World >> The Tribune


ਜੌਹਨਸਨ ਵੱਲੋਂ ਵਿਸ਼ਵ ਨੇਤਾਵਾਂ ਨੂੰ ਪੂਤਿਨ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ


Link [2022-03-08 05:34:49]



ਲੰਡਨ, 7 ਮਾਰਚ

ਬਰਤਾਨੀਆ ਦੇ ਪ੍ਰਧਾਨ ਬੌਰਿਸ ਜੌਹਨਸਨ ਨੇ ਅੱਜ ਲੰਡਨ ਦੇ 'ਡਾਊਨਿੰਗ ਸਟ੍ਰੀਟ' ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਦੀ ਮੇਜ਼ਬਾਨੀ ਕੀਤੀ। ਤਿੰਨਾਂ ਪ੍ਰਧਾਨ ਮੰਤਰੀਆਂ ਨੇ ਬ੍ਰਿਟਿਸ਼ ਹਥਿਆਰਬੰਦ ਬਲਾਂ ਦੇ ਮੈਂਬਰਾਂ ਨੂੰ ਮਿਲਣ ਲਈ ਰੌਇਲ ਏਅਰ ਫੋਰਸ (ਆਰਏਐੱਫ) ਅੱਡੇ ਦਾ ਦੌਰਾ ਵੀ ਕੀਤਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਫ਼ਤਰ 'ਡਾਊਨਿੰਗ ਸਟ੍ਰੀਟ' ਨੇ ਕਿਹਾ ਕਿ ਇਹ ਮੇਜ਼ਬਾਨੀ 'ਰੂਸੀ ਹਮਲੇ ਦੇ ਅੱਤਿਆਚਾਰਾਂ' ਖ਼ਿਲਾਫ਼ ਆਲਮੀ ਗੁੱਸਾ ਜੁਟਾਉਣ ਅਤੇ ਯੂਕਰੇਨ ਨੂੰ ਸਮਰਥਨ ਦੇਣ ਲਈ ਵਿਸ਼ਵ ਨੇਤਾਵਾਂ ਨਾਲ 'ਮਕਸਦ ਭਰਪੂਰ ਸਬੰਧਾਂ' ਦੀ ਸ਼ੁਰੂਆਤ ਦੀ ਪ੍ਰਤੀਕ ਹੈ। ਤਿੰਨੋਂ ਪ੍ਰਧਾਨ ਮੰਤਰੀ ਯੂਕਰੇਨ ਦੇ ਸ਼ਹਿਰਾਂ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਦੇਸ਼ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਮੁਕਾਬਲਾ ਕਰਨ ਦੇ ਅਗਲੇ ਕਦਮਾਂ ਬਾਰੇ ਚਰਚਾ ਕਰਨ ਲਈ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਅਤੇ ਇੱਕ ਸਾਂਝੀ ਤ੍ਰੈ-ਪੱਖੀ ਮੀਟਿੰਗ ਵੀ ਕਰਨਗੇ। ਜੌਹਨਸਨ ਨੇ ਕਿਹਾ, ''ਰੂਸ ਦੇ ਨਾਜਾਇਜ਼ ਅਤੇ ਬੇਕਿਰਕ ਹਮਲੇ ਮਗਰੋਂ ਅਸੀਂ ਦੁਨੀਆਂ ਨੂੰ ਯੂਕਰੇਨ ਦੇ ਬਹਾਦਰ ਲੋਕਾਂ ਨਾਲ ਖੜ੍ਹੇ ਹੁੰਦੇ ਦੇਖਿਆ ਹੈ।" ਉਨ੍ਹਾਂ ਕਿਹਾ, ''ਬਰਤਾਨੀਆ ਦੀ ਸਹਾਇਤਾ ਪਹਿਲਾਂ ਤੋਂ ਹੀ ਉਨ੍ਹਾਂ ਲੋਕਾਂ ਤੱਕ ਪਹੁੰਚ ਰਹੀ ਹੈ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ।'' -ਪੀਟੀਆਈ



Most Read

2024-09-21 03:03:24