Breaking News >> News >> The Tribune


ਯੂਕਰੇਨੀ ਨਾਗਰਿਕਾਂ ਵੱਲੋਂ ਜੰਗ ਖ਼ਿਲਾਫ਼ ਜੰਤਰ-ਮੰਤਰ ’ਤੇ ਮੁਜ਼ਾਹਰਾ


Link [2022-03-07 04:33:53]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 6 ਮਾਰਚ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਭਾਰਤ ਵਿੱਚ ਰਹਿੰਦੇ ਯੂਕਰੇਨ ਦੇ ਵਾਸੀਆਂ ਤੇ ਉੱਥੇ ਫਸੇ ਭਾਰਤੀਆਂ ਦੇ ਕਰੀਬੀਆਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ਉਪਰ ਰੋਸ ਮੁਜ਼ਾਹਰਾ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਭਾਰਤ ਯੂਕਰੇਨ ਦੇ ਨਾਲ ਖੜ੍ਹੇ ਕਿ ਇਹ ਲੜਾਈ ਹਰ ਹਾਲ ਵਿੱਚ ਰੋੋਕੀ ਜਾਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਜੰਗ ਦਾ ਮਾਰੂ ਅਸਰ ਸਿਰਫ਼ ਆਮ ਲੋਕਾਂ ਉੱਪਰ ਹੀ ਪੈਂਦਾ ਹੈ।

ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਤੇ ਗਲਾਂ ਵਿੱਚ ਤਖ਼ਤੀਆਂ ਸਨ, ਜਿਨ੍ਹਾਂ ਉਪਰ ਲਿਖਿਆ ਸੀ ਕਿ ਯੂਕਰੇਨ ਵਿੱਚ ਜੰਗ ਬੰਦ ਕੀਤੀ ਜਾਵੇ। ਦੋ ਸਾਲ ਪਹਿਲਾਂ ਯੂਕਰੇਨ ਛੱਡ ਕੇ ਦਿੱਲੀ ਆਈ ਵਿਦੇਸ਼ੀ ਔਰਤ ਨੇ ਕਿਹਾ ਕਿ ਯੂਕਰੇਨ ਉਸ ਦੇ ਕਰੀਬ ਹੈ ਤੇ ਜੰਗ ਹਰ ਹਾਲ ਵਿੱਚ ਬੰਦ ਹੋਵੇ। ਉਸ ਨਾਲ ਬੱਚਾ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ। ਉਹ ਯੂਕਰੇਨ ਨਾਲ ਇੱਕਜੁਠਤਾ ਦਿਖਾਉਣ ਆਏ ਸਨ। ਦਿੱਲੀ ਦੇ ਇੱਕ ਨੌਜਵਾਨ ਨੇ ਕਿਹਾ ਕਿ 1989 ਤੋਂ ਉਸ ਦੇ ਪਰਿਵਾਰ ਦਾ ਵਪਾਰਕ ਸਬੰਧ ਯੂਕਰੇਨ ਨਾਲ ਹੈ। ਉਸ ਦੇ ਛੋਟੇ ਭਰਾ ਨੇ ਉੱਥੇ ਪੜ੍ਹਾਈ ਕੀਤੀ ਤੇ ਉਸ ਨੇ ਬਾਅਦ ਵਿੱਚ 1992 ਵਿੱਚ ਦਵਾਈ ਖੇਤਰ ਵਿੱਚ ਕਾਰੋਬਾਰ ਸਥਾਪਤ ਕੀਤਾ। ਉਸ ਨੇ ਕਿਹਾ ਕਿ ਹੁਣ ਲੜਾਈ ਵਿੱਚ ਆਮ ਨਾਗਰਿਕ ਮਾਰੇ ਜਾ ਰਹੇ ਹਨ ਤੇ ਦੇਸ਼ ਤਬਾਹ ਕੀਤਾ ਜਾ ਰਿਹਾ ਹੈ ਇਸ ਕਰਕੇ ਲੜਾਈ ਖਤਮ ਹੋਣੀ ਚਾਹੀਦੀ ਹੈ।

ਯੂਕਰੇਨ ਦੇ ਇੱਕ ਹੋਰ ਮੂਲ ਵਾਸੀ ਨੇ ਕਿਹਾ, ''ਅਸੀਂ ਇੱਥੇ ਯੂਕਰੇਨ ਨਾਲ ਇੱਕਜੁਟਤਾ ਪ੍ਰਗਟਾਉਣ ਆਏ ਹਨ। ਇਹ ਸਾਡੇ ਲਈ ਜ਼ਰੂਰੀ ਹੈ ਕਿ ਦੇਸ਼ ਨਾਲ ਖੜ੍ਹੇ ਹੋਈਏ।'' ਜ਼ਿਕਰਯੋਗ ਹੈ ਕਿ ਯੂਕਰੇਨ ਵਿੱਚ ਫਸੇ ਨੌਜਵਾਨਾਂ ਵਿੱਚ ਜ਼ਿਆਦਾਤਰ ਉਹ ਹਨ ਜੋ ਉੱਥੇ ਡਾਕਟਰੀ ਦੀ ਸਿੱਖਿਆ ਗ੍ਰਹਿਣ ਕਰਨ ਗਏ ਸਨ। ਜੰਗ ਕਾਰਨ ਉਹ ਪਰਤ ਰਹੇ ਹਨ ਅਤੇ ਉੱਥੇ ਬਹੁਤ ਮਾੜੇ ਹਾਲਤਾਂ ਬਾਰੇ ਵੀ ਦੱਸ ਰਹੇ ਹਨ।



Most Read

2024-09-22 14:29:18