈਕਰਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਜਵਾਬ ਦੇਣਾ ਤੇ ਮੋੜਵੇਂ ਸਾਈਬਰ ਹਮਲੇ ਕਰਨਾ ਹੈ। ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਮਿਖਾਇਲੋ ਫੈਡੋਰੋਵ, ਜੋ ਮੁਲਕ ਦੇ ਡਿਜੀਟਲ ਟਰਾਂਸਫਰਮੇਸ਼ਨ ਮੰਤਰੀ ਵੀ ਹਨ, ਨੇ 'ਡਿਜੀਟਲ ਮਾਹਿਰਾਂ' ਨੂੰ ਇਸ ਰਜ਼ਿਸਟੈਂਸ ਫੋਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਰਿਪੋਰਟ ਮੁਤਾਬਕ ਕੁੱਲ ਆਲਮ ਤੋਂ 2.75 ਲੱਖ ਤੋਂ ਵੱਧ ਵਾਲੰਟੀਅਰਾਂ ਨੇ ਇਸ ਸੱਦੇ ਲਈ ਹਾਮੀ ਭਰੀ ਹੈ। ਆਸਟਰੇਲੀਆ ਨੇ ਮਨੁੱਖਤਾ ਦੇ ਆਧਾਰ 'ਤੇ ਯੂਕਰੇਨ ਦੀ ਬਾਂਹ ਫੜਨ ਦਾ ਸੱਦਾ ਦਿੱਤਾ ਹੈ। ਯੂਕੇ, ਕੈਨੇਡਾ ਤੇ ਡੈਨਮਾਰਕ ਜਿਹੇ ਮੁਲਕ ਭਾਵੇਂ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੇ ਕੌਮਾਂਤਰੀ ਪ੍ਰਾਦੇਸ਼ਕ ਰੱਖਿਆ ਲਸ਼ਕਰ ਵਿੱਚ ਨਾਮ ਸੂਚੀਬੰਦ ਕਰਵਾਉਣ ਲਈ ਆਖ ਚੁੱਕੇ ਹਨ, ਪਰ ਕੈਨਬਰਾ ਸਰਕਾਰ ਨੇ ਆਸਟਰੇਲੀਆ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ। -ਏਜੰਸੀ



Most Read

2024-09-20 16:43:57