World >> The Tribune


ਯੂਕਰੇਨ ਸੰਕਟ: ਰੂਸੀ ਫੌਜ ਵੱਲੋਂ ਪਰਮਾਣੂ ਪਲਾਂਟ ’ਤੇ ਕਬਜ਼ਾ


Link [2022-03-05 19:39:19]



ਲਵੀਵ, 4 ਮਾਰਚ

ਯੂਰੋਪ ਦੇ ਲੋਕ ਅੱਜ ਉਸ ਸਮੇਂ ਵਾਲ ਵਾਲ ਬਚ ਗੲੇ ਜਦੋਂ ਯੂਕਰੇਨ 'ਚ ਯੂਰੋਪ ਦੇ ਸਭ ਤੋਂ ਵੱਡੇ ਜ਼ਾਪੋਰੀਜ਼ਾਜ਼ੀਆ ਪਰਮਾਣੂ ਪਲਾਂਟ 'ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ। ਹਮਲੇ ਦੌਰਾਨ ਤਿੰਨ ਯੂਕਰੇਨੀ ਸੈਨਿਕ ਹਲਾਕ ਹੋ ਗਏ। ਹਮਲੇ ਮਗਰੋਂ ਪਰਮਾਣੂ ਪਲਾਂਟ 'ਚ ਅੱਗ ਲੱਗ ਗਈ ਅਤੇ ਉਥੋਂ ਰੇਡੀੲੇਸ਼ਨ ਦੇ ਰਿਸਾਅ ਦਾ ਖ਼ਤਰਾ ਬਣ ਗਿਆ ਸੀ ਪਰ ਬਾਅਦ 'ਚ ਯੂਕਰੇਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੱਗ ਪਲਾਂਟ ਦੇ ਟਰੇਨਿੰਗ ਸੈਂਟਰ 'ਚ ਲੱਗੀ ਸੀ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਹੈ ਕਿ ਪਲਾਂਟ ਆਮ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭੰਨ-ਤੋੜ ਕਰਨ ਵਾਲੇ ਯੂਕਰੇਨੀ ਲੋਕਾਂ ਨੇ ਪਲਾਂਟ 'ਤੇ ਭਿਆਨਕ ਹਮਲਾ ਕੀਤਾ ਸੀ ਪਰ ਰੂਸੀ ਫ਼ੌਜਾਂ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜੇਕਰ ਪਰਮਾਣੂ ਰੇਡੀੲੇਸ਼ਨ ਦਾ ਰਿਸਾਅ ਹੋ ਜਾਂਦਾ ਤਾਂ ਪੂਰੇ ਯੂਰੋਪ 'ਤੇ ਇਸ ਦਾ ਖ਼ਤਰਨਾਕ ਅਸਰ ਹੋਣਾ ਸੀ। ਇਸ ਦੌਰਾਨ ਕੌਮਾਂਤਰੀ ਐਟਮ ਐਨਰਜੀ ਏਜੰਸੀ ਦੇ ਮੁਖੀ ਰਾਫੇਲ ਗਰੋਸੀ ਨੇ ਕਿਹਾ ਕਿ ਪਲਾਂਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਸਿਰਫ਼ ਇਕ ਰਿਐਕਟਰ ਕਰੀਬ 60 ਫ਼ੀਸਦ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਉਂਜ ਉਨ੍ਹਾਂ ਹਾਲਾਤ ਤਣਾਅ ਵਾਲੇ ਬਣੇ ਹੋਣ ਦਾ ਦਾਅਵਾ ਕੀਤਾ ਹੈ। ਪਰਮਾਣੂ ਪਲਾਂਟ ਦੇ ਨਸ਼ਰ ਹੋ ਰਹੇ ਵੀਡੀਓ 'ਚ ਇਕ ਇਮਾਰਤ 'ਚ ਅੱਗ ਅਤੇ ਗੋਲੇ ਆਉਂਦੇ ਦੇਖੇ ਜਾ ਸਕਦੇ ਹਨ। ਮਗਰੋਂ ਧਮਾਕਿਆਂ ਦੀ ਆਵਾਜ਼ ਨਾਲ ਅਸਮਾਨ 'ਚ ਵੱਡਾ ਅੱਗ ਦਾ ਗੁਬਾਰ ਦਿਖਾਈ ਦਿੰਦਾ ਹੈ। ਇਸ ਪਲਾਂਟ ਤੋਂ ਯੂਕਰੇਨ ਨਾਲੋਂ ਪੰਜ ਗੁਣਾ ਤੋਂ ਜ਼ਿਆਦਾ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜੰਗ ਦੇ ਅੱਠ ਦਿਨਾਂ ਮਗਰੋਂ ਇਹ ਸਭ ਤੋਂ ਵੱਡਾ ਘਟਨਾਕ੍ਰਮ ਹੈ ਕਿਉਂਕਿ ਰੂਸੀ ਫ਼ੌਜ ਨੂੰ ਵੱਡੇ ਸ਼ਹਿਰਾਂ 'ਚ ਯੂਕਰੇਨ ਦੇ ਨਾਗਰਿਕ ਅਤੇ ਫ਼ੌਜ ਟੱਕਰ ਦੇ ਰਹੇ ਹਨ। ਅਮਰੀਕੀ ਊਰਜਾ ਸਕੱਤਰ ਜੈਨੀਫਰ ਗਰੈਨਹੋਲਮ ਅਤੇ ਹੋਰ ਪੱਛਮੀ ਅਧਿਕਾਰੀਆਂ ਨੇ ਕਿਹਾ ਕਿ ਰੇਡੀਏਸ਼ਨ ਦੇ ਰਿਸਾਅ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਆਪਣੇ ਵੀਡੀਓ ਸੁਨੇਹੇ 'ਚ ਕਿਹਾ,''ਯੂਰੋਪੀਅਨਜ਼, ਕ੍ਰਿਪਾ ਕਰਕੇ ਜਾਗੋ। ਆਪਣੇ ਸਿਆਸਤਦਾਨਾਂ ਨੂੰ ਦੱਸੋ ਕਿ ਰੂਸੀ ਫ਼ੌਜ ਯੂਕਰੇਨ 'ਚ ਪਰਮਾਣੂ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾ ਰਹੀ ਹੈ।'' ਉਨ੍ਹਾਂ ਬਾਅਦ 'ਚ ਰੂਸੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਵਿਰੋਧ ਕਰਨ। ਇਸ ਤੋਂ ਪਹਿਲਾਂ ਰੂਸ ਵੱਲੋਂ ਕੀਵ ਦੇ ਉੱਤਰ 'ਚ ਪੈਂਦੇ ਚਰਨੋਬਲ ਪਲਾਂਟ 'ਤੇ ਕਬਜ਼ਾ ਕਰ ਲਿਆ ਸੀ। ਉਧਰ ਓਖਤਿਰਕਾ 'ਚ ਹਵਾਈ ਹਮਲੇ ਦੌਰਾਨ ਬਿਜਲੀ ਘਰ ਤਬਾਹ ਹੋ ਗਿਆ ਜਿਸ ਕਾਰਨ ਪੂਰੇ ਸ਼ਹਿਰ 'ਚ ਬਿਜਲੀ ਠੱਪ ਹੋ ਗਈ। ਇਸ ਦੌਰਾਨ ਮਾਈਕੋਲਾਈਵ ਸ਼ਹਿਰ ਦੇ ਮੇਅਰ ਵਿਤਾਲੀ ਕਿਮ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਰੂਸੀ ਫ਼ੌਜ ਨੂੰ ਸ਼ਹਿਰ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਗਿਆ ਹੈ। ਖਾਰਕੀਵ 'ਚ ਰੂਸੀ ਫ਼ੌਜ ਵੱਲੋਂ ਜ਼ੋਰਦਾਰ ਬੰਬਾਰੀ ਕੀਤੀ ਜਾ ਰਹੀ ਹੈ। ਮਾਰੀਓਪੋਲ ਨੂੰ ਰੂਸੀ ਫ਼ੌਜ ਨੇ ਘੇਰਾ ਪਾਇਆ ਹੋਇਆ ਹੈ। ਰੂਸ ਵੱਲੋਂ ਚਰਨੀਹੀਵ ਸ਼ਹਿਰ ਦੇ ਰਿਹਾਇਸ਼ੀ ਇਲਾਕੇ 'ਤੇ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 47 ਹੋ ਗਈ ਹੈ। ਇਸ ਤੋਂ ਪਹਿਲਾਂ 33 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸੀ। ਭਾਰੀ ਗੋਲਾਬਾਰੀ ਕਾਰਨ ਬਚਾਅ ਕਾਰਜ ਵੀ ਮੁਲਤਵੀ ਕਰ ਦਿੱਤੇ ਗਏ ਹਨ।

