World >> The Tribune


ਖਾਰਕੀਵ ’ਚ ਫਸੇ ਪੰਜਾਬੀ ਵਿਦਿਆਰਥੀ ਬੱਸਾਂ ਰਾਹੀਂ ਅੱਜ ਪੁੱਜਣਗੇ ਪੋਲੈਂਡ


Link [2022-03-07 08:34:23]



ਜਗਤਾਰ ਿਸੰਘ ਲਾਂਬਾ

ਅੰਮ੍ਰਿਤਸਰ, 6 ਮਾਰਚ

ਰੂਸ-ਯੂਕਰੇਨ ਜੰਗ ਦੌਰਾਨ ਉਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਘਰਾਂ ਤਕ ਪਹੁੰਚਾਉਣ ਵਿਚ ਯੂਕਰੇਨ ਦੇ ਨੇੜਲੇ ਗੁਆਂਢੀ ਮੁਲਕਾਂ ਵਿਚੋਂ ਆਏ ਹਿੰਦੂ ਸਿੱਖ ਭਾਈਚਾਰੇ ਨਾਲ ਸਬੰਧਤ ਸਵੈ-ਸੇਵੀ ਜਥੇਬੰਦੀਆਂ ਦੀ ਅਹਿਮ ਭੂਮਿਕਾ ਰਹੀ ਹੈ। ਯੂਕਰੇਨ ਦੀਆਂ ਸਰਹੱਦਾਂ 'ਤੇ ਭਾਈਚਾਰਕ ਸਾਂਝ ਦੀ ਮਿਸਾਲ ਵੀ ਵੇਖਣ ਨੂੰ ਮਿਲੀ। ਇਹ ਪ੍ਰਗਟਾਵਾ ਪੋਲੈਂਡ ਯੂਕਰੇਨ ਬਾਰਡਰ 'ਤੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਹੈ। ਉਹ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਤੇ ਹੋਰਨਾਂ ਦੀ ਮਦਦ ਲਈ ਬੀਤੇ ਦੋ ਦਿਨ ਤੋਂ ਪੋਲੈਂਡ ਵਿੱਚ ਹਨ।

