Breaking News >> News >> The Tribune


ਐਗਜ਼ਿਟ ਪੋਲ: ਪੰਜਾਬ ਵਿੱਚ ‘ਆਪ’ ਤੇ ਯੂਪੀ ’ਚ ਮੁੜ ਭਾਜਪਾ


Link [2022-03-08 05:14:26]



ਸੰਜੀਵ ਸਿੰਘ ਬਰਿਆਣਾਚੰਡੀਗੜ੍ਹ, 7 ਮਾਰਚ

ਮੁੱਖ ਅੰਸ਼

ਨਿਊਜ਼ ਟੂਡੇ ਚਾਣਕਿਆ ਵੱਲੋਂ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣ ਦੀ ਪੇਸ਼ੀਨਗੋਈ

ਐਗਜ਼ਿਟ ਪੋਲਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ (ਆਪ) ਦੀ ਬਣੇਗੀ। ਪੰਜ ਸਾਲ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੀ ਝੋਲੀ ਪਈਆਂ ਸੀਟਾਂ ਵਿੱਚ ਵੱਡਾ ਫ਼ਰਕ ਸੀ, ਪਰ ਐਤਕੀਂ ਸਾਰੇ ਪ੍ਰਮੁੱਖ ਚੋਣ ਸਰਵੇਖਣਾਂ ਵਿੱਚ 'ਆਪ' ਸਾਰੀਆਂ ਰਵਾਇਤੀ ਪਾਰਟੀਆਂ ਤੋਂ ਕਿਤੇ ਅੱਗੇ ਹੈ ਤੇ ਪਾਰਟੀ ਨੂੰ 117 ਮੈਂਬਰੀ ਅਸੈਂਬਲੀ ਵਿੱਚ ਸਪਸ਼ਟ ਬਹੁਮੱਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2017 ਦੇ ਚੋਣ ਸਰਵੇਖਣਾਂ ਵਿੱਚ ਵੀ ਕੁਝ ਨੇ 'ਆਪ' ਨੂੰ ਸਪਸ਼ਟ ਬਹੁਮਤ ਮਿਲਦਾ ਵਿਖਾਇਆ ਸੀ, ਪਰ ਜਦੋਂ ਨਤੀਜੇ ਐਲਾਨੇ ਗਏ ਤਾਂ ਪਾਰਟੀ ਦੇ ਹਿੱਸੇ ਸਿਰਫ਼ 20 ਸੀਟਾਂ ਹੀ ਆਈਆਂ। ਪੰਜਾਬ ਚੋਣਾਂ ਵਿੱਚ ਐਤਕੀਂ ਪੰਜ-ਕੋਣੀ ਮੁਕਾਬਲੇ ਨੂੰ ਵੇਖਦਿਆਂ ਅਸਲ ਚੋਣ ਨਤੀਜੇ ਚੋਣ ਸਰਵੇਖਣਾਂ ਤੋਂ ਉਲਟ ਵੀ ਹੋ ਸਕਦੇ ਹਨ।

ਨਿਊਜ਼ 24 ਟੂਡੇ ਚਾਣਕਿਆ ਨੇ 'ਆਪ' ਨੂੰ 100 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਨਿਊਜ਼ ਐਕਸ ਨੇ 56-61 ਜਦੋਂਕਿ ਦਿ ਟਾਈਮਜ਼ ਨਾਓ ਵੀਟੋ ਤੇ ਰਿਪਬਲਿਕ ਦੇ ਸਰਵੇਖਣਾਂ ਵਿੱਚ 'ਆਪ' ਨੂੰ 70 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ। ਸੀ-ਵੋਟਰ ਸਰਵੇਖਣ ਵਿੱਚ ਆਪ ਨੂੰ 59-67 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਏਬੀਪੀ ਲੋਕਨੀਤੀ ਸੀਐੱਸਡੀਐੱਸ ਨੇ ਆਪਣੇ ਸਰਵੇਖਣ ਵਿੱਚ ਆਪ ਤੇ ਕਾਂਗਰਸ 'ਚ ਬਰਾਬਰ ਦੀ ਟੱਕਰ ਦਾ ਦਾਅਵਾ ਕੀਤਾ ਹੈ। ਸਰਵੇਖਣ ਵਿੱਚ ਆਪ ਨੂੰ 36-46 ਸੀਟਾਂ ਤੇ ਕਾਂਗਰਸ ਨੂੰ 46 ਤੋਂ 56 ਸੀਟਾਂ ਮਿਲਦੀਆਂ ਵਿਖਾਈਆਂ ਹਨ।

