World >> The Tribune


ਯੂਕਰੇਨ ਜੰਗ: ਗੋਲੀਬੰਦੀ ਮੁੜ ਨਾਕਾਮ, ਕੀਵ ਨੇੜੇ ਜ਼ੋਰਦਾਰ ਬੰਬਾਰੀ


Link [2022-03-07 08:34:23]



ਕੀਵ/ਲਵੀਵ, 6 ਮਾਰਚ

ਰੂਸੀ ਫ਼ੌਜ ਵੱਲੋਂ ਅੱਜ ਯੂਕਰੇਨ ਦੇ ਦੋ ਸ਼ਹਿਰਾਂ ਵਿਚ ਆਰਜ਼ੀ ਤੌਰ 'ਤੇ ਐਲਾਨੀ ਗੋਲੀਬੰਦੀ ਮੁੜ ਨਾਕਾਮ ਹੋ ਗਈ। ਮਾਰਿਉਪੋਲ ਸ਼ਹਿਰ ਦੇ ਪ੍ਰਸ਼ਾਸਨ ਨੇ ਕਿਹਾ ਕਿ ਅੱਜ ਗੋਲੀਬੰਦੀ ਫਿਰ ਸਿਰੇ ਨਹੀਂ ਚੜ੍ਹ ਸਕੀ ਤੇ ਲੋਕ ਬਿਨਾਂ ਬਿਜਲੀ ਅਤੇ ਪਾਣੀ ਤੋਂ ਘਿਰੇ ਹੋਏ ਹਨ, ਸਖ਼ਤ ਠੰਢ ਦੀ ਮਾਰ ਵੀ ਝੱਲ ਰਹੇ ਹਨ। ਅੱਜ ਵੀ ਗੋਲੀਬਾਰੀ ਲਈ ਦੋਵਾਂ ਧਿਰਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਹੈ। ਰੂਸ ਪੱਖੀ ਵੱਖਵਾਦੀ ਖੇਤਰਾਂ ਦੇ ਆਗੂਆਂ ਨੇ ਦੱਸਿਆ ਕਿ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਬਾਰੇ ਸਹਿਮਤੀ ਬਣੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਗੋਲੀਬੰਦੀ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਸੀ। ਗੋਲੀਬੰਦੀ ਤੋੜਨ ਲਈ ਰੂਸ ਤੇ ਯੂਕਰੇਨ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੋਨੇਤਸਕ ਖੇਤਰ ਦੇ ਫ਼ੌਜੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਮਾਰਿਉਪੋਲ ਤੇ ਵੋਲਨੋਵਾਖਾ ਸ਼ਹਿਰਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਇਲਾਕਿਆਂ ਵੱਲ ਜਾਣ ਦੇਣ ਲਈ ਐਤਵਾਰ ਨੂੰ ਗੋਲੀਬੰਦੀ ਰਹੇਗੀ। ਪਰ ਇਹ ਕਿੰਨਾ ਚਿਰ ਲਾਗੂ ਰਹੇਗੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੁਪਹਿਰੇ 12 ਵਜੇ ਲੋਕਾਂ ਨੂੰ ਕੱਢਣਾ ਆਰੰਭਿਆ ਜਾਵੇਗਾ ਤੇ ਗੋਲੀਬੰਦੀ ਰਾਤ 9 ਵਜੇ ਤੱਕ ਲਾਗੂ ਰਹੇਗੀ। ਸ਼ਨਿਚਰਵਾਰ ਰਾਤ ਤੱਕ ਰੂਸੀ ਫ਼ੌਜ ਨੇ ਮਾਰਿਉਪੋਲ 'ਤੇ ਬੰਬਾਰੀ ਤੇਜ਼ ਕਰ ਦਿੱਤੀ ਸੀ। ਯੂਕਰੇਨ ਨੇ ਕਿਹਾ ਕਿ ਰੂਸੀ ਫ਼ੌਜ ਨੇ ਚਰਨੀਹੀਵ ਜੋ ਕਿ ਕੀਵ ਦੇ ਉੱਤਰ ਵਿਚ ਹੈ, ਦੇ ਰਿਹਾਇਸ਼ੀ ਖੇਤਰਾਂ ਉਤੇ ਬੰਬ ਸੁੱਟੇ ਹਨ। ਰੂਸ ਵੱਲੋਂ ਕੀਵ ਨੇੜਲੇ ਕਸਬਿਆਂ ਤੇ ਪਿੰਡਾਂ ਉਤੇ ਬੰਬਾਰੀ ਕੀਤੀ ਜਾ ਰਹੀ ਹੈ। ਯੂਕਰੇਨੀ ਫ਼ੌਜ ਨੇ ਕੀਵ ਦੁਆਲੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਸੜਕਾਂ ਬਲੌਕ ਕਰ ਰਹੇ ਹਨ ਤੇ ਮੋਰਚੇ ਪੁੱਟ ਰਹੇ ਹਨ। ਐਤਵਾਰ ਨੂੰ ਗੋਲੀਬੰਦੀ ਦੇ ਸਮਝੌਤੇ ਦੇ ਨਾਲ-ਨਾਲ ਰੂਸ ਤੇ ਯੂਕਰੇਨ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਲਈ ਵੀ ਸਹਿਮਤੀ ਬਣੀ ਸੀ। ਯੂਕਰੇਨੀ ਵਫ਼ਦ ਦੇ ਮੈਂਬਰ ਮੁਤਾਬਕ ਰੂਸ ਤੇ ਯੂਕਰੇਨ ਦਰਮਿਆਨ ਗੱਲਬਾਤ ਸੋਮਵਾਰ ਨੂੰ ਹੋਣ ਬਾਰੇ ਸਹਿਮਤੀ ਬਣੀ ਹੈ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਬੇਲਾਰੂਸ ਵਿਚ ਹੋਈ ਸੀ ਤੇ ਇਸ ਮੌਕੇ ਗੋਲੀਬੰਦੀ ਲਈ ਸਹਿਮਤੀ ਬਣੀ ਸੀ। ਜੰਗ ਵਿਚੋਂ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਲਾਂਘਾ ਦੇਣ ਖਾਤਰ ਦੋਵਾਂ ਮੁਲਕਾਂ ਦਾ ਇਹ ਸਮਝੌਤਾ ਹੋਇਆ ਸੀ। ਦੱਸਣਯੋਗ ਹੈ ਕਿ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਦਵਾਈਆਂ ਖ਼ਤਮ ਹੋ ਰਹੀਆਂ ਹਨ, ਹਜ਼ਾਰਾਂ ਲੋਕ ਭੋਜਨ ਤੇ ਪਾਣੀ ਦੀ ਕਮੀ ਝੱਲ ਰਹੇ ਹਨ, ਫੱਟੜ ਹੋਏ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਪਹਿਲਾਂ ਮਾਰਿਉਪੋਲ ਦੇ ਮੇਅਰ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਹਿਰ ਦੇ ਬਾਹਰ ਹਜ਼ਾਰਾਂ ਲੋਕ ਇੱਥੋਂ ਨਿਕਲਣ ਲਈ ਇਕੱਠੇ ਹੋਏ ਸਨ ਪਰ ਗੋਲੀਬਾਰੀ ਸ਼ੁਰੂ ਹੋ ਗਈ ਤੇ ਰਵਾਨਗੀ ਰੋਕਣੀ ਪਈ। ਉਨ੍ਹਾਂ ਕਿਹਾ ਕਿ ਮਗਰੋਂ ਹਮਲੇ ਹੋਰ ਵੀ ਤੇਜ਼ ਹੋ ਗਏ। ਮੇਅਰ ਨੇ ਕਿਹਾ ਕਿ ਸ਼ਹਿਰ ਬੁਰੀ ਤਰ੍ਹਾਂ ਜੰਗ ਵਿਚ ਘਿਰਿਆ ਹੋਇਆ ਹੈ। ਰਿਹਾਇਸ਼ੀ ਇਲਾਕਿਆਂ ਉਤੇ ਬੰਬ ਤੇ ਰਾਕੇਟ ਡਿੱਗ ਰਹੇ ਹਨ। ਅੱਜ ਮਾਰਿਉਪੋਲ ਤੋਂ ਲੋਕਾਂ ਨੂੰ ਜ਼ਪੋਰੀਜ਼ਜ਼ੀਆ ਵੱਲ ਕੱਢਿਆ ਜਾਣਾ ਸੀ ਕਿ ਜੋ ਕਿ ਉੱਥੋਂ 227 ਕਿਲੋਮੀਟਰ ਦੂਰ ਹੈ। ਰੂਸ ਨੇ ਦੱਖਣ ਵੱਲ ਕਾਫ਼ੀ ਖੇਤਰ ਕਬਜ਼ੇ ਹੇਠ ਲੈ ਲਿਆ ਹੈ। ਉਹ ਯੂਕਰੇਨ ਦਾ ਸੰਪਰਕ ਆਵਰੋਵ ਸਮੁੰਦਰੀ ਖੇਤਰ ਨਾਲੋਂ ਕੱਟਣਾ ਚਾਹੁੰਦੇ ਹਨ। ਮਾਰਿਉਪੋਲ 'ਤੇ ਕਬਜ਼ਾ ਕਰ ਕੇ ਰੂਸ ਕਰੀਮੀਆ ਤੱਕ ਜ਼ਮੀਨੀ ਲਾਂਘਾ ਬਣਾਉਣ ਵਿਚ ਸਫ਼ਲ ਹੋ ਜਾਵੇਗਾ। ਕਰੀਮੀਆ ਨੂੰ 2014 ਵਿਚ ਰੂਸ ਨੇ ਮੁਲਕ 'ਚ ਰਲਾ ਲਿਆ ਸੀ।