ਪੋਲੈਂਡ-ਯੂਕਰੇਨ ਬਾਰਡਰ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਰਕੀਵ ਵਿਚ ਫਸੇ ਪੰਜਾਬੀ ਵਿਦਿਆਰਥੀ ਤੇ ਹੋਰਨਾਂ ਦਾ ਇਕ ਵੱਡਾ ਸਮੂਹ ਭਲਕੇ 7 ਮਾਰਚ ਨੂੰ 5 ਜਾਂ 6 ਬੱਸਾਂ ਰਾਹੀਂ ਪੋਲੈਂਡ ਬਾਰਡਰ 'ਤੇ ਪੁੱਜੇਗਾ, ਜਿਨ੍ਹਾਂ ਨੂੰ ਉਹ ਜੀ ਆਇਆਂ ਕਹਿਣਗੇ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਬੀਤੇ ਕੱਲ੍ਹ ਤੋਂ ਚੱਲੇ ਹੋਏ ਹਨ। ਇਨ੍ਹਾਂ ਦੀ ਵਾਪਸੀ ਨਾਲ ਖਰਕੀਵ ਵਿਚ ਫਸੇ ਸਾਰੇ ਭਾਰਤੀ ਸੁਰੱਖਿਅਤ ਨਿਕਲ ਆਏ ਹਨ। ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਹਜ਼ਾਰ ਤੋਂ ਵੱਧ ਭਾਰਤੀ ਤੇ ਖਾਸ ਕਰਕੇ ਪੰਜਾਬੀ ਵਿਦਿਆਰਥੀ ਐੱਮਬੀਬੀਐੱਸ ਕਰ ਰਹੇ ਸਨ। ਇਹ ਸਾਰੇ ਵੱਖ ਵੱਖ ਸਾਲਾਂ ਦੇ ਵਿਦਿਆਰਥੀ ਹਨ। ਯੂਨੀਵਰਸਿਟੀ ਵਲੋਂ ਡਿਗਰੀ ਅਤੇ ਆਨਲਾਈਨ ਪੜ੍ਹਾਈ ਦਾ ਕੋਈ ਭਰੋਸਾ ਨਾ ਮਿਲਣ ਕਾਰਨ ਇਹ ਵਿਦਿਆਰਥੀ ਉਥੇ ਹੀ ਰੁਕ ਗਏ ਸਨ। ਇਨ੍ਹਾਂ ਨੂੰ ਜੰਗ ਕਾਰਨ ਬਾਅਦ ਵਿਚ ਖਾਰਕੀਵ ਦੇ ਮੈਟਰੋ ਸਟੇਸ਼ਨ ਦੇ ਜ਼ਮੀਨਦੋਜ਼ ਹਿੱਸੇ ਅਤੇ ਕਾਲਜ ਹੋਸਟਲ ਦੇ ਬੰਕਰਾਂ ਤੇ ਹੋਰ ਕਈ ਅਜਿਹੀਆਂ ਥਾਵਾਂ 'ਤੇ ਸ਼ਰਨ ਲੈ ਕੇ ਦਿਨ ਬਿਤਾਉਣੇ ਪੈ ਰਹੇ ਹਨ। ਖਾਰਕੀਵ, ਯੂਕਰੇਨ ਦੇ ਪੂਰਬੀ ਹਿੱਸੇ ਵਿਚ ਹੈ ਅਤੇ ਰੂਸ ਦੀ ਸਰਹੱਦ ਨੇੜੇ ਹੈ। ਸੰਸਦ ਮੈਂਬਰ ਨੇ ਵਾਪਸ ਪਰਤ ਰਹੇ ਵਿਦਿਆਰਥੀਆਂ ਨਾਲ ਪੋਲੈਂਡ ਦੇ ਵਰਸੋਵਾ ਸ਼ਹਿਰ ਵਿਚ ਗੁਰਦੁਆਰੇ ਅਤੇ ਮੰਦਿਰ ਤੋਂ ਇਲਾਵਾ ਅੱਜ ਯੂਕਰੇਨ ਸਰਹੱਦ ਨੇੜੇ ਰਜ਼ੇਜ਼ੋ ਹਵਾਈ ਅੱਡੇ 'ਤੇ ਮੁਲਾਕਾਤ ਕੀਤੀ ਹੈ। ਲਗਪਗ 250 ਵਿਦਿਆਰਥੀਆਂ ਦਾ ਇਹ ਸਮੂਹ ਅੱਜ ਦਿੱਲੀ ਲਈ ਰਵਾਨਾ ਹੋਇਆ ਹੈ, ਜਿਸ ਵਿਚ ਚੰਡੀਗੜ੍ਹ ਤੇ ਪੰਜਾਬ ਦੇ ਵੀ ਵਿਦਿਆਰਥੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਹਾਲਾਤ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਅਜਿਹੇ ਭਾਰਤੀ ਵੀ ਮਿਲੇ ਹਨ, ਜਿਨ੍ਹਾਂ ਨੇ ਪਹਿਲੀ ਮਾਰਚ ਨੂੰ ਭਾਰਤ ਸਰਕਾਰ ਦੀ ਐਡਵਾਈਜ਼ਰੀ ਮਿਲਣ ਮਗਰੋਂ ਯੂਕਰੇਨ ਛੱਡ ਦਿੱਤਾ ਸੀ। ਇਹ ਵਿਅਕਤੀ ਕਈ ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕਰਕੇ ਪੋਲੈਂਡ ਸਰਹੱਦ ਪੁੱਜੇ। ਕਈਆਂ ਦੇ ਪੈਰ ਸੁੱਜ ਗਏ ਸਨ। ਸਰਹੱਦ 'ਤੇ ਵੀ ਉਨ੍ਹਾਂ ਨੂੰ 18 ਤੋਂ 20 ਘੰਟਿਆਂ ਤਕ ਬਿਤਾਉਣੇ ਪਏ। ਸਰਹੱਦ ਪਾਰ ਕਰਕੇ ਪੋਲੈਂਡ ਪੁੱਜਣ 'ਤੇ ਉਨ੍ਹਾਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਲੈਂਡ ਤੋਂ ਇਲਾਵਾ ਹੰਗਰੀ, ਰੋਮਾਨੀਆ, ਸਲੋਵਾਕੀਆ ਆਦਿ ਮੁਲਕਾਂ ਦੀ ਸਰਹੱਦ 'ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਯੂਕਰੇਨ ਛੱਡ ਕੇ ਆਏ ਭਾਰਤੀਆਂ ਅਤੇ ਯੂਕਰੇਨੀਆਂ ਦੀ ਵੱਡੀ ਮਦਦ ਕੀਤੀ ਗਈ ਹੈ। ਵਾਪਸ ਪਰਤਣ ਵਾਲਿਆਂ ਲਈ ਲੰਗਰ ਦੀ ਸਹੂਲਤ, ਕੱਪੜੇ ਅਤੇ ਟੈਕਸੀ ਤੇ ਬੱਸਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਵਰਸੋਵਾ ਦੇ ਮੰਦਿਰ ਤੇ ਗੁਰਦੁਆਰੇ ਨੇ ਹਰੇਕ ਧਰਮ ਦੇ ਲੋਕਾਂ ਦੀ ਸ਼ਰਨ ਵਾਸਤੇ ਦਰਵਾਜ਼ੇ ਖੋਲ ਦਿੱਤੇ ਹਨ।

