Breaking News >> News >> The Tribune


ਯੂਪੀ ਵਿੱਚ ਸੱਤਾ ਪੱਖੀ ਲਹਿਰ: ਮੋਦੀ


Link [2022-03-06 07:02:24]



ਵਾਰਾਨਸੀ, 5 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ 'ਚ ਸੱਤਾ ਪੱਖੀ ਲਹਿਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਲੋਕ ਭਾਜਪਾ ਦੀ ਮੁੜ ਸਰਕਾਰ ਬਣਾਉਣ ਲਈ ਖੁਦ ਹੀ ਸੰਘਰਸ਼ ਕਰ ਰਹੇ ਹਨ। ਵਾਰਾਨਸੀ ਦੇ ਖਜੂਰੀ ਪਿੰਡ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪ੍ਰਤੀ ਵਿਰੋਧੀਆਂ ਦੀ ਘ੍ਰਿਣਾ ਕਰਕੇ ਪਰਿਵਾਰਵਾਦ ਫੈਲਾਉਣ ਵਾਲੇ ਆਗੂ 'ਵੋਕਲ ਫਾਰ ਲੋਕਲ' ਅਤੇ ਸਵੱਛ ਭਾਰਤ ਅਭਿਆਨ ਵਰਗੀਆਂ ਮੁਹਿੰਮਾਂ ਦਾ ਮਖੌਲ ਉਡਾ ਰਹੇ ਹਨ।

ਉਨ੍ਹਾਂ ਕਿਹਾ ਕਿ ਯੂਕਰੇਨ ਮੁੱਦੇ 'ਤੇ ਵੀ ਵਿਰੋਧੀ ਧਿਰ ਸਿਆਸਤ ਕਰਨ 'ਚ ਰੁੱਝੀ ਹੋਈ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀ ਹੈ। ਕਾਂਗਰਸ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਨੇ ਕਈ ਸਾਲਾਂ ਤੱਕ ਖਾਦੀ ਤੋਂ ਸਿਆਸੀ ਲਾਹਾ ਲਿਆ, ਉਹ ਹੁਣ ਇਸ ਦਾ ਨਾਮ ਲੈਣ ਤੋਂ ਵੀ ਬਚਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖਾਦੀ ਅਤੇ ਯੋਗ ਨੂੰ ਕੌਮਾਂਤਰੀ ਬ੍ਰਾਂਡ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਾਰਾਨਸੀ 'ਚ 7 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਆਖਰੀ ਗੇੜ ਦੌਰਾਨ ਵੋਟਾਂ ਪੈਣਗੀਆਂ। -ਪੀਟੀਆਈ