ਨਿਊਜ਼ ਐਕਸ ਨੇ ਕਾਂਗਰਸ ਨੂੰ 24-29, ਚਾਣਕਿਆ ਨੇ 10, ਟਾਈਮਜ਼ ਨਾਓ ਵੀਟੋ ਨੇ 22 ਤੇ ਰਿਪਬਲਿਕ ਨੇ 23-31 ਸੀਟਾਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਚਾਣਕਿਆ ਨੇ 6, ਸੀ-ਵੋਟਰ ਨੇ 5-13, ਇੰਡੀਆ ਟੂਡੇ ਐਕਸਿਸ ਨੇ 4-7 ਤੇ ਇੰਡੀਆ ਨਿਊਜ਼ ਐੱਮਆਰਸੀ ਨੇ 7, ਟਾਈਮਜ਼ ਨਾਓ ਵੀਟੋ ਨੇ 19, ਰਿਪਬਲਿਕ ਨੇ 23-31, ਏਬੀਪੀ ਲੋਕਨੀਤੀ ਸੀਐੱਸਡੀਐੈੱਸ ਨੇ 19-27 ਤੇ ਨਿਊਜ਼ ਐਕਸ ਨੇ 24-29 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਨਿਊਜ਼ ਐਕਸ ਨੇ ਭਾਜਪਾ ਨੂੰ 6 ਜਦੋਂਕਿ ਟੂਡੇਜ਼ ਚਾਣਕਿਆ ਨੇ ਸਿਰਫ਼ ਇਕ ਸੀਟ ਦਿੱਤੀ ਹੈ। ਸਾਰੇ ਚੋਣ ਸਰਵੇਖਣਾਂ ਦੀ ਰਿਪੋਰਟ ਮੁਤਾਬਕ ਭਾਜਪਾ ਲਈ ਦਹਾਈ ਦੇ ਅੰਕੜੇ ਤੱਕ ਪੁੱਜਣਾ ਵੀ ਔਖਾ ਹੋਵੇਗਾ। ਕਿਸਾਨਾਂ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਦੇ ਵਰਕਰ ਦਲਜੀਤ ਸਿੰਘ ਨੇ ਕਿਹਾ, ''ਪਿਛਲੀ ਵਾਰ ਚੋਣ ਸਰਵੇਖਣਾਂ ਤੇ ਚੋਣ ਨਤੀਜਿਆਂ ਵਿੱਚ ਵੱਡਾ ਫਰਕ ਸੀ। ਅਸੀਂ ਚੋਣ ਨਤੀਜੇ ਵੇਖ ਕੇ ਹੈਰਾਨ ਸੀ। ਪਰ ਐਤਕੀਂ ਇਹ ਗੱਲ ਅਹਿਮ ਹੈ ਕਿ ਸਾਰੇ ਚੋਣ ਸਰਵੇਖਣਾਂ ਵਿੱਚ 'ਆਪ' ਨੂੰ ਸਪਸ਼ਟ ਬਹੁਮੱਤ ਮਿਲਦਾ ਵਿਖਾਇਆ ਗਿਆ ਹੈ, ਜੋ ਸੱਚ ਹੋਣਾ ਚਾਹੀਦਾ ਹੈ।''

ਅਸੀਂ ਸਪੱਸ਼ਟ ਬਹੁਮੱਤ ਨਾਲ ਮੁੜ ਸਰਕਾਰ ਬਣਾਵਾਂਗੇ: ਚੌਧਰੀ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੋਣ ਸਰਵੇਖਣਾਂ ਵਿਚਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, ''ਸਾਡੀ ਪਾਰਟੀ ਸਪਸ਼ਟ ਬਹੁਮੱਤ ਨਾਲ ਸਰਕਾਰ ਬਣਾੲੇਗੀ। ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ ਹੈ। ਉਨ੍ਹਾਂ ਨੇ ਰੌਸ਼ਨ ਭਵਿੱਖ ਵੇਖਿਆ ਹੈ, ਜੋ ਸਿਰਫ਼ ਸਾਡੇ ਸੱਤਾ ਵਿੱਚ ਆਉਣ 'ਤੇ ਸੰਭਵ ਹੈ।'' ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਸਰਵੇਖਣਾਂ ਨੂੰ 'ਬੇਬੁਨਿਆਦ' ਕਰਾਰ ਦਿੱਤਾ ਹੈ।

ਸਾਨੂੰ ਚੋਣ ਸਰਵੇਖਣਾਂ 'ਤੇ ਯਕੀਨ ਨਹੀਂ: ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਚੋਣ ਸਰਵੇਖਣਾਂ ਦੇ ਪ੍ਰਤੀਕਰਮ 'ਚ ਕਿਹਾ, ''ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ 'ਤੇ ਯਕੀਨ ਨਹੀਂ ਹੈ। ਪਿਛਲੀਆਂ ਚੋਣਾਂ ਮੌਕੇ ਵੀ ਇਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਏ ਸੀ ਤੇ ਐਤਕੀਂ ਫਿਰ ਚੋਣ ਪੰਡਿਤ ਗ਼ਲਤ ਸਾਬਤ ਹੋਣਗੇ। ਅਕਾਲੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਉਣਗੇ।''

ਉੱਤਰਾਖੰਡ ਵਿੱਚ ਬਰਾਬਰ ਦੀ ਟੱਕਰ

ਨਵੀਂ ਦਿੱਲੀ, 7 ਮਾਰਚ

ਮੁੱਖ ਅੰਸ਼

ਮਨੀਪੁਰ ਵਿੱਚ ਭਾਜਪਾ ਦਾ ਹੱਥ ਉੱਚਾ ਰਹਿਣ ਦੇ ਆਸਾਰ ਗੋਆ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਾ ਮਿਲਣ ਦਾ ਦਾਅਵਾ

ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ਲਈ ਐਲਾਨੇ ਚੋਣ ਪ੍ਰੋਗਰਾਮ ਦਾ ਅਮਲ ਮੁਕੰਮਲ ਹੁੰਦੇ ਸਾਰ ਜਾਰੀ ਚੋਣ ਸਰਵੇਖਣਾਂ ਵਿੱਚ ਯੂਪੀ ਵਿੱਚ ਮੁੜ ਭਾਜਪਾ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦੋਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਕਾਂਗਰਸ ਨੂੰ ਲਾਂਭੇ ਕਰਕੇ ਆਪਣੇ ਦਮ 'ਤੇ ਸਰਕਾਰ ਬਣਾਉਂਦੀ ਦਿਸ ਰਹੀ ਹੈ।

ਉੱਤਰਾਖੰਡ, ਮਨੀਪੁਰ ਤੇ ਗੋਆ ਵਿੱਚ ਭਾਜਪਾ ਦਾ ਹੱਥ ਉੱਤੇ ਦੱਸਿਆ ਗਿਆ ਹੈ, ਪਰ ਕੁਝ ਚੋਣ ਸਰਵੇਖਣਾਂ ਵਿੱਚ ਪਹਾੜੀ ਰਾਜ ਉੱਤਰਾਖੰਡ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਬਰਾਬਰ ਦੀ ਟੱਕਰ ਹੈ ਤੇ ਗੋਆ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ। ਐੱਨਡੀਟੀਵੀ ਵੱਲੋਂ ਕੀਤੇ 'ਪੋਲ ਆਫ਼ ਪੋਲਜ਼' ਸਰਵੇਖਣ ਦੀ ਮੰਨੀਏ ਤਾਂ ਪੰਜ ਰਾਜਾਂ ਵਿੱਚੋਂ ਚਾਰ ਵਿੱਚ ਭਾਜਪਾ ਦੀ ਮੁੜ ਸਰਕਾਰ ਬਣ ਰਹੀ ਹੈ ਜਦੋਂਕਿ ਪੰਜਾਬ ਵਿੱਚ 67 ਸੀਟਾਂ ਨਾਲ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਦੇ ਆਸਾਰ ਹਨ।

ਸੀਐੱਨਐੱਨ ਨਿਊਜ਼ 18, ਟਾਈਮਜ਼ ਨਾਓ, ਰਿਪਬਲਿਕ ਟੀਵੀ ਤੇ ਨਿਊਜ਼ ਐਕਸ ਚੈਨਲਾਂ ਵੱਲੋਂ ਵਿਖਾਏ ਜਾ ਰਹੇ ਐਗਜ਼ਿਟ ਪੋਲਾਂ ਮੁਤਾਬਕ ਯੂਪੀ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ 211 ਤੋਂ 277 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਇਸ ਦੀ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 119 ਤੋਂ 160 ਦਰਮਿਆਨ ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹੈ। ਸੀਐੱਨਐੱਨ ਨਿਊਜ਼ 18 ਨੇ ਭਾਜਪਾ ਤੇ ਭਾਈਵਾਲਾਂ ਨੂੰ 262-277 ਸੀਟਾਂ ਅਤੇ ਸਪਾ+ਭਾਈਵਾਲਾਂ ਨੂੰ 119-134 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਐੱਨਡੀਟੀਵੀ ਵੱਲੋਂ ਕੀਤੇ 'ਪੋਲ ਆਫ਼ ਪੋਲਜ਼' ਸਰਵੇਖਣ ਵਿੱਚ ਯੂਪੀ ਵਿੱਚ ਭਾਜਪਾ ਤੇ ਭਾਈਵਾਲਾਂ ਨੂੰ 231 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਾਰੇ ਹੀ ਚੋਣ ਸਰਵੇਖਣਾਂ ਮੁਤਾਬਕ ਭਾਜਪਾ ਭਾਵੇਂ ਯੂਪੀ ਵਿੱਚ ਮੁੜ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ, ਪਰ ਸਾਲ 2017 ਦੇ ਮੁਕਾਬਲੇ ਭਾਜਪਾ ਤੇ ਇਸ ਦੇ ਭਾਈਵਾਲਾਂ ਦਾ ਬਹੁਮੱਤ ਘੱਟ ਜਾਵੇਗਾ। ਯੂਪੀ ਦੀ 403 ਮੈਂਬਰੀ ਅਸੈਂਬਲੀ ਵਿੱਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਜਾਂ ਗੱਠਜੋੜ ਨੂੰ 202 ਸੀਟਾਂ ਦੀ ਲੋੜ ਹੈ।

