Sport >> The Tribune


ਟੈਸਟ ਲੜੀ: ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ


Link [2022-03-07 10:14:02]



ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ (ਮੁਹਾਲੀ), 6 ਮਾਰਚ

ਭਾਰਤ ਨੇ ਇੱਥੇ ਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਪਹਿਲੇ ਟੈਸਟ ਮੈਚ ਸ੍ਰੀਲੰਕਾ ਨੂੰ ਇੱਕ ਪਾਰੀ ਅਤੇ 222 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਬਣਾ ਲਈ ਹੈ। ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਅੱਗੇ ਸ੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਨਹੀਂ ਟਿਕ ਸਕਿਆ ਅਤੇ ਭਾਰਤੀ ਟੀਮ ਨੇ ਤੀਜੇ ਦਿਨ ਹੀ ਜਿੱਤ ਹਾਸਲ ਕਰ ਲਈ। ਮੈਚ ਦੇ ਤੀਜੇ ਦਿਨ ਅੱਜ ਸ੍ਰੀਲੰਕਾ ਨੇ ਪਹਿਲੀ ਪਾਰੀ 'ਚ ਚਾਰ ਵਿਕਟਾਂ 'ਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪੂਰੀ ਟੀਮ 174 ਦੌੜਾਂ ਉੱਤੇ ਹੀ ਸਿਮਟ ਗਈ। ਪਹਿਲੀ ਪਾਰੀ ਵਿੱਚ ਸ੍ਰੀਲੰਕਾ ਵੱਲੋਂ ਪਥਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ। ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿੱਚ 400 ਦੌੜਾਂ ਦੀ ਲੀਡ ਹਾਸਲ ਹੋਈ। ਫਾਲੋਆਨ ਮਿਲਣ 'ਤੇ ਖੇਡਣ ਆਈ ਸ੍ਰੀਲੰਕਾ ਟੀਮ ਦੂਜੀ ਪਾਰੀ ਵਿੱਚ ਵੀ 178 ਦੌੜਾਂ ਹੀ ਬਣਾ ਸਕੀ। ਨਿਰੌਸ਼ਨ ਡਿਕਵੇਲਾ 51 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤੀ ਟੀਮ ਦੇ ਰਵਿੰਦਰ ਜਡੇਜਾ ਨੂੰ ਸ਼ਾਨਦਾਰ ਪ੍ਰਦਰਸ਼ਨ (ਨਾਬਾਦ 175 ਦੌੜਾਂ ਅਤੇ 9 ਵਿਕਟਾਂ ਲੈਣ) ਸਦਕਾ 'ਮੈਨ ਆਫ਼ ਦਿ ਮੈਚ' ਚੁਣਿਆ ਗਿਆ। ਰਵਿੰਦਰ ਜਡੇਜਾ ਨੇ ਆਖਿਆ ਕਿ ਮੁਹਾਲੀ ਦਾ ਮੈਦਾਨ ਉਸ ਲਈ ਲਈ ਹਮੇਸ਼ਾ ਵਧੀਆ ਸਾਬਿਤ ਹੋਇਆ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਜਿੱਤ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

ਪੰਜਾਬ ਦੇ ਰਾਜਪਾਲ ਨੇ ਵੀ ਮਾਣਿਆ ਮੈਚ ਦਾ ਆਨੰਦ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਅੱਜ ਪੀਸੀਏ ਸਟੇਡੀਅਮ ਵਿੱਚ ਪਹੁੰਚ ਕੇ ਸ੍ਰੀਲੰਕਾ ਅਤੇ ਭਾਰਤ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਦਾ ਆਨੰਦ ਮਾਣਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਰਾਜਪਾਲ ਪੁਰੋਹਿਤ ਦਾ ਨਿੱਘਾ ਸਵਾਗਤ ਕੀਤਾ।

ਦਰਸ਼ਕ ਮੈਦਾਨ ਵਿੱਚ ਵੜਿਆ

ਮੁਹਾਲੀ ਦੇ ਸਟੇਡੀਅਮ ਵਿੱਚ ਅੱਜ ਉਸ ਸਮੇਂ ਖਲਬਲੀ ਮਚ ਗਈ, ਜਦੋਂ ਇੱਕ ਦਰਸ਼ਕ ਮੈਦਾਨ ਵਿੱਚ ਵੜ ਗਿਆ ਅਤੇ ਉਹ ਭਾਰਤੀ ਖਿਡਾਰੀ ਜੈਯੰਤ ਯਾਦਵ ਕੋਲ ਜਾ ਕੇ ਖੜ੍ਹ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਮੁਹਾਲੀ ਦੇ ਫੇਜ਼ ਅੱਠ ਦੇ ਥਾਣੇ ਦੀ ਪੁਲੀਸ ਵੱਲੋਂ ਸਬੰਧਿਤ ਦਰਸ਼ਕ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਗਈ ਹੈ।



Most Read

2024-09-20 09:59:23