ਸ਼ੁੱਕਰਵਾਰ ਨੂੰ ਰੂਸੀ ਅਧਿਕਾਰੀਆਂ ਨੇ ਬੀਬੀਸੀ, ਵੁਆਇਸ ਆਫ਼ ਅਮਰੀਕਾ ਅਤੇ ਡਿਊਸ਼ ਵੈਲੇ ਸਮੇਤ ਹੋਰ ਵਿਦੇਸ਼ੀ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਨੇ ਅੱਜ ਬਿੱਲ ਲਿਆਂਦਾ ਜਿਸ 'ਚ ਫ਼ੌਜ ਬਾਰੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਲਈ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗੌਰਡਨ ਬ੍ਰਾਊਨ ਨੇ ਪੂਤਿਨ ਅਤੇ ਉਸ ਦੇ ਭਾਈਵਾਲਾਂ 'ਤੇ ਮੁਕੱਦਮਾ ਚਲਾਉਣ ਲਈ ਵਿਸ਼ੇਸ਼ ਫ਼ੌਜਦਾਰੀ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਇਸ ਮੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਜਿਹੇ ਦੁਸ਼ਮਣ ਨਾਲ ਲੜ ਰਹੇ ਹਨ ਜੋ ਬਹੁਤ ਤਾਕਤਵਰ ਹੈ ਪਰ ਕੌਮਾਂਤਰੀ ਕਾਨੂੰਨ ਯੂਕਰੇਨ ਦੇ ਨਾਲ ਹਨ। ਜਾਪਾਨ ਨੇ ਯੂਕਰੇਨ ਦੀ ਹਮਾਇਤ 'ਚ ਆਉਂਦਿਆਂ ਉਸ ਨੂੰ ਬੁਲੇਟ ਪਰੂਫ ਜੈਕੇਟਾਂ, ਹੈਲਮਟ, ਰੱਖਿਆ ਵਾਲਾ ਹੋਰ ਸਾਜ਼ੋ-ਸਾਮਾਨ, ਭੋਜਨ, ਕੱਪੜੇ ਅਤੇ ਦਵਾਈਆਂ ਸਮੇਤ ਹੋਰ ਸਾਮਾਨ ਭੇਜਿਆ ਜਾ ਰਿਹਾ ਹੈ। ਯੂਨੀਸੈਫ ਮੁਤਾਬਕ ਰੂਸੀ ਹਮਲੇ ਮਗਰੋਂ ਰੂਸ ਤੋਂ 5 ਲੱਖ ਬੱਚਿਆਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। ਯੂਨੀਸੈਫ ਦੇ ਤਰਜਮਾਨ ਜੇਮਸ ਐਲਡਰ ਨੇ ਕਿਹਾ ਕਿ ਜੇਕਰ ਜੰਗ ਨਾ ਰੁਕੀ ਤਾਂ ਵੱਡੀ ਗਿਣਤੀ 'ਚ ਹੋਰ ਬੱਚਿਆਂ ਨੂੰ ਆਪਣਾ ਮੁਲਕ ਛੱਡ ਕੇ ਜਾਣਾ ਪਵੇਗਾ। ਉਧਰ ਕੌਮਾਂਤਰੀ ਮਾਈਗਰੇਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਹੁਣ ਤੱਕ 12 ਲੱਖ ਲੋਕ ਯੂਕਰੇਨ 'ਚੋਂ ਹਿਜਰਤ ਕਰ ਚੁੱਕੇ ਹਨ। -ਏਪੀ