-ਏਪੀ/ਰਾਇਟਰਜ਼

ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ਵਿੱਚ ਇਕ ਘਰ ਨੂੰ ਲੱਗੀ ਅੱਗ ਨੇੜਿਓਂ ਲੰਘਦਾ ਯੂਕਰੇਨੀ ਨਾਗਰਿਕ। -ਫੋਟੋ: ਰਾਇਟਰਜ਼

ਜ਼ੇਲੈਂਸਕੀ ਵੱਲੋਂ ਯੂਕਰੇਨ ਨੂੰ ਮੁੜ 'ਨੋ-ਫਲਾਈ' ਜ਼ੋਨ ਬਣਾਉਣ ਦੀ ਅਪੀਲ

ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਮੁੜ ਦੂਜੇ ਮੁਲਕਾਂ ਨੂੰ ਅਪੀਲ ਕੀਤੀ ਕਿ ਯੂਕਰੇਨ ਦੇ ਉਪਰੋਂ 'ਨੋ-ਫਲਾਈ' ਜ਼ੋਨ ਬਣਾਇਆ ਜਾਵੇ। ਯੂਰੋਪੀਅਨ ਯੂਨੀਅਨ ਨੇ ਜ਼ੇਲੈਂਸਕੀ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਅਮਰੀਕਾ ਤੇ ਹੋਰਨਾਂ ਪੱਛਮੀ ਮੁਲਕਾਂ ਨੇ ਯੂਕਰੇਨ ਦੀ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ੇਲੈਂਸਕੀ ਨੇ ਅੱਜ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ 'ਸੰਸਾਰ ਐਨਾ ਮਜ਼ਬੂਤ ਤਾਂ ਹੈ ਕਿ ਯੂਕਰੇਨ ਉਪਰ ਨੋ-ਫਲਾਈ ਜ਼ੋਨ ਬਣਾ ਸਕੇ।' ਰੂਸ ਦੇ ਰਾਸ਼ਟਰਪਤੀ ਪੂਤਿਨ ਪਹਿਲਾਂ ਹੀ ਜ਼ੇਲੈਂਸਕੀ ਦੀ ਮੰਗ 'ਤੇ ਪੱਛਮ ਨੂੰ ਚਿਤਾਵਨੀ ਦੇ ਚੁੱਕੇ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਮੌਕੇ ਰੂਸ 'ਤੇ ਪਾਬੰਦੀਆਂ ਲਾਉਣ ਤੇ ਮਦਦ ਤੇਜ਼ੀ ਨਾਲ ਭੇਜਣ ਬਾਰੇ ਗੱਲਬਾਤ ਹੋਈ।

