Breaking News >> News >> The Tribune


ਜਨਤਕ ਆਵਾਜਾਈ ’ਚ ਵੱਡੇ ਸੁਧਾਰਾਂ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ ਸਰਕਾਰ: ਮੋਦੀ


Link [2022-03-07 04:33:53]



ਪੁਣੇ, 6 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਣੇ ਸ਼ਹਿਰ ਵਿੱਚ ਮੈਟਰੋ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮੈਟਰੋ ਰੇਲ ਕੁਨੈਕਟੀਵਿਟੀ ਸਣੇ ਜਨਤਕ ਆਵਾਜਾਈ ਵਿੱਚ ਵੱਡੇ ਪੱਧਰ 'ਤੇ ਸੁਧਾਰ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਸ੍ਰੀ ਮੋਦੀ ਪੁਣੇ ਵਿੱਚ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਮਗਰੋਂ ਐੱਮਆਈਟੀ ਮੈਦਾਨ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ 24 ਦਸੰਬਰ 2016 ਨੂੰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਤੇ ਇਸ ਉੱਤੇ 11,400 ਕਰੋੜ ਰੁਪਏ ਦਾ ਖਰਚ ਆਇਆ ਹੈ।

ਸ੍ਰੀ ਮੋਦੀ ਨੇ ਕਿਹਾ, ''...ਅੱਜ ਮੈਨੂੰ ਕਈ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਮੈਂ ਖ਼ੁਸਕਿਸਮਤ ਹਾਂ ਕਿ ਮੈਨੂੰ ਪੁਣੇ ਮੈਟਰੋ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ ਤੇ ਅੱਜ ਤੁਸੀਂ ਮੈਨੂੰ ਪ੍ਰਾਜੈਕਟ ਦੇ ਉਦਘਾਟਨ ਲਈ ਸੱਦਿਆ ਹੈ।'' ਪ੍ਰਧਾਨ ਮੰਤਰੀ ਨੇ ਕਿਹਾ, ''ਪਹਿਲਾਂ (ਪਿਛਲੀਆਂ ਸਰਕਾਰਾਂ ਮੌਕੇ) ਨੀਂਹ ਪੱਥਰ ਤਾਂ ਰੱਖੇ ਜਾਂਦੇ ਸਨ, ਪਰ ਇਹ ਨਹੀਂ ਪਤਾ ਹੁੰਦਾ ਸੀ ਕਿ ਇਸ ਪ੍ਰਾਜੈਕਟ ਦਾ ਉਦਘਾਟਨ ਕਦੋਂ ਹੋਵੇਗਾ।'' ਸ੍ਰੀ ਮੋਦੀ ਨੇ ਕਿਹਾ ਕਿ ਪੁਣੇ ਮੈਟਰੋ ਪ੍ਰਾਜੈਕਟ ਦੇ ਉਦਘਾਟਨ ਤੋਂ ਇਹੀ ਸੁਨੇਹਾ ਜਾਂਦਾ ਹੈ ਕਿ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਟਰੋ ਟਰੇਨਾਂ ਰਾਹੀਂ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਸ਼ਹਿਰੀਕਰਨ ਹੋ ਰਿਹਾ ਹੈ, 2030 ਤੱਕ ਦੇਸ਼ ਦੇ ਸ਼ਹਿਰਾਂ ਦੀ ਆਬਾਦੀ 60 ਕਰੋੜ ਨੂੰ ਟੱਪ ਜਾਵੇਗੀ। ਉਨ੍ਹਾਂ ਕਿਹਾ, ''ਸ਼ਹਿਰਾਂ ਦੀ ਵਧਦੀ ਆਬਾਦੀ ਜਿੱਥੇ ਕਈ ਮੌਕੇ ਲੈ ਕੇ ਆਉਂਦੀ ਹੈ, ਉਥੇ ਨਾਲੋਂ ਨਾਲ ਕਈ ਚੁਣੌਤੀਆਂ ਵੀ ਹੁੰਦੀਆਂ ਹਨ। ਸ਼ਹਿਰਾਂ ਵਿੱਚ ਫਲਾਈਓਵਰ ਇਕ ਹੱਦ ਤੱਕ ਬਣਾਏ ਜਾ ਸਕਦੇ ਹਨ। ਅਜਿਹੇ ਹਾਲਾਤ ਵਿੱਚ ਸਾਡੇ ਕੋਲ ਇਕੋ ਇਕ ਬਦਲ ਜਨਤਕ ਆਵਾਜਾਈ ਦਾ ਬਚਦਾ ਹੈ, ਤੇ ਇਹੀ ਵਜ੍ਹਾ ਹੈ ਕਿ ਸਾਡੀ ਸਰਕਾਰ ਜਨਤਕ ਆਵਾਜਾਈ ਤੇ ਮੈਟਰੋ ਰੇਲ ਕੁਨੈਕਟੀਵਿਟੀ ਵਿੱਚ ਸੁਧਾਰ ਨੂੰ ਇੰਨੀ ਅਹਿਮੀਅਤ ਦੇ ਰਹੀ ਹੈ।'' ਸ੍ਰੀ ਮੋਦੀ ਨੇ ਸੰਬੋਧਨ ਤੋਂ ਪਹਿਲਾਂ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਉੁਨ੍ਹਾਂ ਕਿਓਸਕ ਤੋਂ ਖੁ਼ਦ ਟਿਕਟ ਲੈ ਕੇ 10 ਮਿੰਟ ਦਾ ਸਫ਼ਰ ਵੀ ਕੀਤਾ। ਸ੍ਰੀ ਮੋਦੀ ਨੇ 32.2 ਕਿਲੋਮੀਟਰ ਲੰਮੇ ਪ੍ਰਾਜੈਕਟ ਦੇ 12 ਕਿਲੋਮੀਟਰ ਹਿੱਸੇ ਦਾ ਗਰਵਾਰੇ ਮੈਟਰੋ ਸਟੇਸ਼ਨ 'ਤੇ ਉਦਘਾਟਨ ਕੀਤਾ। ਆਨੰਦਨਗਰ ਸਟੇਸ਼ਨ ਤੱਕ ਦੇ ਆਪਣੇ 5 ਕਿਲੋਮੀਟਰ ਦੇ ਸਫ਼ਰ ਦੌਰਾਨ ਸ੍ਰੀ ਮੋਦੀ ਮੈਟਰੋ ਕੋਚ ਵਿੱਚ ਮੌਜੂਦ ਦਿਵਿਆਂਗ ਵਿਦਿਆਰਥੀਆਂ ਨੂੰ ਵੀ ਮਿਲੇ। ਸ੍ਰੀ ਮੋਦੀ ਨੇ ਮੈਟਰੋ ਸਟੇਸ਼ਨ 'ਤੇ ਪ੍ਰਾਜੈਕਟ ਨਾਲ ਜੁੜੀ ਪ੍ਰਦਰਸ਼ਨੀ ਵੀ ਵੇਖੀ। -ਪੀਟੀਆਈ

ਕਾਂਗਰਸ ਤੇ ਐੱਨਸੀਪੀ ਵੱਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਮੁਜ਼ਾਹਰੇ

