World >> The Tribune


ਯੂਕਰੇਨ ਜੰਗ: ਸੁਰੱਖਿਅਤ ਲਾਂਘੇ ਦੇ ਬਾਵਜੂਦ ਗੋਲੀਬਾਰੀ


Link [2022-03-06 07:02:29]



ਲਵੀਵ, 5 ਮਾਰਚ

ਰੂਸ ਵੱਲੋਂ ਅੱਜ ਪਹਿਲਾਂ ਦੱਖਣੀ ਯੂਕਰੇਨ ਦੇ ਦੋ ਸ਼ਹਿਰਾਂ ਮਾਰਿਉਪੋਲ ਤੇ ਵੋਲਨੋਵਾਖਾ ਵਿਚ ਆਰਜ਼ੀ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਪਰ ਮਗਰੋਂ ਇਸ ਵਿਚ ਅੜਿੱਕਾ ਪੈ ਗਿਆ। ਯੂਕਰੇਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਗੋਲੀਬਾਰੀ ਕਾਰਨ ਨਾਗਰਿਕਾਂ ਨੂੰ ਹੁਣ ਸ਼ਹਿਰਾਂ ਵਿਚੋਂ ਸੁਰੱਖਿਅਤ ਲਾਂਘਾ ਦੇਣਾ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਗੋਲੀਬੰਦੀ ਲਈ ਸਹਿਮਤੀ ਬਣੀ ਸੀ। ਇਸ ਤੋਂ ਪਹਿਲਾਂ ਮਾਸਕੋ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਸ਼ਹਿਰਾਂ ਵਿਚ ਨਾਗਰਿਕਾਂ ਨੂੰ ਮਨੁੱਖੀ ਲਾਂਘਿਆਂ ਰਾਹੀਂ ਕੱਢਣ ਲਈ ਇਹ ਕਦਮ ਚੁੱਕਿਆ ਗਿਆ ਹੈ। ਗੋਲੀਬੰਦੀ ਸਵੇਰੇ 10 ਵਜੇ ਲਾਗੂ ਕੀਤੀ ਗਈ ਸੀ (ਭਾਰਤੀ ਸਮੇਂ ਅਨੁਸਾਰ ਦੁਪਹਿਰੇ 1.30 ਵਜੇ)। ਯੂਕਰੇਨ ਨੇ ਵੀ ਦੋਵਾਂ ਸ਼ਹਿਰਾਂ 'ਚੋਂ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਗੋਲੀਬੰਦੀ ਉਤੇ ਸਹਿਮਤੀ ਪ੍ਰਗਟ ਕੀਤੀ ਸੀ। ਇਹ ਨਹੀਂ ਦੱਸਿਆ ਗਿਆ ਸੀ ਕਿ ਗੋਲੀਬੰਦੀ ਕਿੰਨੇ ਦਿਨ ਜਾਰੀ ਰਹੇਗੀ। ਦੱਸਣਯੋਗ ਹੈ ਕਿ ਵੀਰਵਾਰ ਹੋਈ ਦੂਜੇ ਗੇੜ ਦੀ ਗੱਲਬਾਤ ਦੌਰਾਨ ਦੋਵੇਂ ਮੁਲਕ ਨਾਗਰਿਕਾਂ ਨੂੰ ਲਾਂਘਾ ਦੇਣ ਉਤੇ ਸਹਿਮਤ ਹੋ ਗਏ ਸਨ। ਆਰਜ਼ੀ ਤੌਰ ਉਤੇ ਗੋਲੀਬੰਦੀ 'ਤੇ ਵੀ ਸਹਿਮਤੀ ਬਣੀ ਸੀ। ਯੂਕਰੇਨ ਨੇ ਅੱਜ ਕਿਹਾ ਕਿ ਰੂਸੀ ਧਿਰ ਗੋਲੀਬੰਦੀ ਦਾ ਪਾਲਣ ਨਹੀਂ ਕਰ ਰਹੀ ਹੈ। ਮਾਰਿਉਪੋਲ ਦੇ ਇਸ ਦੇ ਨੇੜਲੇ ਖੇਤਰਾਂ ਵਿਚ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਰੂਸ ਨਾਲ ਗੱਲਬਾਤ ਜਾਰੀ ਰਹੇਗੀ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸ ਨੂੰ ਗੋਲੀਬਾਰੀ ਰੋਕਣ ਲਈ ਕਿਹਾ ਹੈ। ਦੂਜੇ ਪਾਸੇ ਮਾਸਕੋ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਫਾਇਰਿੰਗ ਸ਼ਹਿਰਾਂ ਦੇ ਅੰਦਰੋਂ ਰੂਸੀ ਧਿਰ ਉਤੇ ਹੋਈ ਹੈ। ਗੋਲੀਬੰਦੀ ਉਤੇ ਸਹਿਮਤੀ ਬਣਨ ਮਗਰੋਂ ਐਨੀ ਜਲਦੀ ਇਸ ਦੀ ਉਲੰਘਣਾ ਹੋਣ 'ਤੇ ਹੁਣ ਜੰਗ ਰੋਕਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਹਰ ਸੰਭਵ ਯਤਨ ਕਰ ਰਹੇ ਹਨ। ਫ਼ਿਲਹਾਲ ਮਾਰਿਉਪੋਲ ਤੋਂ ਲੋਕਾਂ ਨੂੰ ਕੱਢਣਾ ਰੋਕ ਦਿੱਤਾ ਗਿਆ ਹੈ। ਮਾਰਿਉਪੋਲ ਸ਼ਹਿਰ ਦੀ ਕੌਂਸਲ ਨੇ ਕਿਹਾ ਸੀ ਕਿ ਗੋਲੀਬੰਦੀ ਸਵੇਰੇ ਨੌਂ ਤੋਂ ਸ਼ਾਮ ਚਾਰ ਵਜੇ ਤੱਕ ਰਹੇਗੀ। ਮਾਰਿਉਪੋਲ ਤੋਂ ਲੋਕਾਂ ਨੂੰ ਜ਼ਪੋਰੀਜ਼ਜ਼ੀਆ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਕੌਂਸਲ ਨੇ ਦੱਸਿਆ ਸੀ ਕਿ ਸ਼ਹਿਰ ਦੀਆਂ ਤਿੰਨ ਥਾਵਾਂ ਤੋਂ ਬੱਸਾਂ ਜਾਣਗੀਆਂ। ਮਿੱਥੇ ਰੂਟ ਤੇ ਪ੍ਰਾਈਵੇਟ ਵਾਹਨਾਂ ਨੂੰ ਵੀ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਸਿਰਫ਼ ਮਿੱਥੇ ਰੂਟ ਰਾਹੀਂ ਹੀ ਜਾਣ ਲਈ ਕਿਹਾ ਗਿਆ ਸੀ। ਯੂਕਰੇਨ ਤੇ ਰੂਸ ਵਿਚਾਲੇ ਲੱਗੀ ਜੰਗ ਦੇ ਦਸਵੇਂ ਦਿਨ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਸੀ। ਮਾਰਿਉਪੋਲ ਦੇ ਮੇਅਰ ਵਾਦਿਮ ਬੋਇਚੈਂਕੋ ਨੇ ਕਿਹਾ ਸੀ ਕਿ 'ਸ਼ਹਿਰ ਗਲੀਆਂ ਜਾਂ ਘਰਾਂ ਨਾਲ ਨਹੀਂ, ਬਲਕਿ ਇੱਥੇ ਰਹਿੰਦੇ ਲੋਕਾਂ ਨਾਲ ਬਣਿਆ ਹੈ।' ਉਨ੍ਹਾਂ ਕਿਹਾ ਕਿ ਬੰਬਾਰੀ ਤੇ ਗੋਲੀਬਾਰੀ ਕਾਰਨ ਕੋਈ ਰਾਹ ਨਹੀਂ ਬਚਿਆ ਸੀ ਤੇ ਲੋਕਾਂ ਨੂੰ ਨਿਕਲਣ ਦਾ ਮੌਕਾ ਦੇਣਾ ਜ਼ਰੂਰੀ ਸੀ। -ਏਪੀ