ਬੇਲਾਰੂਸ ਵੱਲੋਂ ਯੂਕਰੇਨ 'ਤੇ ਹਮਲੇ ਤੋਂ ਇਨਕਾਰ

ਬੇਲਾਰੂਸ ਦੇ ਆਗੂ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਫ਼ੌਜ ਯੂਕਰੇਨ 'ਤੇ ਹਮਲੇ 'ਚ ਕੋਈ ਹਿੱਸਾ ਨਹੀਂ ਲੈ ਰਹੀ ਹੈ ਅਤੇ ਨਾ ਹੀ ਉਹ ਹਮਲੇ 'ਚ ਰੂਸ ਦਾ ਸਾਥ ਦੇਣਗੇ। ਇਸ ਦੌਰਾਨ ਲੁਕਾਸ਼ੈਂਕੋ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ। ਬੇਲਾਰੂਸ 'ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਯੂਕਰੇਨ 'ਤੇ ਹਮਲੇ ਲਈ ਰੂਸ ਨੂੰ ਆਪਣੇ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਬੇਲਾਰੂਸ ਨੇ ਆਪਣੀ ਹਵਾਈ ਸੈਨਾ ਦੀ ਤਾਕਤ ਵਧਾ ਦਿੱਤੀ ਹੈ।

'ਕੁਆਡ' ਆਗੂਆਂ ਦੀ ਬੈਠਕ 'ਚ ਯੂਕਰੇਨ ਸੰਕਟ ਉਤੇ ਚਰਚਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕੁਆਡ ਆਗੂਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ 'ਰਚਨਾਤਮਕ' ਰਹੀ। ਬਾਇਡਨ ਨੇ ਇਕ ਵਾਰ ਮੁੜ ਕਿਹਾ ਕਿ ਚਾਰ ਦੇਸ਼ਾਂ ਦੇ ਸਮੂਹ ਦੀ ਵਚਨਬੱਧਤਾ ਹਿੰਦ-ਪ੍ਰਸ਼ਾਂਤ ਖੇਤਰ ਸਹਿਤ ਵਿਸ਼ਵ ਭਰ ਵਿਚ ਖ਼ੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਪ੍ਰਤੀ ਹੈ। ਕੁਆਡ ਵਿਚ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਸ਼ਾਮਲ ਹਨ। ਬੁੱਧਵਾਰ ਨੂੰ ਬਾਇਡਨ ਦੀ ਮੇਜ਼ਬਾਨੀ ਵਿਚ ਹੋਈ ਕੁਆਡ ਦੀ ਆਨਲਾਈਨ ਬੈਠਕ ਵਿਚ ਮੋਦੀ ਤੋਂ ਇਲਾਵਾ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਬੈਠਕ ਵਿਚ ਯੂਕਰੇਨ 'ਤੇ ਰੂਸ ਦੇ ਹਮਲੇ ਅਤੇ ਇਸ ਪੂਰਬੀ ਯੂਰੋਪੀ ਦੇਸ਼ ਵਿਚ ਪੈਦਾ ਹੋਏ ਮਨੁੱਖੀ ਸੰਕਟ ਉਤੇ ਚਰਚਾ ਕੀਤੀ। ਵਾਈਟ ਹਾਊਸ ਨੇ ਕਿਹਾ ਕਿ ਕੁਆਡ ਆਗੂ ਸਾਲ ਦੇ ਅੰਤ ਵਿਚ ਟੋਕੀਓ ਵਿਚ ਵਿਅਕਤੀਗਤ ਰੂਪ ਵਿਚ ਮਿਲਣ ਉਤੇ ਵੀ ਸਹਿਮਤ ਹੋਏ। -ਪੀਟੀਆਈ