ਮੁਲਕ ਵਜੋਂ ਯੂਕਰੇਨ ਦੀ ਹੋਂਦ ਖਤਰੇ ਿਵੱਚ ਪਈ: ਪੂਤਿਨ

ਗੋਲੀਬੰਦੀ ਟੁੱਟਣ ਦੀ ਜ਼ਿੰਮੇਵਾਰੀ ਯੂਕਰੇਨ ਸਿਰ ਪਾਉਂਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਇਕ ਦੇਸ਼ ਵਜੋਂ ਯੂਕਰੇਨ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਗਿਆ ਹੈ। ਪੂਤਿਨ ਨੇ ਕਿਹਾ ਕਿ 'ਜਿਸ ਤਰ੍ਹਾਂ ਯੂਕਰੇਨ ਵਿਚ ਰੂਸ ਦਾ ਵਿਰੋਧ ਹੋ ਰਿਹਾ ਹੈ, ਉਹ ਯੂਕਰੇਨ ਨੂੰ ਇਕ ਮੁਲਕ ਵਜੋਂ ਖ਼ਤਰੇ ਵਿਚ ਪਾ ਰਹੇ ਹਨ।' ਰੂਸ ਨੇ ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦੇ ਲੜਾਕੂ ਜਹਾਜ਼ਾਂ ਨੂੰ ਥਾਂ ਨਾ ਦੇਣ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਯੂਕਰੇਨ ਵਿਚ ਉਨ੍ਹਾਂ ਦੀ ਮੁਹਿੰਮ ਯੋਜਨਾ ਮੁਤਾਬਕ ਚੱਲ ਰਹੀ ਹੈ ਤੇ ਜਦ ਤੱਕ ਕੀਵ ਲੜਾਈ ਨਹੀਂ ਰੋਕਦਾ, ਇਹ ਜਾਰੀ ਰਹੇਗੀ। ਪੂਤਿਨ ਨੇ ਅੱਜ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨਾਲ ਫੋਨ ਉਤੇ ਗੱਲਬਾਤ ਕੀਤੀ। ਤੁਰਕੀ ਦੇ ਰਾਸ਼ਟਰਪਤੀ ਨੇ ਪੂਤਿਨ ਨੂੰ ਗੋਲੀਬੰਦੀ ਦੀ ਅਪੀਲ ਕੀਤੀ ਸੀ। ਅਰਦੋਗਾਂ ਨੂੰ ਪੂਤਿਨ ਨੇ ਦੱਸਿਆ ਕਿ ਉਹ ਯੂਕਰੇਨ ਤੇ ਹੋਰਾਂ ਮੁਲਕਾਂ ਨਾਲ ਗੱਲਬਾਤ ਲਈ ਤਿਆਰ ਹਨ ਪਰ ਪਹਿਲਾਂ ਯੂਕਰੇਨ ਨੂੰ ਉਨ੍ਹਾਂ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਪੂਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਂ ਨਾਲ ਵੀ ਗੱਲਬਾਤ ਕੀਤੀ ਹੈ। ਤੁਰਕੀ ਨੇ ਯੂਕਰੇਨ ਤੇ ਰੂਸ ਨੂੰ ਆਪਣੇ ਮੁਲਕ ਵਿਚ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਹੈ।