ਉੱਤਰਾਖੰਡ ਤੇ ਗੋਆਂ ਲਈ ਚੋਣ ਸਰਵੇਖਣਾਂ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਬਰਾਬਰ ਦੀ ਟੱਕਰ ਦਰਸਾਈ ਗਈ ਹੈ। ਏਬੀਪੀ ਸੀ-ਵੋਟਰ ਨੇ ਆਪਣੇ ਚੋਣ ਸਰਵੇਖਣ ਵਿੱਚ ਉੱਤਰਾਖੰਡ 'ਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਐਗਜ਼ਿਟ ਪੋਲ ਮੁਤਾਬਕ ਕਾਂਗਰਸ 70 ਮੈਂਬਰੀ ਉੱਤਰਾਖੰਡ ਅਸੈਂਬਲੀ 'ਚ 35 ਸੀਟਾਂ ਜਿੱਤੇਗੀ ਜਦੋਂਕਿ ਭਾਜਪਾ ਦੇ ਹਿੱਸੇ 29 ਸੀਟਾਂ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਇਥੇ ਇਕ ਸੀਟ ਜਿੱਤਣ ਦੇ ਅਨੁਮਾਨ ਹਨ। ਪੋਲ ਆਫ਼ ਪੋਲਜ਼ ਨੇ ਉੱਤਰਾਖੰਡ ਵਿੱਚ ਭਾਜਪਾ ਨੂੰ 35 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਉਂਜ ਆਜ਼ਾਦ ਤੇ ਹੋਰ ਜਿਨ੍ਹਾਂ ਦੇ ਪੰਜ ਸੀਟਾਂ ਜਿੱਤਣ ਦੇ ਆਸਾਰ ਹਨ, ਕਿੰਗਮੇਕਰ ਸਾਬਤ ਹੋ ਸਕਦੇ ਹਨ। ਬਸਪਾ ਦੇ ਹਿੱਸੇ ਤਿੰਨ ਸੀਟਾਂ ਆ ਸਕਦੀਆਂ ਹਨ। ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 32 ਤੋਂ 38, ਭਾਜਪਾ ਨੂੰ 26 ਤੋਂ 32 ਤੇ ਹੋਰਨਾਂ ਨੂੰ 3-7 ਸੀਟਾਂ ਮਿਲਣ ਦੇ ਆਸਾਰ ਹਨ।

ਮਨੀਪੁਰ ਵਿੱਚ ਕਾਂਗਰਸ ਦੇ ਮੁਕਾਬਲੇ ਭਾਜਪਾ, ਐੱਨਪੀਪੀ, ਐੱਨਪੀਐੱਫ ਤੇ ਜੇਡੀ(ਯੂ) ਗੱਠਜੋੜ ਦਾ ਹੱਥ ਉੱਚਾ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ੲੇਬੀਪੀ-ਸੀ-ਵੋਟਰ ਮੁਤਾਬਕ 60 ਮੈਂਬਰੀ ਮਨੀਪੁਰ ਅਸੈਂਬਲੀ ਵਿੱਚ ਭਾਜਪਾ ਨੂੰ 23 ਤੋਂ 27 ਜਦੋਂਕਿ ਕਾਂਗਰਸ ਨੂੰ 12 ਤੋਂ 16 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਤੋਂ ਨਾਰਾਜ਼ ਦੋ ਭਾਈਵਾਲਾਂ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਤੇ ਨਾਗਾ ਪੀਪਲਜ਼ ਫਰੰਟ (ਐੱਨਪੀਐੱਫ) ਨੂੰ ਕ੍ਰਮਵਾਰ 10-14 ਤੇ 3 ਤੋਂ 7 ਸੀਟਾਂ ਮਿਲਣ ਦੀ ਆਸ ਹੈ। ਪੋਲ ਆਫ਼ ਪੋਲਜ਼ ਵਿੱਚ ਭਾਜਪਾ ਨੂੰ ਮਨੀਪੁਰ ਵਿੱਚ 30 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ।



Most Read

2024-09-22 12:29:30