ਯੂਕਰੇਨ ਦੇ ਸ਼ਹਿਰ ਮਰੀਉਪੋਲ ਵਿੱਚ ਰੂਸ ਦੇ ਹਮਲੇ ਬਾਅਦ ਸ਼ਨਿਚਰਵਾਰ ਨੂੰ ਉੱਠ ਰਿਹਾ ਧੂੰਆਂ।

ਰੂਸ ਨੇ ਫੇਸਬੁੱਕ ਤੇ ਟਵਿੱਟਰ ਬਲੌਕ ਕੀਤੇ

ਡਸਲਡੌਰਫ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਮੀਡੀਆ ਅਦਾਰਿਆਂ ਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਯੂਕਰੇਨ ਜੰਗ ਬਾਰੇ ਉਨ੍ਹਾਂ ਦੇ ਮੁਤਾਬਕ ਖ਼ਬਰਾਂ ਨਹੀਂ ਚਲਾ ਰਹੇ, ਰੂਸ ਇਨ੍ਹਾਂ ਖ਼ਬਰਾਂ ਨੂੰ 'ਫ਼ਰਜ਼ੀ ਰਿਪੋਰਟਾਂ' ਦੱਸ ਰਿਹਾ ਹੈ। ਉਨ੍ਹਾਂ ਫੇਸਬੁੱਕ ਤੇ ਟਵਿੱਟਰ ਨੂੰ ਬਲੌਕ ਕਰਨ ਬਾਰੇ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੂਸ ਨੇ ਬੀਬੀਸੀ, ਵੁਆਇਸ ਆਫ਼ ਅਮੈਰਿਕਾ ਤੇ ਰੇਡੀਓ ਫ੍ਰੀ ਯੂਰੋਪ/ਰੇਡੀਓ ਲਿਬਰਟੀ, ਜਰਮਨ ਬਰਾਡਕਾਸਟਰ ਡਿਊਸ਼ ਵੈਲੇ (ਡੀਡਬਲਿਊ) ਤੇ ਹੋਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਰੂਸੀ ਸਰਕਾਰ ਨੇ ਉਨ੍ਹਾਂ ਅਦਾਰਿਆਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਦਾ ਫ਼ੈਸਲਾ ਕੀਤਾ ਹੈ ਜੋ ਰੂਸੀ ਭਾਸ਼ਾ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਘਰੇਲੂ ਪੱਧਰ 'ਤੇ ਵਿਰੋਧ ਖੜ੍ਹਾ ਹੋਣ ਦੀ ਵੀ ਚਿੰਤਾ ਹੈ। ਇਨ੍ਹਾਂ ਅਦਾਰਿਆਂ ਨੇ ਵੀ ਰੂਸ ਵਿਚ ਆਪਣਾ ਕੰਮ ਬੰਦ ਕਰ ਦਿੱਤਾ ਹੈ। -ਏਪੀ

