World >> The Tribune


ਯੂਕਰੇਨ ਸੰਕਟ ਦੇ ਹੱਲ ਲਈ ਬੋਰਿਸ ਵੱਲੋਂ ਛੇ-ਨੁਕਾਤੀ ਏਜੰਡੇ ’ਤੇ ਜ਼ੋਰ


Link [2022-03-07 08:34:23]



ਲੰਡਨ, 6 ਮਾਰਚ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਰੂਸ ਤੇ ਯੂਕਰੇਨ ਦੇ ਸੰਕਟ ਦੇ ਹੱਲ ਲਈ ਛੇ ਨੁਕਤਿਆਂ ਵਾਲੇ ਏਜੰਡੇ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟਕਰਾਅ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ 'ਤੇ ਨਵੇਂ ਸਿਰਿਓਂ ਕੋਸ਼ਿਸ਼ਾਂ ਦੀ ਲੋੜ ਹੈ।

'ਦਿ ਨਿਊ ਯਾਰਕ ਟਾਈਮਜ਼' ਵਿਚ ਲਿਖੇ ਇਕ ਲੇਖ ਵਿਚ ਜੌਹਨਸਨ ਨੇ ਦੁਹਰਾਇਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ 'ਫ਼ੌਜੀ ਤਾਕਤ ਰਾਹੀਂ' ਕੌਮਾਂਤਰੀ ਵਿਵਸਥਾ ਦੇ ਨਿਯਮ ਮੁੜ ਲਿਖਣ ਦੀ ਆਪਣੀ ਕੋਸ਼ਿਸ਼ ਵਿਚ ਸਫ਼ਲ ਨਹੀਂ ਹੋਣੇ ਚਾਹੀਦੇ। ਬੋਰਿਸ ਅਗਲੇ ਹਫ਼ਤੇ ਲੰਡਨ ਵਿਚ 10 ਡਾਊਨਿੰਗ 'ਤੇ ਵਿਸ਼ਵ ਭਰ ਦੇ ਆਗੂਆਂ ਦੀ ਮੇਜ਼ਬਾਨੀ ਕਰ ਰਹੇ ਹਨ। ਉਨ੍ਹਾਂ ਦੇ ਛੇ-ਨੁਕਾਤੀ ਏਜੰਡੇ ਵਿਚ ਇਹ ਸ਼ਾਮਲ ਹੈ ਕਿ ਕਿਵੇਂ ਕੌਮਾਂਤਰੀ ਭਾਈਚਾਰੇ ਨੂੰ ਸੰਕਟ ਹੱਲ ਵੱਲ ਵਧਣਾ ਚਾਹੀਦਾ ਹੈ। ਇਸ ਵਿਚ ਮਨੁੱਖੀ ਤੇ ਫ਼ੌਜੀ ਪੱਧਰ ਦੀ ਮਦਦ ਨੂੰ ਥਾਂ ਦਿੱਤੀ ਗਈ ਹੈ। ਆਰਥਿਕ ਪਾਬੰਦੀਆਂ, ਕੂਟਨੀਤਕ ਹੱਲ, ਯੂਰੋਪ ਦੁਆਲੇ ਸੁਰੱਖਿਆ ਮਜ਼ਬੂਤ ਕਰਨ ਬਾਰੇ ਵੀ ਗੱਲ ਕੀਤੀ ਗਈ ਹੈ। ਜੌਹਨਸਨ ਨੇ ਕਿਹਾ ਕਿ ਪੂਤਿਨ ਇਸ ਭੜਕਾਊ ਕਾਰਵਾਈ ਵਿਚ ਨਾਕਾਮ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, 'ਸੰਸਾਰ ਦੇਖ ਰਿਹਾ ਹੈ। ਭਵਿੱਖੀ ਇਤਿਹਾਸਕਾਰ ਨਹੀਂ ਬਲਕਿ ਯੂਕਰੇਨ ਦੇ ਲੋਕ ਸਾਡੀ ਕਾਰਵਾਈ ਨੂੰ ਪਰਖ਼ਣਗੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਰੂਸ ਦੀ ਕਾਰਵਾਈ ਦਾ ਵਿਰੋਧ ਕਰਨ ਦੀ ਲੋੜ ਹੈ ਜੋ ਕਿ ਆਪਣੇ ਕਦਮਾਂ ਨੂੰ ਜਾਇਜ਼ ਠਹਿਰਾ ਰਿਹਾ ਹੈ।

ਜੌਹਨਸਨ ਨੇ ਕਿਹਾ ਕਿ ਸੰਕਟ ਦੇ ਹੱਲ ਲਈ ਜਿਹੜੇ ਵੀ ਕੂਟਨੀਤਕ ਯਤਨ ਹੋਣ, ਯੂਕਰੇਨ ਦੀ ਸਰਕਾਰ ਨੂੰ ਉਸ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ 'ਨਾਟੋ' ਮੁਲਕਾਂ ਦੁਆਲੇ ਸੁਰੱਖਿਆ ਘੇਰਾ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਾਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਭਲਕੇ ਜੌਹਨਸਨ ਨਾਲ ਮੁਲਾਕਾਤ ਕਰਨਗੇ। ਮੰਗਲਵਾਰ ਨੂੰ ਚੈੱਕ ਗਣਰਾਜ, ਹੰਗਰੀ, ਪੋਲੈਂਡ ਤੇ ਸਲੋਵਾਕੀਆ ਦੇ ਆਗੂ ਜੌਹਨਸਨ ਨੂੰ ਲੰਡਨ ਵਿਚ ਮਿਲਣਗੇ। ਬਰਤਾਨੀਆ ਪੂਤਿਨ ਦੀ ਮਦਦ ਕਰਨ ਵਾਲੇ ਅਮੀਰ ਰੂਸੀ ਕਾਰੋਬਾਰੀਆਂ ਉਤੇ ਵੀ ਪਾਬੰਦੀਆਂ ਲਾ ਰਿਹਾ ਹੈ। -ਪੀਟੀਆਈ



Most Read

2024-09-21 05:41:26