Breaking News >> News >> The Tribune


ਪੁਣੇ ’ਚ ਮੈਟਰੋ ਦਾ ਕੰਮ ਅਧੂਰਾ ਤਾਂ ਮੋਦੀ ਉਦਘਾਟਨ ਲਈ ਕਿਉਂ ਆ ਰਹੇ ਨੇ: ਪਵਾਰ


Link [2022-03-06 07:02:24]



ਪੁਣੇ, 5 ਮਾਰਚ

ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ ਮੈਟਰੋ ਸੇਵਾ ਦੇ ਕੀਤੇ ਜਾਣ ਵਾਲੇ ਉਦਘਾਟਨ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਜੇ ਅਧੂਰਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ 'ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਪਵਾਰ ਨੇ ਕਿਹਾ ਕਿ ਹੁਕਮਰਾਨ ਪਾਰਟੀ ਨੂੰ ਇਸ ਵੱਲ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸ਼ਹਿਰ ਦੇ ਵਾਰਜੇ ਇਲਾਕੇ 'ਚ ਹਸਪਤਾਲ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਉਨ੍ਹਾਂ ਗੱਲਬਾਤ ਕੀਤੀ ਹੈ ਅਤੇ ਭਾਰਤੀ ਸਫ਼ਾਰਤਖਾਨਾ ਵੀ ਮਦਦ ਲਈ ਨਹੀਂ ਬਹੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ, ਭਾਰਤ ਵੱਲੋਂ ਲਏ ਗਏ ਸਟੈਂਡ ਤੋਂ ਨਾਖੁਸ਼ ਹੈ ਜਿਸ ਕਾਰਨ ਉਨ੍ਹਾਂ ਨੂੰ ਉਥੋਂ ਨਿਕਲਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਵਾਰ ਨੇ ਕਿਹਾ ਕਿ ਮਹੀਨਾ ਕੁ ਪਹਿਲਾਂ ਮੈਟਰੋ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੂਟ ਦਿਖਾਇਆ ਸੀ ਜਿਸ ਦਾ ਮੋਦੀ ਨੇ ਐਤਵਾਰ ਨੂੰ ਉਦਘਾਟਨ ਕਰਨਾ ਹੈ। 'ਮੈਂ ਦੇਖਿਆ ਕਿ ਕੰਮ ਅਧੂਰਾ ਪਿਆ ਹੈ। ਮੈਨੂੰ ਮੋਦੀ ਦੇ ਆਉਣ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਮੈਟਰੋ ਦਾ ਕੰਮ ਅਧੂਰਾ ਪਿਆ ਹੈ।' ਉਨ੍ਹਾਂ ਕਿਹਾ ਕਿ ਮੋਦੀ ਨੇ ਹੋਰ ਵੀ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਾ ਹੈ ਪਰ ਲੋਕਾਂ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਫਿਰ ਵੀ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। -ਪੀਟੀਆਈ

ਮੁਸਲਮਾਨ ਹੋਣ ਕਰਕੇ ਨਵਾਬ ਮਲਿਕ ਦਾ ਨਾਮ ਦਾਊਦ ਨਾਲ ਜੋੜਨ ਦੀਆਂ ਕੋਸ਼ਿਸ਼ਾਂ: ਪਵਾਰ

ਪੁਣੇ: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀ ਆਗੂ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਗ੍ਰਿਫ਼ਤਾਰੀ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਹੋਣ ਕਰਕੇ ਮਲਿਕ ਦਾ ਨਾਮ ਭਗੌੜੇ ਅੰਡਰਵਰਲਡ ਸਰਗਨੇ ਦਾਊਦ ਇਬਰਾਹਿਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਮਲਿਕ ਦੇ ਅਸਤੀਫ਼ੇ ਦੀ ਕੀਤੀ ਜਾ ਰਹੀ ਮੰਗ ਵੀ ਨਕਾਰ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫ਼ਤਾਰੀ ਮੌਕੇ ਉਸ ਨੇ ਅਸਤੀਫ਼ਾ ਨਹੀਂ ਦਿੱਤਾ ਸੀ ਤਾਂ ਹੁਣ ਵੱਖੋ ਵੱਖਰੇ ਮਾਪਦੰਡ ਕਿਉਂ ਬਣਾਏ ਜਾ ਰਹੇ ਹਨ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਾਲ ਕੁ ਪਹਿਲਾਂ 12 ਵਿਧਾਨ ਪਰਿਸ਼ਦ ਮੈਂਬਰਾਂ ਦੇ ਨਾਮ ਪ੍ਰਵਾਨਗੀ ਲਈ ਭੇਜੇ ਗਏ ਸਨ ਪਰ ਅਜੇ ਤੱਕ ਰਾਜਪਾਲ ਨੇ ਉਨ੍ਹਾਂ ਦੀ ਮਨਜ਼ੂਰੀ ਨਹੀਂ ਦਿੱਤੀ ਹੈ। -ਪੀਟੀਆਈ



Most Read

2024-09-22 14:40:03