ਸੂਮੀ 'ਚ ਫਸੇ ਭਾਰਤੀਆਂ ਨੂੰ ਲਿਆਉਣਾ ਵੱਡੀ ਚੁਣੌਤੀ

ਔਜਲਾ ਨੇ ਕਿਹਾ ਕਿ ਇਸ ਵੇਲੇ ਯੂਕਰੇਨ ਦੇ ਪੂਰਬੀ ਇਲਾਕੇ ਸੂਮੀ ਵਿਚ ਫਸੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੁਰੱਖਿਅਤ ਲਿਆਉਣਾ ਵੱਡੀ ਚੁਣੌਤੀ ਬਣੀ ਹੋਈ ਹੈ। ਇਥੇ ਰੂਸ ਦੀ ਫੌਜ ਨੂੰ ਰੋਕਣ ਲਈ ਪੁਲ ਅਤੇ ਸੜਕਾਂ ਆਦਿ ਤੋੜ ਦਿੱਤੀਆਂ ਗਈਆਂ ਸਨ, ਜਿਸ ਨਾਲ ਉਥੇ ਸੰਪਰਕ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਮੀ ਵਿਚ ਇਕ ਹਜ਼ਾਰ ਤੋਂ ਵੱਧ ਭਾਰਤੀ ਫਸੇ ਹੋਏ ਹਨ। ਉਨ੍ਹਾਂ ਇੰਗਲੈਂਡ ਤੇ ਹੋਰ ਯੂਰਪੀ ਮੁਲਕਾਂ ਤੋਂ ਮਦਦ ਲਈ ਪੁੱਜੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਮੀ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਵਾਸਤੇ ਵੀ ਜਦੋ ਜਹਿਦ ਕਰਨ।

ਔਜਲਾ ਸੰਸਦ 'ਚ ਵੀ ਰੱਖਣਗੇ ਰਿਪੋਰਟ

ਗੁਰਜੀਤ ਸਿੰਘ ਔਜਲਾ ਆਪਣੇ ਪੋਲੈਂਡ ਦੌਰੇ ਸਬੰਧੀ ਇਕ ਰਿਪੋਰਟ ਸੰਸਦ ਵਿੱਚ ਵੀ ਰੱਖਣਗੇ। ਉਹ ਇਕੱਲੇ ਅਜਿਹੇ ਸਿਆਸੀ ਆਗੂ ਹਨ, ਜੋ ਨਿੱਜੀ ਤੌਰ 'ਤੇ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਪੋਲੈਂਡ ਯੂਕਰੇਨ ਸਰਹੱਦ 'ਤੇ ਪੁੱਜੇ ਹਨ। ਉਨ੍ਹਾਂ ਕੇਂਦਰ ਸਰਕਾਰ ਵਲੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਪ੍ਰਬੰਧਾਂ ਨੂੰ ਨਾ ਕਾਫੀ ਦੱਸਿਆ ਅਤੇ ਆਖਿਆ ਕਿ ਸਵੈ-ਸੇਵੀ ਜਥੇਬੰਦੀਆਂ ਦੀ ਮਦਦ ਕਾਰਨ ਹੀ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਸਕੀ ਹੈ।



Most Read

2024-09-21 06:01:21