ਯੂਕਰੇਨ ਹਾਰਿਆ ਤਾਂ ਨਾਲ ਯੂਰੋਪ ਵੀ ਹਾਰੇਗਾ: ਜ਼ੇਲੈਂਸਕੀ

ਕੀਵ: ਯੂਰੋਪ ਦੇ ਵੱਡੇ ਸ਼ਹਿਰਾਂ 'ਚ ਰੋਸ ਪ੍ਰਗਟਾ ਰਹੇ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇ ਉਨ੍ਹਾਂ ਦਾ ਦੇਸ਼ ਰੂਸ ਅੱਗੇ ਹਾਰ ਗਿਆ ਤਾਂ ਪੂਰੇ ਦਾ ਪੂਰਾ ਯੂਰੋਪੀ ਮਹਾਦੀਪ ਵੀ ਹਾਰ ਜਾਵੇਗਾ। ਸ਼ੁੱਕਰਵਾਰ ਰਾਤ ਰੂਸ ਦੇ ਹਮਲੇ ਖ਼ਿਲਾਫ਼ ਵੀਏਨਾ, ਤਬਿਲਸੀ, ਪਰਾਗ, ਫਰੈਂਕਫਰਟ, ਵਿਲਨੀਅਸ, ਲਿਓਨ ਤੇ ਬਰਾਟੀਸਲਾਵਾ ਵਿਚ ਰੋਸ ਮੁਜ਼ਾਹਰੇ ਹੋਏ ਹਨ। ਵੀਡੀਓ ਲਿੰਕ ਰਾਹੀਂ ਦਿੱਤੇ ਭਾਸ਼ਣ ਵਿਚ ਜ਼ੇਲੈਂਸਕੀ ਨੇ ਕਿਹਾ, 'ਚੁੱਪ ਨਾ ਰਹੋ। ਬਾਹਰ ਸੜਕਾਂ 'ਤੇ ਨਿਕਲੋ। ਯੂਕਰੇਨ ਦਾ ਸਾਥ ਦਿਓ। ਸਾਡੀ ਆਜ਼ਾਦੀ ਦਾ ਸਾਥ ਦਿਓ। ਇਹ ਸਾਡੀ ਰੂਸੀ ਫ਼ੌਜ ਉਤੇ ਹੀ ਨਹੀਂ, ਬਲਕਿ ਰੌਸ਼ਨੀ ਦੀ ਹਨੇਰੇੇ ਉਤੇ ਅਤੇ ਨੇਕੀ ਦੀ ਬਦੀ ਉਤੇ ਜਿੱਤ ਹੋਵੇਗੀ। ਜੋ ਹੁਣ ਯੂਕਰੇਨ ਦੀ ਧਰਤੀ ਉਤੇ ਹੋ ਰਿਹਾ ਹੈ, ਇਹ ਉਸ ਉਤੇ ਆਜ਼ਾਦੀ ਦੀ ਜਿੱਤ ਵੀ ਹੋਵੇਗੀ। ਚੁੱਪ ਨਾ ਰਹੋ। ਜੇਕਰ ਯੂਕਰੇਨ ਡਿਗਦਾ ਹੈ ਤਾਂ ਯੂਰੋਪ ਵੀ ਡਿਗੇਗਾ।' ਉਨ੍ਹਾਂ ਨਾਲ ਹੀ ਕਿਹਾ, 'ਜੇ ਅਸੀਂ ਜਿੱਤਦੇ ਹਾਂ, ਤੇ ਮੈਨੂੰ ਆਪਣੇ ਲੋਕਾਂ ਵਿਚ ਵਿਸ਼ਵਾਸ ਹੈ, ਮੈਨੂੰ ਤੁਹਾਡੇ ਵਿਚ ਭਰੋਸਾ ਹੈ, ਇਹ ਲੋਕਤੰਤਰ ਲਈ, ਸਾਡੀਆਂ ਕਦਰਾਂ-ਕੀਮਤਾਂ ਲਈ ਤੇ ਆਜ਼ਾਦੀ ਲਈ ਵੀ ਵੱਡੀ ਜਿੱਤ ਹੋਵੇਗੀ।' ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਨਾਟੋ ਮੁਲਕਾਂ ਦੇ ਯੂਕਰੇਨ ਉਪਰੋਂ 'ਨੋ-ਫਲਾਈ' ਜ਼ੋਨ ਬਣਾਉਣ ਵਿਚ ਨਾਕਾਮ ਰਹਿਣ 'ਤੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਸੀ। -ਆਈਏਐਨਐੱਸ