ਜ਼ੇਲੈਂਸਕੀ ਨੂੰ ਜਾਨੋਂ ਮਾਰਨ ਦੀਆਂ ਤਿੰਨ ਵਾਰ ਕੋਸ਼ਿਸ਼ਾਂ

ਨਵੀਂ ਦਿੱਲੀ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਪਿਛਲੇ ਹਫ਼ਤੇ ਜਾਨੋਂ ਮਾਰਨ ਦੀਆਂ ਤਿੰਨ ਵਾਰ ਕੋਸ਼ਿਸ਼ਾਂ ਹੋਈਆਂ ਸਨ। ਇਹ ਖ਼ੁਲਾਸਾ ਯੂਕੇ ਦੇ ਰਸਾਲੇ 'ਦਿ ਟਾਈਮਜ਼' ਨੇ ਕੀਤਾ ਹੈ। ਰੂਸੀ ਹਮਾਇਤ ਪ੍ਰਾਪਤ ਵੈਗਨਰ ਗਰੁੱਪ ਅਤੇ ਚੇਚੇਨ ਵਿਸ਼ੇਸ਼ ਬਲਾਂ ਦੇ ਭਾੜੇ ਦੇ ਸੈਨਿਕ ਜ਼ੇਲੈਂਸਕੀ ਨੂੰ ਮਾਰਨ ਲਈ ਭੇਜੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੂਸ ਦੀ ਸੰਘੀ ਸੁਰੱਖਿਆ ਸੇਵਾ ਅੰਦਰਲੇ ਜੰਗ ਵਿਰੋਧੀ ਅਨਸਰਾਂ ਨੇ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ। ਵੈਗਨਰ ਦੇ ਸੈਨਿਕਾਂ ਵੱਲੋਂ ਕੀਵ 'ਚ ਕੀਤੀ ਗਈ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਗਰੁੱਪ ਨੇੜਲੇ ਸੂਤਰਾਂ ਨੇ ਕਿਹਾ ਕਿ ਜ਼ੇਲੈਂਸਕੀ ਦਾ ਸੁਰੱਖਿਆ ਘੇਰਾ ਬਹੁਤ ਮਜ਼ਬੂਤ ਹੈ। ਸ਼ਨਿਚਰਵਾਰ ਨੂੰ ਕੀਵ ਦੇ ਬਾਹਰਵਾਰ ਜ਼ੇਲੈਂਸਕੀ 'ਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਇਆ ਗਿਆ ਸੀ। ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਚੇਚੇਨ ਹਮਲਾਵਰਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। -ਆਈਏਐਨਐਸ

ਰੂਸ ਮੁਤਾਬਕ ਜ਼ੇਲੈਂਸਕੀ ਪੋਲੈਂਡ ਪਹੁੰਚਿਆ

ਨਵੀਂ ਦਿੱਲੀ: ਰੂਸ ਨੇ ਅੱਜ ਦਾਅਵਾ ਕੀਤਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਪੋਲੈਂਡ ਚਲੇ ਗਏ ਹਨ। ਉਂਜ ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਜ਼ੇਲੈਂਸਕੀ ਮੁਲਕ 