ਕੀਵ ਨੇੜੇ ਬਿਰਧ ਮਹਿਲਾ ਦੀ ਮਦਦ ਕਰਦਾ ਹੋਇਆ ਿਵਅਕਤੀ। -ਫੋਟੋ: ਰਾਇਟਰਜ਼

ਵਰਤਮਾਨ ਸ਼ਰਨਾਰਥੀ ਸੰਕਟ ਦੂਜੀ ਵਿਸ਼ਵ ਜੰਗ ਵਰਗਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ : ਜੰਗ ਵਿਚ ਹੋਈਆਂ ਮੌਤਾਂ ਦੇ ਸਹੀ ਅੰਕੜਿਆਂ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਪਰ ਸੰਯੁਕਤ ਰਾਸ਼ਟਰ ਮੁਤਾਬਕ ਕਰੀਬ 351 ਨਾਗਰਿਕ ਮਾਰੇ ਗਏ ਹਨ। ਅਸਲ ਗਿਣਤੀ ਕਿਤੇ ਵੱਧ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ ਨੇ ਅੱਜ ਕਿਹਾ ਕਿ 15 ਲੱਖ ਤੋਂ ਵੱਧ ਲੋਕ ਯੂਕਰੇਨ ਦੀ ਸਰਹੱਦ ਪਾਰ ਕਰ ਕੇ ਵੱਖ-ਵੱਖ ਗੁਆਂਢੀ ਦੇਸ਼ਾਂ ਵਿਚ ਪਹੁੰਚ ਚੁੱਕੇ ਹਨ। ਏਜੰਸੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਸ਼ਰਨਾਰਥੀ ਸੰਕਟ ਐਨੀ ਤੇਜ਼ੀ ਨਾਲ ਵੱਧ ਰਿਹਾ ਹੈ।

ਰੂਸ ਵਿੱਚ ਸੇਵਾਵਾਂ ਬੰਦ ਕਰ ਰਹੇ ਨੇ ਮਾਸਟਰਕਾਰਡ ਤੇ ਵੀਜ਼ਾ

ਨਿਊਯਾਰਕ: ਮਾਸਟਰਕਾਰਡ ਅਤੇ ਵੀਜ਼ਾ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਨ। ਯੂਕਰੇਨ 'ਤੇ ਹਮਲੇ ਮਗਰੋਂ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਕਾਰੋਬਾਰੀ ਰਿਸ਼ਤੇ ਖ਼ਤਮ ਕਰਨ ਦੀ ਲੜੀ ਵਿੱਚ ਇਹ ਇੱਕ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ ਇਹ ਜਾਣਕਾਰੀ ਦਿੱਤੀ ਹੈ। ਮਾਸਟਰਕਾਰਡ ਨੇ ਕਿਹਾ ਕਿ ਰੂਸੀ ਬੈਂਕਾਂ ਵੱਲੋਂ ਜਾਰੀ ਕਾਰਡ ਨੂੰ ਹੁਣ ਉਸ ਦਾ ਨੈੱਟਵਰਕ ਸਵੀਕਾਰ ਨਹੀਂ ਕਰੇਗਾ। ਨਾਲ ਹੀ ਕਿਸੇ ਹੋਰ ਦੇਸ਼ ਵਿੱਚ ਜਾਰੀ ਹੋਇਆ ਕਾਰਡ ਰੂਸ ਦੇ ਸਟੋਰ ਜਾਂ ਏਟੀਐੱਮ ਵਿੱਚ ਕੰਮ ਨਹੀਂ ਕਰੇਗਾ। ਮਾਸਟਰਕਾਰਡ ਨੇ ਇੱਕ ਬਿਆਨ ਵਿੱਚ ਕਿਹਾ, ''ਅਸੀਂ ਜਲਦਬਾਜ਼ੀ ਵਿੱਚ ਇਹ ਫ਼ੈਸਲਾ ਨਹੀਂ ਲਿਆ।'' ਇਸ ਦੌਰਾਨ ਵੀਜ਼ਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਰੂਸ ਵਿੱਚ ਸਾਰੇ ਲੈਣ-ਦੇਣ 'ਤੇ ਰੋਕ ਲਾਉਣ ਲਈ ਖਪਤਕਾਰਾਂ ਅਤੇ ਭਾਈਵਾਲਾਂ ਨਾਲ ਕੰਮ ਕਰ ਰਿਹਾ ਹੈ। ਵੀਜ਼ਾ ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਲ ਕੈਲੀ ਨੇ ਬਿਆਨ ਵਿੱਚ ਕਿਹਾ, ''ਅਸੀਂ ਯੂਕਰੇਨ 'ਤੇ ਰੂਸ ਦੇ ਬਿਨਾਂ ਭੜਕਾਹਟ ਕੀਤੇ ਗਏ ਹਮਲੇ ਅਤੇ ਜੋ ਘਟਨਾਵਾਂ ਦੇਖ ਰਹੇ ਹਾਂ, ਉਸ ਮਗਰੋਂ ਇਹ ਕਦਮ ਚੁੱਕਣ ਲਈ ਮਜਬੂਰ ਹਾਂ।'' -ਏਪੀ

