Breaking News >> News >> The Tribune


ਨਤੀਜੇ ਜੋ ਮਰਜ਼ੀ ਆਉਣ, ਮੈਂ ਯੂਪੀ ਨਹੀਂ ਛੱਡਾਂਗੀ: ਪ੍ਰਿਯੰਕਾ


Link [2022-03-06 07:02:24]



ਗਾਜ਼ੀਪੁਰ, 5 ਮਾਰਚ

ਉੱਤਰ ਪ੍ਰਦੇਸ਼ ਨੂੰ ਆਪਣੇ ਪੁਰਖਿਆਂ ਦੀ ਧਰਤੀ ਕਰਾਰ ਦਿੰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਅਹਿਦ ਲਿਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੋ ਮਰਜ਼ੀ ਆਉਣ, ਉਹ ਸੂਬੇ ਨੂੰ ਛੱਡ ਕੇ ਨਹੀਂ ਜਾਵੇਗੀ। ਆਪਣੀਆਂ ਵਿਰੋਧੀ ਪਾਰਟੀਆਂ 'ਤੇ ਜਾਤ ਅਤੇ ਧਰਮ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ 'ਖੋਖਲਾ ਰਾਸ਼ਟਰਵਾਦ' ਹੈ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਤੱਕ ਸਿਆਸਤ 'ਚ ਸਹੀ ਅਰਥਾਂ 'ਚ ਬਦਲਾਅ ਨਹੀਂ ਆਉਂਦਾ, ਉਹ ਸੂਬੇ 'ਚ ਰਹਿ ਕੇ ਲੋਕਾਂ ਦੀ ਜੰਗ ਲੜਨਾ ਜਾਰੀ ਰੱਖੇਗੀ। 'ਤੁਹਾਨੂੰ (ਲੋਕਾਂ) ਜਾਤ ਅਤੇ ਧਰਮ ਦੇ ਨਾਮ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਤੁਹਾਡਾ ਜ਼ਿਆਦਾ ਨੁਕਸਾਨ ਹੋਵੇਗਾ ਜਦਕਿ ਸਿਆਸੀ ਆਗੂਆਂ ਦਾ ਕੁਝ ਨਹੀਂ ਵਿਗੜਨਾ। ਉਹ ਲੋਕਾਂ ਨੂੰ ਗਰੀਬ ਰੱਖ ਕੇ ਸੱਤਾ 'ਚ ਆਉਣਾ ਚਾਹੁੰਦੇ ਹਨ।' ਉਨ੍ਹਾਂ ਕਾਂਗਰਸ ਛੱਡ ਕੇ ਹੋਰ ਪਾਰਟੀਆਂ 'ਚ ਜਾਣ ਵਾਲੇ ਆਗੂਆਂ ਨੂੰ ਵੀ ਕਰਾਰੇ ਹੱਥੀਂ ਲਿਆ। ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਨੋਟਬੰਦੀ ਤੇ ਜੀਐੱਸਟੀ ਲਿਆਂਦੀ ਅਤੇ ਰਾਸ਼ਟਰਵਾਦ ਦੇ ਨਾਮ 'ਤੇ ਲੋਕਾਂ ਨੂੰ ਕਤਾਰਾਂ 'ਚ ਲਾਈ ਰੱਖਿਆ। 'ਜਿਹੜੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੀ, ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਨਹੀਂ ਅਖਵਾ ਸਕਦੀ ਹੈ। ਉਹ ਤੁਹਾਡੇ ਜਜ਼ਬਾਤਾਂ ਨਾਲ ਖੇਡ ਕੇ ਸੱਤਾ ਹਾਸਲ ਕਰਨਗੇ। ਉਨ੍ਹਾਂ ਤੋਂ ਸੱਤਾ ਵਾਪਸ ਲੈ ਲਵੋ ਅਤੇ ਉੱਤਰ ਪ੍ਰਦੇਸ਼ ਦਾ ਭਵਿੱਖ ਬਦਲ ਦਿਉ। ਆਪਣੀ ਵੋਟ ਦੀ ਤਾਕਤ ਵਰਤ ਕੇ ਇਨ੍ਹਾਂ ਪਾਰਟੀਆਂ ਨੂੰ ਸਬਕ ਸਿਖਾਓ।' ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦਾ ਨਾਅਰਾ ਸਿਰਫ਼ ਸਿਆਸੀ ਮੰਚਾਂ ਤੋਂ ਲਗਦਾ ਹੈ ਅਤੇ ਜ਼ਮੀਨ 'ਤੇ ਲੋਕਾਂ ਨੂੰ ਕੁਝ ਵੀ ਨਸੀਬ ਨਹੀਂ ਹੁੰਦਾ। -ਪੀਟੀਆਈ



Most Read

2024-09-22 14:39:34