'ਚ ਹੀ ਮੌਜੂਦ ਹਨ। ਰੂਸੀ ਡਿਊਮਾ (ਸੰਸਦ ਦਾ ਹੇਠਲਾ ਸਦਨ) ਦੇ ਸਪੀਕਰ ਵਿਆਚੇਸਲਾਵ ਵੋਲੋਦਿਨ ਨੇ ਦਾਅਵਾ ਕੀਤਾ ਕਿ ਜ਼ੇਲੈਂਸਕੀ ਯੂਕਰੇਨ ਛੱਡ ਕੇ ਚਲਾ ਗਿਆ ਹੈ। ਰੂਸੀ ਟੀਵੀ ਚੈਨਲ ਆਰਟੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਵਰਖੋਵਨਾ ਰਾਡਾ ਦੇ ਡਿਪਟੀਆਂ ਮੁਤਾਬਕ ਜ਼ੇਲੈਂਸਕੀ ਨੂੰ ਉਹ ਲਵੋਵ 'ਚ ਨਹੀਂ ਮਿਲ ਸਕੇ। 'ਉਹ ਇਸ ਸਮੇਂ ਪੋਲੈਂਡ 'ਚ ਹੈ।' ਜ਼ੇਲੈਂਸਕੀ ਦੇ ਦਫ਼ਤਰ ਦੇ ਮੁਖੀ ਦੇ ਸਲਾਹਕਾਰ ਮਿਖਾਈਲ ਪੋਡੋਲਾਈਕ ਨੇ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਲਵੋਵ 'ਚ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ਰਾਸ਼ਟਰਪਤੀ ਦੀ ਸੁਰੱਖਿਆ ਲਈ ਉਹ ਇਹ ਨਹੀਂ ਦੱਸ ਸਕਦੇ ਹਨ ਕਿ ਜ਼ੇਲੈਂਸਕੀ ਕਿੱਥੇ ਹਨ। ਇਸ ਤੋਂ ਪਹਿਲਾਂ ਰੂਸੀ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦੇ ਮੁਖੀ ਕਰਨਲ-ਜਨਰਲ ਮਿਖਾਈਲ ਮਿਜ਼ਿਨਤਸੇਵ ਨੇ ਕਿਹਾ ਕਿ ਕੀਵ ਸਰਕਾਰ ਮੁਲਕ ਦੇ ਖ਼ਿੱਤਿਆਂ ਅਤੇ ਉਥੋਂ ਦੇ ਪ੍ਰਸ਼ਾਸਨ ਨੂੰ ਚਲਾਉਣ ਦੀ ਸਮਰੱਥਾ ਪੂਰੀ ਤਰ੍ਹਾਂ ਨਾਲ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਸ਼ਹਿਰਾਂ 'ਚ ਅਮਨ-ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ ਅਤੇ ਸਰਕਾਰ ਆਮ ਲੋਕਾਂ ਨੂੰ ਹੱਕਾਂ ਤੋਂ ਵਾਂਝਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨੀ ਸ਼ਹਿਰਾਂ ਅਤੇ ਨਗਰਾਂ 'ਚ ਨਾਜ਼ੀਆਂ ਅਤੇ ਭਾੜੇ ਦੇ ਸੈਨਿਕਾਂ ਵੱਲੋਂ ਰੱਖਿਆ ਦੇ ਨਾਮ 'ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। -ਆਈਏਐਨਐਸ