ਪੁਣੇ: ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਲਈ ਪੁਣੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰੋਸ ਮੁਜ਼ਾਹਰੇ ਕੀਤੇ। ਸਥਾਨਕ ਕਾਂਗਰਸੀਆਂ ਤੇ ਐੱਨਸੀਪੀ ਆਗੂ ਅਲਕਾ ਟਾਕੀਜ਼ ਚੌਕ ਤੇ ਸ਼ਹਿਰ ਦੇ ਹੋਰਨਾਂ ਖੇਤਰਾਂ 'ਚ ਸੜਕਾਂ 'ਤੇ ਉੱਤਰ ਆਏ। ਉਨ੍ਹਾਂ ਹੱਥਾਂ ਵਿੱਚ ਕਾਲੇ ਝੰਡੇ ਤੇ ਤਖ਼ਤੀਆਂ, ਜਿਨ੍ਹਾਂ 'ਤੇ 'ਵਾਪਸ ਜਾਓ ਮੋਦੀ' ਲਿਖਿਆ ਸੀ, ਫੜ ਕੇ ਨਾਅਰੇਬਾਜ਼ੀ ਕੀਤੀ। ਪੁਣੇ ਸ਼ਹਿਰ ਕਾਂਗਰਸ ਇਕਾਈ ਦੇ ਪ੍ਰਧਾਨ ਰਮੇਸ਼ ਬਾਗਵੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਇਹ ਗੱਲ ਕਹਿ ਕੇ ਮਹਾਰਾਸ਼ਟਰ ਦਾ ਨਿਰਾਦਰ ਕੀਤਾ ਹੈ ਕਿ ਕੋਵਿਡ-19 ਦੇ ਹੋਰਨਾਂ ਰਾਜਾਂ ਵਿੱਚ ਫੈਲਾਅ ਪਿੱਛੇ ਸੂਬੇ ਦਾ ਹੱਥ ਹੈ। ਬਾਗਵੇ ਨੇ ਕਿਹਾ, ''ਅਸੀਂ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਮੁਆਫ਼ੀ ਮੰਗਣ ਜਾਂ ਫਿਰ ਵਾਪਸ ਜਾਣ।'' -ਪੀਟੀਆਈ

ਅਜੀਤ ਪਵਾਰ ਨੇ ਮੋਦੀ ਦੀ ਮੌਜੂਦਗੀ 'ਚ ਕੋਸ਼ਿਆਰੀ ਨੂੰ ਬਣਾਇਆ ਨਿਸ਼ਾਨਾ

ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਮੌਜੂਦਗੀ ਵਿੱਚ ਕਿਹਾ ਕਿ ਉੱਚੇ ਅਹੁਦਿਆਂ 'ਤੇ ਬੈਠੇ ਕੁਝ ਲੋਕਾਂ ਵੱਲੋਂ ਬੇਲੋੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋ ਸੂਬੇ ਦੇ ਲੋਕਾਂ ਨੂੰ ਸਵੀਕਾਰ ਨਹੀਂ ਹਨ। ਪਵਾਰ ਵੱਲੋਂ ਕੀਤੀਆਂ ਟਿੱਪਣੀਆਂ ਰਾਜਪਾਲ ਕੋਸ਼ਿਆਰੀ ਵੱਲ ਸੇਧਿਤ ਸਨ, ਜਿਨ੍ਹਾਂ ਪਿਛਲੇ ਹਫ਼ਤੇ ਔਰੰਗਾਬਾਦ ਵਿੱਚ ਕਿਹਾ ਸੀ ਕਿ ਸਮਰਥ ਰਾਮਦਾਸ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਗੁਰੂ ਸਨ। ਸੱਤਾਧਾਰੀ ਮਹਾ ਵਿਕਾਸ ਅਗਾੜੀ ਦੇ ਕੁਝ ਆਗੂਆਂ ਸਣੇ ਭਾਜਪਾ ਨੇ ਵੀ ਕੋਸ਼ਿਆਰੀ ਦੀ ਇਸ ਟਿੱਪਣੀ ਖਿਲਾਫ਼ ਉਜਰ ਜਤਾਇਆ ਸੀ। ਸ੍ਰੀ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਪਵਾਰ ਨੇ ਕਿਹਾ, ''ਮੈਂਂ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਵੱਲੋਂ ਕੀਤੀਆਂ ਬੇਲੋੜੀਆਂ ਟਿੱਪਣੀਆਂ ਨੂੰ ਮਹਾਰਾਸ਼ਟਰ ਤੇ ਇਸ ਦੇ ਲੋਕ ਸਵੀਕਾਰ ਨਹੀਂ ਕਰਨਗੇ।'' -ਪੀਟੀਆਈ



Most Read

2024-09-22 14:35:20