ਮੋਦੀ ਨੇ ਵਾਰਾਨਸੀ 'ਚ ਬੁੱਧੀਜੀਵੀਆਂ ਨਾਲ ਕੀਤੀ ਚਰਚਾ

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਬੁੱਧੀਜੀਵੀਆਂ ਅਤੇ ਹੋਰ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ 'ਚ ਭਾਜਪਾ ਮੁੜ ਸੱਤਾ 'ਚ ਆਈ ਤਾਂ ਸੂਬਾ ਆਰਥਿਕ ਵਿਕਾਸ 'ਚ ਮੋਹਰੀ ਹੋਵੇਗਾ। ਮੋਦੀ ਨੇ ਸੂਬੇ 'ਚ ਸਥਿਰ ਸਰਕਾਰ ਦੀ ਲੋੜ ਜਤਾਈ ਜੋ ਬੇਖੌਫ਼ ਹੋ ਕੇ ਫ਼ੈਸਲੇ ਲੈ ਸਕੇ। ਇਥੇ 'ਪ੍ਰਬੁੱਧ ਵਰਗ ਸੰਮੇਲਨ' 'ਚ ਪ੍ਰਧਾਨ ਮੰਤਰੀ ਨੇ ਕਰੀਬ 200 ਵਿਅਕਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪਦਮ ਭੂਸ਼ਣ ਜੇਤੂ ਅਤੇ ਹਿੰਦੂਸਤਾਨੀ ਸ਼ਾਸਤਰੀ ਗਾਇਕ ਛਨੂੰਲਾਲ ਮਿਸ਼ਰਾ, ਬੀਐੱਚਯੂ ਦੇ ਵਾਈਸ ਚਾਂਸਲਰ ਸੁਧੀਰ ਜੈਨ, ਮਸ਼ਹੂਰ ਪਾਨ ਵੇਚਣ ਵਾਲਾ ਅਸ਼ਵਨੀ ਚੌਰਸੀਆ ਅਤੇ ਚਾਹ ਵੇਚਣ ਵਾਲਾ ਪੱਪੂ, ਜਿਸ ਦੇ ਖੋਖੇ 'ਤੇ ਮੋਦੀ ਨੇ ਸ਼ੁੱਕਰਵਾਰ ਨੂੰ ਚਾਹ ਪੀਤੀ ਸੀ, ਵੀ ਹਾਜ਼ਰ ਸਨ। ਸੰਮੇਲਨ 'ਚ ਹਾਜ਼ਰ ਅਸ਼ੋਕ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਤਾਬਕ ਜੇਕਰ ਭਾਜਪਾ ਨੂੰ ਯੂਪੀ 'ਚ ਇਕ ਹੋਰ ਮੌਕਾ ਮਿਲਿਆ ਤਾਂ ਸੂਬਾ ਵਿਕਾਸ 'ਚ ਸਭ ਤੋਂ ਅੱਗੇ ਹੋਵੇਗਾ। ਰਾਮਾ ਰਮਨ, ਕਾਰੋਬਾਰੀ ਜਿਸ ਦੇ ਨਿਵਾਸ 'ਤੇ ਇਹ ਸੰਮੇਲਨ ਹੋਇਆ ਸੀ, ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਦੱਸਿਆ ਕਿ ਅਮਰੀਕਾ 'ਚ ਬੋਸਟਨ ਦੇ ਦੌਰੇ ਮੌਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਥੇ ਇਕ ਸਟਰੀਟ ਕਾਸ਼ੀ ਦੇ ਨਾਮ ਉੱਤੇ ਹੈ ਜਿਸ ਨੇ ਦੁਨੀਆ ਨੂੰ ਕਈ ਬੁੱਧੀਜੀਵੀ ਦਿੱਤੇ ਹਨ। -ਪੀਟੀਆਈ

ਮੋਦੀ ਨੇ ਪਿਸੋਚਿਨ 'ਚ ਫਸੇ ਵਿਦਿਆਰਥੀਆਂ ਨੂੰ ਵਿਸਾਰਿਆ: ਸਿੱਬਲ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ 'ਚ ਅਜਿਹੇ ਸਮੇਂ ਚੋਣ ਪ੍ਰਚਾਰ ਕਰਨ ਦੀ ਆਲੋਚਨਾ ਕੀਤੀ ਹੈ ਜਦੋਂ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ 'ਚ ਫਸੇ ਹੋੲੇ ਹਨ। ਕਾਂਗਰਸ ਆਗੂ ਕਪਿਲ ਸਿੱਬਲ ਨੇ ਟਵਿੱਟਰ 'ਤੇ ਕਿਹਾ,''ਯੂਕਰੇਨ: ਸਾਡੇ ਵਿਦਿਆਰਥੀ ਪਿਸੋਚਿਨ 'ਚ ਫਸੇ ਹੋਏ ਹਨ। ਵਾਰਾਨਸੀ 'ਚ ਰੋਡ ਸ਼ੋਅ, ਪਰ ਪਿਸੋਚਿਨ 'ਚ ਕੋਈ ਸ਼ੋਅ ਨਹੀਂ। ਨਿਰਾਸ਼ਾ ਵਾਲੀ ਗੱਲ ਪਰ ਸੱਚਾਈ ਹੈ।'' ਉਧਰ ਸਰਕਾਰ ਵੱਲੋਂ ਯੂਕਰੇਨ 'ਚੋਂ ਭਾਰਤੀਆਂ ਨੂੰ ਕੱਢਣ ਦੇ ਯਤਨ ਲਗਾਤਾਰ ਜਾਰੀ ਹਨ। ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੋਦੀ ਨੂੰ ਯੂਕਰੇਨ 'ਚੋਂ ਵਿਦਿਆਰਥੀਆਂ ਨੂੰ ਕੱਢੇ ਜਾਣ ਦੇ ਮਿਸ਼ਨ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹੁਣ ਤੱਕ 18 ਹਜ਼ਾਰ ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ। -ਆਈਏਐਨਐਸ



Most Read

2024-09-22 14:47:58