Breaking News >> News >> The Tribune


ਸਰਵੇਖਣਾਂ ਦਾ ਕੋਈ ਅਰਥ ਨਹੀਂ, ਸਾਨੂੰ ਤਿੰਨ ਸੌ ਤੋਂ ਵੱਧ ਸੀਟਾਂ ਮਿਲਣਗੀਆਂ: ਅਖਿਲੇਸ਼


Link [2022-03-08 05:14:26]



ਲਖਨਊ, 7 ਮਾਰਚ

ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਮੁੜ ਸਰਕਾਰ ਬਣਾਉਣ ਵਾਲੇ ਸਰਵੇਖਣਾਂ ਨੂੰ ਰੱਦ ਕਰਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ 10 ਮਾਰਚ ਨੂੰ ਨਤੀਜਿਆਂ ਦੇ ਐਲਾਨ ਨਾਲ ਹੁਕਮਰਾਨ ਪਾਰਟੀ ਦਾ ਸੂਬੇ 'ਚੋਂ ਸਫਾਇਆ ਹੋ ਜਾਵੇਗਾ। ਉਨ੍ਹਾਂ ਕੁਝ ਟੀਵੀ ਚੈਨਲਾਂ ਦੀਆਂ ਪੇਸ਼ੀਨਗੋਈਆਂ ਨੂੰ ਨਕਾਰਦਿਆਂ ਕਿਹਾ,''ਉਨ੍ਹਾਂ ਨੂੰ ਜੋ ਮਰਜ਼ੀ ਦਿਖਾਉਣ ਦਿਉ। ਅਸੀਂ ਬਹੁਮਤ ਨਾਲ ਜਿੱਤਣ ਵਾਲੇ ਹਾਂ।'' ਵੱਖ ਵੱਖ ਚੈਨਲਾਂ ਵੱਲੋਂ ਕੀਤੇ ਗਏ ਐਗਜ਼ਿਟ ਪੋਲਜ਼ ਦੇ ਪ੍ਰਸਾਰਣ ਤੋਂ ਪਹਿਲਾਂ ਯਾਦਵ ਨੇ ਯੂਪੀ 'ਚ ਚੋਣਾਂ ਦੇ ਅੰਤਿਮ ਗੇੜ ਦੀ ਸਮਾਪਤੀ 'ਤੇ ਖ਼ਬਰ ਏਜੰਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਦੀ ਅਗਵਾਈ ਹੇਠਲਾ ਗੱਠਜੋੜ ਯੂਪੀ 'ਚ 300 ਤੋਂ ਵੱਧ ਸੀਟਾਂ ਲੈ ਕੇ ਅਗਲੀ ਸਰਕਾਰ ਬਣਾਏਗਾ। ਸਮਾਜਵਾਦੀ ਪਾਰਟੀ ਮੁਖੀ ਨੇ ਪ੍ਰਚਾਰ ਦੌਰਾਨ 'ਝੂਠ ਅਤੇ ਫਰਜ਼ੀ ਡੇਟਾ' ਪੇਸ਼ ਕਰਨ ਲਈ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਇਸ ਦੀ ਸਮਝ ਆ ਗਈ ਹੈ ਅਤੇ ਉਨ੍ਹਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਆਪਣੇ ਭਵਿੱਖ ਲਈ ਵੋਟ ਪਾਈ ਹੈ। ਉਨ੍ਹਾਂ ਕਿਹਾ,''ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਮਗਰੋਂ ਭਾਜਪਾ ਦਾ ਸੂਬੇ 'ਚੋਂ ਸਫਾਇਆ ਹੋ ਜਾਵੇਗਾ। ਸਮਾਜਵਾਦੀ ਪਾਰਟੀ 300 ਤੋਂ ਜ਼ਿਆਦਾ ਸੀਟਾਂ ਲੈ ਕੇ 10 ਮਾਰਚ ਨੂੰ ਸਰਕਾਰ ਬਣਾਏਗੀ।'' ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਲੋਕਤੰਤਰ ਦੀ ਮਰਿਆਦਾ ਭੁੱਲ ਗਈ ਹੈ। 'ਉਸ ਨੂੰ ਵੋਟਾਂ ਦੀ ਕੀਮਤ ਨਹੀਂ ਪਤਾ ਹੈ। ਉਨ੍ਹਾਂ ਬੁਲਡੋਜ਼ਰ ਵਰਤੇ ਅਤੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤੇ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂਆਂ ਵੱਲੋਂ ਪ੍ਰਚਾਰ ਦੌਰਾਨ ਪਰਿਵਾਰਵਾਦ ਦੀ ਸਿਆਸਤ ਦੇ ਲਾਏ ਗਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀ ਇਕੱਲੀ ਪਾਰਟੀ ਹੈ, ਜਿਸ 'ਚ ਪਰਿਵਾਰਵਾਦ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਰਿਸ਼ਤੇਦਾਰ ਗੋਰਖਨਾਥ ਮੱਠ ਦਾ ਹਿੱਸਾ ਨਾ ਹੁੰਦਾ ਤਾਂ ਉਸ ਨੇ ਵੀ ਸਿਆਸਤ 'ਚ ਹੋਣਾ ਸੀ। ਉਨ੍ਹਾਂ ਪਰਿਵਾਰਵਾਦ ਦੀ ਸਿਆਸਤ ਲਈ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧਿਆ ਦੀ ਮਿਸਾਲ ਦਿੱਤੀ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਵੀ ਅਸਿੱਧੇ ਤੌਰ 'ਤੇ ਜ਼ਿਕਰ ਕੀਤਾ ਜਿਨ੍ਹਾਂ ਦੇ ਬੱਚੇ ਸਿਆਸਤ 'ਚ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ਼ਾਹ ਦਾ ਪੁੱਤਰ ਕ੍ਰਿਕਟ ਬੋਰਡ 'ਚ ਅਹੁਦੇਦਾਰ ਹੈ। -ਪੀਟੀਆਈ



Most Read

2024-09-22 12:43:46