ਰੂਸ ਨਾਲ ਜੰਗ ਨਹੀਂ ਚਾਹੁੰਦਾ ਯੂਰੋਪ : ਨਾਟੋ

ਬ੍ਰਸੱਲਜ਼: ਨਾਟੋ ਮੁਲਕਾਂ ਨੇ ਯੂਕਰੇਨ ਵੱਲੋਂ ਨੋ ਫਲਾਈ ਜ਼ੋਨ ਦੀ ਕੀਤੀ ਗਈ ਮੰਗ ਨੂੰ ਨਕਾਰਦਿਆਂ ਕਿਹਾ ਕਿ ਉਹ ਯੂਕਰੇਨ ਨੂੰ ਸਹਾਇਤਾ ਲਗਾਤਾਰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੋ ਫਲਾਈ ਜ਼ੋਨ ਜਿਹੇ ਫ਼ੈਸਲੇ ਲਾਗੂ ਹੋਏ ਤਾਂ ਇਸ ਨਾਲ ਯੂਰੋਪ ਦੀ ਵੀ ਰੂਸ ਨਾਲ ਸਿੱਧੀ ਜੰਗ ਸ਼ੁਰੂ ਹੋ ਜਾਵੇਗੀ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,''ਅਸੀਂ ਇਸ ਸੰਘਰਸ਼ ਦਾ ਹਿੱਸਾ ਨਹੀਂ ਹਾਂ। ਨਾਟੋ ਮੁਲਕਾਂ ਦੇ ਭਾਈਵਾਲ ਹੋਣ ਕਾਰਨ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਜੰਗ ਨੂੰ ਯੂਕਰੇਨ ਤੋਂ ਅੱਗੇ ਫੈਲਣ ਤੋਂ ਰੋਕਿਆ ਜਾਵੇ ਕਿਉਂਕਿ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋ ਜਾਵੇਗੀ।'' ਉਨ੍ਹਾਂ ਕਿਹਾ ਕਿ ਨਾਟੋ ਮੁਲਕ ਯੂਕਰੇਨ ਦੀ ਹਾਲਤ ਨੂੰ ਸਮਝਦੇ ਹਨ ਕਿਉਂਕਿ ਰੂਸ ਆਖਦਾ ਆ ਰਿਹਾ ਹੈ ਕਿ ਅਜੇ ਹਾਲਤ ਹੋਰ ਬਦਤਰ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਨਾਟੋ ਮੈਂਬਰਾਂ ਵੱਲੋਂ ਯੂਕਰੇਨ ਨੂੰ ਹਥਿਆਰ ਭੇਜੇ ਜਾ ਰਹੇ ਹਨ ਪਰ ਉਹ ਕਿਸੇ ਫ਼ੌਜੀ ਕਾਰਵਾਈ ਤੋਂ ਲਗਾਤਾਰ ਇਨਕਾਰ ਕਰਦਾ ਆ ਰਿਹਾ ਹੈ। ਸਟੋਲਟਨਬਰਗ ਨੇ ਕਿਹਾ ਕਿ ਨੋ ਫਲਾਈ ਜ਼ੋਨ ਦਾ ਫ਼ੈਸਲਾ ਲਾਗੂ ਕਰਨ ਦਾ ਮਤਲਬ ਹੋਵੇਗਾ ਕਿ ਨਾਟੋ ਮੁਲਕ ਰੂਸੀ ਜਹਾਜ਼ਾਂ ਨੂੰ ਡੇਗਣ ਲਈ ਆਪਣੇ ਜਹਾਜ਼ ਭੇਜਣਗੇ ਜਿਸ ਨਾਲ ਹੋਰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਈਵਾਲ ਇਸ ਗੱਲ ਤੋਂ ਸਹਿਮਤ ਹਨ ਕਿ ਨਾਟੋ ਦੇ ਜਹਾਜ਼ ਯੂਕਰੇਨੀ ਹਵਾਈ ਖੇਤਰ ਵੱਲ ਨਾ ਜਾਣ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਗੱਠਜੋੜ ਵੱਲੋਂ ਨਾਟੋ ਦੇ ਖ਼ਿੱਤਿਆਂ ਦੀ ਹਰ ਸੰਭਵ ਰੱਖਿਆ ਕੀਤੀ ਜਾਵੇਗੀ। ਉਧਰ ਯੂਰੋਪੀਅਨ ਯੂਨੀਅਨ ਮੁਲਕਾਂ, ਜਿਨ੍ਹਾਂ 'ਚੋਂ ਜ਼ਿਆਦਾਤਰ ਨਾਟੋ ਦੇ ਮੈਂਬਰ ਹਨ, ਨੇ ਕਿਹਾ ਕਿ ਉਹ ਰੂਸ ਖ਼ਿਲਾਫ਼ ਹੋਰ ਆਰਥਿਕ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰ ਰਹੇ ਹਨ। -ਰਾਇਟਰਜ਼

ਯੂਕਰੇਨ ਦੇ ਸ਼ਹਿਰ ਖਾਰਕੀਵ ਤੋਂ ਪਰਤੇ ਬਠਿੰਡਾ ਦੇ ਵਿਦਿਆਰਥੀ ਦਿੱਲੀ ਹਵਾਈ ਅੱਡੇ 'ਤੇ ਸੈਲਫੀ ਲੈਂਦੇ ਹੋਏ। -ਫੋਟੋ: ਮਨੋਜ ਸ਼ਰਮਾ