ਯੂਕਰੇਨੀ ਰਾਸ਼ਟਰਪਤੀ ਦੀ ਅਪੀਲ 'ਤੇ ਲੋਕਾਂ ਵੱਲੋਂ ਰੂਸੀ ਫ਼ੌਜ ਦਾ ਵਿਰੋਧ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸੀ ਬਲਾਂ ਨੂੰ ਟੱਕਰ ਦੇਣ। ਜ਼ੇਲੈਂਸਕੀ ਨੇ ਨਵੀਂ ਵੀਡੀਓ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ 'ਤੇ ਨਿਕਲ ਕੇ ਰੋਸ ਪ੍ਰਗਟਾਉਣ ਤੇ ਟੱਕਰ ਦੇਣ। ਰਾਸ਼ਟਰਪਤੀ ਦੀ ਗੱਲ ਮੰਨ ਕੇ ਹਜ਼ਾਰਾਂ ਯੂਕਰੇਨੀਆਂ ਨੇ ਰੋਸ ਮੁਜ਼ਾਹਰੇ ਕੀਤੇ ਹਨ। ਕਈ ਲੋਕਾਂ ਨੇ ਰੂਸੀ ਫ਼ੌਜੀ ਵਾਹਨਾਂ ਉਤੇ ਚੜ੍ਹ ਕੇ ਰੋਸ ਜ਼ਾਹਿਰ ਕੀਤਾ ਤੇ ਯੂਕਰੇਨ ਦੇ ਝੰਡੇ ਲਹਿਰਾਏ। ਖੇਰਾਸਨ ਸ਼ਹਿਰ ਵਿਚ ਰੂਸੀ ਫ਼ੌਜ ਨੇ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਵੀ ਕੀਤੇ। ਰੂਸ ਦੀ ਫ਼ੌਜ ਨੇ ਖਾਰਕੀਵ, ਮਾਇਕੋਲੈਵ, ਚਰਨੀਹੀਵ ਤੇ ਸੂਮੀ ਨੇ ਘੇਰਾ ਪਾ ਲਿਆ ਹੈ। ਯੂਕਰੇਨੀ ਫ਼ੌਜਾਂ ਹਾਲੇ ਕੇਂਦਰੀ ਤੇ ਦੱਖਣ-ਪੂਰਬੀ ਖੇਤਰਾਂ ਦੇ ਅਹਿਮ ਸ਼ਹਿਰਾਂ ਵਿਚ ਡਟੀਆਂ ਹੋਈਆਂ ਹਨ।



Most Read

2024-09-21 06:11:26