ਯੂਕਰੇਨ ਨੂੰ 'ਨੋ ਫਲਾਈ' ਜ਼ੋਨ ਬਣਾਇਆ ਤਾਂ ਗੰਭੀਰ ਸਿੱਟ ਨਿਕਲਣਗੇ: ਪੂਤਿਨ

ਲੰਡਨ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਵਿਚ 'ਨੋ-ਫਲਾਈ' ਜ਼ੋਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਸਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਰੂਸ ਉਤੇ ਪੱਛਮੀ ਜਗਤ ਵੱਲੋਂ ਲਾਈਆਂ ਪਾਬੰਦੀਆਂ ਜੰਗ ਦਾ ਐਲਾਨ ਕਰਨ ਦੇ ਬਰਾਬਰ ਹਨ। -ਏਪੀ

ਯੂਕਰੇਨ ਵੱਲੋਂ 10 ਹਜ਼ਾਰ ਰੂਸੀ ਸੈਨਿਕ ਮਾਰਨ ਦਾ ਦਾਅਵਾ

ਨਵੀਂ ਦਿੱਲੀ: ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਜੰਗ ਲੱਗਣ ਤੋਂ ਹੁਣ ਤੱਕ ਉਨ੍ਹਾਂ 10 ਹਜ਼ਾਰ ਰੂਸੀ ਸੈਨਿਕਾਂ ਨੂੰ ਹਲਾਕ ਕੀਤਾ ਹੈ। ਯੂਕਰੇਨੀ ਹਥਿਆਰਬੰਦ ਬਲਾਂ ਮੁਤਾਬਕ 269 ਰੂਸੀ ਟੈਂਕ, 945 ਬਖ਼ਤਰਬੰਦ ਵਾਹਨ, 105 ਆਰਟਿਲਰੀ ਸਿਸਟਮ, 50 ਐਮਐਲਆਰਜ਼, 19 ਏਅਰ ਡਿਫੈਂਸ, 39 ਜਹਾਜ਼, 40 ਹੈਲੀਕੌਪਟਰ ਤਬਾਹ ਕਰ ਦਿੱਤੇ ਗਏ ਹਨ। ਯੂਕਰੇਨੀ ਬਲਾਂ ਦੇ ਜਨਰਲ ਸਟਾਫ਼ ਨੇ ਦੱਸਿਆ ਕਿ ਰੂਸੀ ਸੈਨਿਕਾਂ ਦੀ ਹਿੰਮਤ ਟੁੱਟ ਰਹੀ ਹੈ, ਸੈਨਿਕ ਤੇ ਅਧਿਕਾਰੀ ਸਮਰਪਣ ਕਰ ਰਹੇ ਹਨ, ਹਥਿਆਰ ਤੇ ਹੋਰ ਚੀਜ਼ਾਂ ਛੱਡ ਕੇ ਭੱਜ ਰਹੇ ਹਨ। ਯੂਕਰੇਨ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਦਾ ਅਸਲਾ ਖ਼ਤਮ ਹੋ ਰਿਹਾ ਹੈ। ਰੂਸ ਨੇ ਕਿਹਾ ਕਿ ਉਨ੍ਹਾਂ ਯੂਕਰੇਨ ਦੇ 2037 ਫ਼ੌਜੀ ਟਿਕਾਣੇ ਤਬਾਹ ਕਰ ਦਿੱਤੇ ਹਨ।