ਕੀਵ ਿਵੱਚ ਭਾਰਤੀ ਨਾਗਰਿਕ ਨੂੰ ਗੋਲੀਆਂ ਲੱਗੀਆਂ, ਹਾਲਤ ਸਥਿਰ

ਨਵੀਂ ਦਿੱਲੀ: ਯੂਕਰੇਨ ਤੇ ਰੂਸ ਵਿੱਚ ਲੱਗੀ ਜੰਗ ਦਰਮਿਆਨ ਰਾਜਧਾਨੀ ਕੀਵ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਮੌਕੇ ਹਰਜੋਤ ਸਿੰਘ ਨਾਂ ਦਾ ਭਾਰਤੀ ਨਾਗਰਿਕ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਹਰਜੋਤ 'ਖ਼ਤਰੇ ਤੋਂ ਬਾਹਰ' ਹੈ ਤੇ ਉਸ ਦੀ ਹਾਲਤ ਸਥਿਰ ਹੈ। ਇਸ ਦੌਰਾਨ ਸਰਕਾਰ ਨੇ ਕਿਹਾ ਕਿ ਉਹ ਹਰਜੋਤ ਦੇ ਇਲਾਜ 'ਤੇ ਆਉਣ ਵਾਲਾ ਸਾਰਾ ਖਰਚ ਚੁੱਕੇਗੀ। ਦਿੱਲੀ ਦੇ ਛੱਤਰਪੁਰ ਵਿੱਚ ਰਹਿੰਦੇ ਹਰਜੋਤ ਦੇ ਭਰਾ ਪ੍ਰਭਜੋਤ ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ, ''ਮੇਰੀ ਹਰਜੋਤ ਨਾਲ ਆਖਰੀ ਵਾਰੀ 26 ਫਰਵਰੀ ਨੂੰ ਰਾਤ 9 ਵਜੇ ਦੇ ਕਰੀਬ ਗੱਲ ਹੋਈ ਸੀ 2 ਮਾਰਚ ਦੀ ਰਾਤ ਨੂੰ ਉਸ ਨੇ ਪਰਿਵਾਰ ਨਾਲ ਸੰਪਰਕ ਕਰਕੇ ਆਪਣੇ ਜ਼ਖ਼ਮੀ ਹੋਣ ਬਾਰੇ ਦੱਸਿਆ ਸੀ।'' ਪ੍ਰਭਜੋਤ ਨੇ ਦੱਸਿਆ, ''ਹਰਜੋਤ ਮੁਤਾਬਕ ਕੀਵ ਤੋਂ ਨਿਕਲਣ ਦੀਆਂ ਕੋਸ਼ਿਸ਼ਾਂ ਦਰਮਿਆਨ ਉਸ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ। ਸਥਾਨਕ ਲੋਕ ਉਸ ਨੂੰ ਐਂਬੂਲੈਂਸ 'ਤੇ ਹਸਪਤਾਲ ਲੈ ਕੇ ਗਏ। ਚਾਰ ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਡਾਕਟਰ ਦੇ ਸੈੱਲਫੋਨ ਰਾਹੀਂ ਪਰਿਵਾਰ ਨਾਲ ਸੰਪਰਕ ਕੀਤਾ।'' ਹਰਜੋਤ ਦੇ ਪਰਿਵਾਰ ਨੇ ਕਿਹਾ, ''ਅਸੀਂ ਅੰਬੈਸੀ ਵੀ ਗਏ ਤੇ ਸਾਰੇ ਦਸਤਾਵੇਜ਼ ਦਿੱਤੇ, ਜੋ ਹਰਜੋਤ ਨੂੰ ਗੋਲੀ ਲੱਗਣ ਮਗਰੋਂ ਗੁਆਚ ਗਏ ਸਨ।'' ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਜਲਦੀ ਹੋਵੇ ਹਰਜੋਤ ਨੂੰ ਅਗਲੇਰੇ ਇਲਾਜ ਲਈ ਵਾਪਸ ਦਿੱਲੀ ਲਿਆਂਦਾ ਜਾਵੇ। ਹਰਜੋਤ ਆਪਣੇ ਦੋਸਤਾਂ ਨਾਲ ਕੀਵ ਤੋਂ ਨਿਕਲਿਆ ਸੀ। ਉਨ੍ਹਾਂ ਨੇ ਰੇਲਗੱਡੀ ਫੜ ਕੇ ਲਵੀਵ ਪੁੱਜਣਾ ਸੀ, ਪਰ ਉਨ੍ਹਾਂ ਨੂੰ ਰੇਲਗੱਡੀ ਵਿੱਚ ਬੈਠਣ ਨਹੀਂ ਦਿੱਤਾ ਗਿਆ। ਉਹ ਸਾਰੇ ਰੇਲਵੇ ਸਟੇਸ਼ਨ ਤੋਂ ਬਾਹਰ ਆ ਰਹੇ ਸਨ ਜਦੋਂ ਹਰਜੋਤ ਨੂੰ ਗੋਲੀਆਂ ਲੱਗੀਆਂ। -ਆਈਏਐੱਨਐੱਸ



Most Read

2024-09-21 06:16:45