Sport >> The Tribune


ਜਰਨੈਲ ਸ਼ਾਮ ਸਿੰਘ ਅਟਾਰੀ ਯਾਦਗਾਰੀ ਖੇਡ ਮੇਲਾ ਸ਼ੁਰੂ


Link [2022-03-06 07:41:35]



ਪੱਤਰ ਪ੍ਰੇਰਕ

ਅਟਾਰੀ, 5 ਮਾਰਚ

ਸਰਹੱਦੀ ਕਸਬਾ ਅਟਾਰੀ ਵਿੱਚ ਅੱਜ ਤੀਜਾ ਜਰਨੈਲ ਸ਼ਾਮ ਸਿੰਘ ਅਟਾਰੀ ਯਾਦਗਰੀ ਖੇਡ ਮੇਲਾ ਉਤਸ਼ਾਹ ਨਾਲ ਸ਼ੁਰੂ ਹੋਇਆ। ਓਲੰਪੀਅਨ ਸ਼ਮਸ਼ੇਰ ਸਿੰਘ ਖੇਡ ਸਟੇਡੀਅਮ ਵਿੱਚ ਖੇਡ ਮੇਲੇ ਦਾ ਉਦਘਾਟਨ ਵਿਧਾਨ ਸਭਾ ਹਲਕਾ ਅਟਾਰੀ ਤੋਂ ਕਾਂਗਰਸ ਦੇ ਉਮਦੀਵਾਰ ਤੇ ਮੁੱਖ ਮਹਿਮਾਨ ਡਾ. ਤਰਸੇਮ ਸਿੰਘ ਸਿਆਲਕਾ ਨੇ ਕੀਤਾ। ਡਾ. ਸਿਆਲਕਾ ਦੇ ਖੇਡ ਮੈਦਾਨ ਵਿੱਚ ਪਹੁੰਚਣ 'ਤੇ ਅਟਾਰੀ ਕਲੱਬ ਦੇ ਪ੍ਰਧਾਨ ਕਿਰਨਦੀਪ ਸਿੰਘ ਕੈਮੀ ਤੇ ਸਰਪੰਚ ਮਨਜੀਤ ਸਿੰਘ ਅਟਾਰੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਤਰਸੇਮ ਸਿੰਘ ਸਿਆਲਕਾ ਨੇ ਉਦਘਾਟਨ ਦੀ ਰਸਮ ਅਦਾ ਕਰਨ ਉਪਰੰਤ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਨਸ਼ੇ ਨੂੰ ਲੈ ਕੇ ਹਰ ਕੋਈ ਚਿੰਤਤ ਹੈ ਤੇ ਇਸ ਦੇ ਖ਼ਾਤਮੇ ਲਈ ਪੰਜਾਬ ਦਾ ਹਰੇਕ ਵਰਗ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਾਤਮੇ ਲਈ ਖੇਡਾਂ ਬਹੁਤ ਜ਼ਰੂਰੀ ਹਨ। ਇਸ ਮੌਕੇ ਪ੍ਰਧਾਨ ਕਿਰਨਦੀਪ ਸਿੰਘ ਕੈਮੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ 10 ਹਾਕੀ ਟੀਮਾਂ ਤੇ 16 ਫੁਟਬਾਲ ਟੀਮਾਂ ਭਾਗ ਲੈ ਰਹੀਆਂ ਹਨ। ਅਖੀਰਲੇ ਦਿਨ ਦੌੜਾਂ ਕਰਾਉਣ ਦੇ ਨਾਲ-ਨਾਲ ਬਾਬਾ ਬੁੱਢਾ ਕਲੱਬ ਰਮਦਾਸ ਅਤੇ ਮਾਝਾ ਘਰਿਆਲਾ ਕਲੱਬ ਵਿਚਕਾਰ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ, ਕੋਚ ਨਵਜੀਤ ਸਿੰਘ, ਹਰਜਿੰਦਰ ਸਿੰਘ, ਗੁਰਬਿੰਦਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਸਿੱਧੂ, ਕੋਚ ਧਰਮਿੰਦਰ ਸਿੰਘ ਸਮੇਤ ਪਿੰਡ ਦੀ ਪੰਚਾਇਤ ਤੇ ਖੇਡ ਪ੍ਰੇਮੀ ਹਾਜ਼ਰ ਸਨ।



Most Read

2024-09-20 09:48:27