Breaking News >> News >> The Tribune


ਸੂਮੀ ਤੇ ਪਿਸੋਚਿਨ ’ਚੋਂ ਭਾਰਤੀਆਂ ਨੂੰ ਕੱਢਣ ਦੇ ਯਤਨ


Link [2022-03-06 07:02:24]



ਨਵੀਂ ਦਿੱਲੀ, 5 ਮਾਰਚ

ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੇ ਅੱਜ ਕਿਹਾ ਕਿ ਉਹ ਜੰਗ 'ਚ ਘਿਰੇ ਪੂਰਬੀ ਯੂਕਰੇਨ ਦੇ ਸ਼ਹਿਰਾਂ ਸੂਮੀ ਤੇ ਪਿਸੋਚਿਨ ਵਿਚੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਸੰਭਵ ਬਦਲਾਂ ਉਤੇ ਵਿਚਾਰ ਕਰ ਰਿਹਾ ਹੈ। ਦੂਤਾਵਾਸ ਨੇ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਕਿ ਉਨ੍ਹਾਂ ਦਾ ਪਿਸੋਚਿਨ ਵਿਚਲੇ 298 ਭਾਰਤੀ ਵਿਦਿਆਰਥੀਆਂ ਨਾਲ ਰਾਬਤਾ ਬਣਿਆ ਹੋਇਆ ਹੈ ਤੇ ਬੱਸਾਂ ਉੱਥੇ ਜਲਦੀ ਪਹੁੰਚ ਰਹੀਆਂ ਹਨ।

ਦੂਤਾਵਾਸ ਨੇ ਵਿਦਿਆਰਥੀਆਂ ਨੂੰ ਸਾਰੀਆਂ ਸੁਰੱਖਿਆ ਸਾਵਧਾਨੀਆਂ ਵਰਤਣ ਤੇ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਹੌਸਲਾ ਰੱਖਣ ਲਈ ਵੀ ਕਿਹਾ ਹੈ। ਯੂਕਰੇਨ ਵਿਚ ਭਾਰਤ ਦੇ ਰਾਜਦੂਤ ਪਾਰਥਾ ਸਤਪਥੀ ਨੇ ਕਿਹਾ ਕਿ ਸੂਮੀ ਵਿਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਰੈੱਡ ਕਰਾਸ ਸਣੇ ਸਾਰੇ ਸਬੰਧਤ ਵਾਰਤਾਕਾਰਾਂ ਦੇ ਸੰਪਰਕ ਵਿਚ ਹਨ ਜੋ ਕਿ ਰਾਬਤਾ ਬਣਾਉਣ ਵਿਚ ਮਦਦ ਕਰ ਰਹੇ ਹਨ ਤੇ ਸੂਮੀ 'ਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਸੰਭਾਵੀ ਰਸਤਿਆਂ ਦੀ ਸ਼ਨਾਖ਼ਤ ਵੀ ਕਰ ਰਹੇ ਹਨ। ਦੂਤਾਵਾਸ ਨੇ ਕਿਹਾ ਕਿ ਜਦ ਤੱਕ ਸਾਰੇ ਨਾਗਰਿਕ ਕੱਢ ਨਹੀਂ ਲਏ ਜਾਂਦੇ, ਉਦੋਂ ਤੱਕ ਕੰਟਰੋਲ ਰੂਮ ਸਰਗਰਮ ਰਹੇਗਾ। ਦੱਸਣਯੋਗ ਹੈ ਕਿ ਜਿਹੜੇ ਭਾਰਤੀ ਵਿਦਿਆਰਥੀ ਪਿਸੋਚਿਨ ਵਿਚ ਫਸੇ ਹੋਏ ਹਨ, ਉਹ ਦੂਤਾਵਾਸ ਦੀ ਸਲਾਹ ਮਗਰੋਂ ਖਾਰਕੀਵ ਤੋਂ ਨਿਕਲ ਕੇ ਆਏ ਹਨ। -ਪੀਟੀਆਈ

ਯੂਕਰੇਨ ਤੇ ਰੂਸ ਨੂੰ ਸੂਮੀ ਤੋਂ ਸੁਰੱਖਿਅਤ ਲਾਂਘਾ ਦੇਣ ਦੀ ਅਪੀਲ ਕੀਤੀ: ਭਾਰਤ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਅੱਜ ਕਿਹਾ ਕਿ ਪੂਰਬੀ ਯੂਕਰੇਨ ਦੇ ਸ਼ਹਿਰ ਸੂਮੀ ਵਿਚ ਫਸੇ ਵਿਦਿਆਰਥੀਆਂ ਬਾਰੇ 'ਉਹ ਬੇਹੱਦ ਫ਼ਿਕਰਮੰਦ' ਹੈ ਤੇ ਰੂਸ ਅਤੇ ਯੂਕਰੇਨ ਦੋਵਾਂ ਨੂੰ ਕਈ ਮਾਧਿਅਮਾਂ ਰਾਹੀਂ ਅਪੀਲ ਕੀਤੀ ਹੈ ਕਿ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਟਕਰਾਅ ਵਾਲੇ ਖੇਤਰ ਵਿਚੋਂ ਕੱਢਣ ਲਈ ਤੁਰੰਤ ਗੋਲੀਬੰਦੀ ਕਰਵਾਈ ਜਾਵੇ। ਇਸ ਦੇ ਨਾਲ ਹੀ ਸੁਰੱਖਿਅਤ ਲਾਂਘਾ ਦਿੱਤਾ ਜਾਵੇ। ਭਾਰਤ ਨੇ ਅੱਜ ਕਿਹਾ ਕਿ ਇਸ ਦਾ ਧਿਆਨ ਹੁਣ ਮੁੱਖ ਤੌਰ 'ਤੇ ਸੂਮੀ ਵਿਚ ਫਸੇ 700 ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਉਤੇ ਹੈ। ਉੱਥੇ ਬੰਬਾਰੀ ਤੇ ਹਵਾਈ ਹਮਲੇ ਹੋ ਰਹੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਖਾਰਕੀਵ ਤੇ ਪਿਸੋਚਿਨ ਵਿਚੋਂ ਨਾਗਰਿਕ ਕੱਢ ਲਏ ਜਾਣਗੇ। ਉਨ੍ਹਾਂ ਕਿਹਾ 'ਹੁਣ ਸਾਡਾ ਸਾਰਾ ਧਿਆਨ ਸੂਮੀ ਤੋਂ ਵਿਦਿਆਰਥੀਆਂ ਨੂੰ ਕੱਢਣ ਉਤੇ ਲੱਗਾ ਹੋਇਆ ਹੈ। ਅਸੀਂ ਉਨ੍ਹਾਂ ਦੇ ਸੁਰੱਖਿਅਤ ਲਾਂਘੇ ਲਈ ਕਈ ਬਦਲਾਂ ਉਤੇ ਵਿਚਾਰ ਕਰ ਰਹੇ ਹਾਂ।' ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਮਾਮਲੇ 'ਤੇ ਉੱਚ ਪੱਧਰੀ ਬੈਠਕ ਕੀਤੀ। -ਪੀਟੀਆਈ



Most Read

2024-09-22 14:35:04