ਰੂਸ ਨੇ ਯੂਰੋਪ ਦੀ ਸੁਰੱਖਿਆ ਤੇ ਅਮਨ ਉਪਰ ਕੀਤਾ ਹਮਲਾ: ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਸਿਰਫ਼ ਉਸ ਦੇਸ਼ 'ਤੇ ਕੀਤਾ ਗਿਆ ਹਮਲਾ ਹੀ ਨਹੀਂ ਹੈ ਬਲਕਿ ਇਹ ਯੂਰੋਪ ਦੀ ਸੁਰੱਖਿਆ ਅਤੇ ਆਲਮੀ ਸ਼ਾਂਤੀ 'ਤੇ ਵੀ ਹਮਲਾ ਹੈ। ਉਨ੍ਹਾਂ ਨੇ ਪੂਰਬੀ ਯੂਰੋਪੀ ਦੇਸ਼ ਖ਼ਿਲਾਫ਼ ਰੂਸ ਦਾ ਹਮਲਾਵਰ ਰੁਖ ਵਧਣ ਦੌਰਾਨ 'ਨਾਟੋ' ਦੇ ਸਹਿਯੋਗੀ ਦੇਸ਼ਾਂ ਦੀ ਸੁਰੱਖਿਆ ਪ੍ਰਤੀ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਵੀ ਉਭਾਰਿਆ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਫਿਨਲੈਂਡ ਦੇ ਆਪਣੇ ਹਮਰੁਤਬਾ ਸਾਓਲੀ ਨਿਨਸਤੋ ਨਾਲ ਦੁਵੱਲੀ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਦੇਸ਼ ਕੁਝ ਵਕਤ ਤੋਂ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਦੋਵਾਂ ਦੇਸ਼ਾਂ ਨੇ ਮਿਲ ਕੇ ਰੂਸੀਆਂ ਖ਼ਿਲਾਫ਼ ਪ੍ਰਤੀਕਿਰਿਆ ਦਿੱਤੀ ਹੈ ਅਤੇ ਯੂਕਰੇਨ ਖ਼ਿਲਾਫ਼ ਬੇਵਜ੍ਹਾ ਅਤੇ ਉਕਸਾਊ ਹਮਲੇ ਲਈ ਰੂਸ ਦੀ ਜਵਾਬਦੇਹੀ ਤੈਅ ਕਰ ਰਹੇ ਹਨ। ਬਾਇਡਨ ਨੇ ਕਿਹਾ, ''ਅਤੇ, ਅਸੀਂ ਸਹਿਮਤ ਹਾਂ ਕਿ ਇਹ ਸਿਰਫ ਯੂਕਰੇਨ 'ਤੇ ਹਮਲਾ ਨਹੀਂ ਹੈ, ਬਲਕਿ ਯੂਰੋਪ ਦੀ ਸੁਰੱਖਿਆ ਅਤੇ ਆਲਮੀ ਸ਼ਾਂਤੀ ਅਤੇ ਸਥਿਰਤਾ 'ਤੇ ਵੀ ਹਮਲਾ ਹੈ।''

ਵ੍ਹਾਈਟ ਹਾਊਸ ਨੇ ਮੀਟਿੰਗ ਬਾਰੇ ਕਿਹਾ ਕਿ ਬਾਇਡਨ ਅਤੇ ਨਿਨਸਤੋ ਵੱਲੋਂ ਦੁਵੱਲੇ ਸਬੰਧ ਮਜ਼ਬੂਤ ਕਰਨ ਅਤੇ ਉੱਤਰੀ ਯੂਰੋਪ ਵਿੱਚ ਰੱਖਿਆ ਸਹਿਯੋਗ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਨੇ ਰੂਸ 'ਤੇ ਪਾਬੰਦੀਆਂ ਸਬੰਧੀ ਚੱਲ ਰਹੇ ਤਾਲਮੇਲ ਅਤੇ ਆਪੋ ਆਪਣੇ ਦੇਸ਼ਾਂ ਵੱਲੋਂ ਯੂਕਰੇਨ ਨੂੰ ਸੁਰੱਖਿਆ ਅਤੇ ਮਨੁੱਖੀ ਮਦਦ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਕੀਤੀ। ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਨਾਟੋ ਦੀ 'ਓਪਨ ਡੋਰ ਨੀਤੀ' ਦੀ ਅਹਿਮੀਅਤ 'ਤੇ ਚਰਚਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੁੱਕਰਵਾਰ ਸਵੇਰੇ ਬਾਇਡਨ ਵੱਲੋਂ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਵੀ ਯੂਕਰੇਨ 'ਤੇ ਰੂਸ ਦੇ ਹਮਲੇ ਸਣੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।

-ਪੀਟੀਆਈ



Most Read

2024-09-21 06:10:11