World >> The Tribune


ਮਨੁੱਖੀ ਹੱਕਾਂ ਬਾਰੇ ਯੂਐੱਨ ਕੌਂਸਲ ਦੀ ਵੋਟਿੰਗ ਵਿੱਚੋਂ ਵੀ ਭਾਰਤ ਰਿਹਾ ਗ਼ੈਰਹਾਜ਼ਰ


Link [2022-03-05 19:39:19]



ਜਨੇਵਾ/ਸੰਯੁਕਤ ਰਾਸ਼ਟਰ, 4 ਮਾਰਚ

ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਦੀ ਮੀਟਿੰਗ 'ਚ ਰੂਸ ਵੱਲੋਂ ਯੂਕਰੇਨ 'ਚ ਕੀਤੇ ਜਾ ਰਹੇ ਮਾਨਵੀ ਜ਼ੁਲਮਾਂ ਦੀ ਜਾਂਚ ਲਈ ਨਿਰਪੱਖ ਕੌਮਾਂਤਰੀ ਕਮਿਸ਼ਨ ਬਣਾਉਣ ਦਾ ਫ਼ੈਸਲਾ ਲਿਆ ਗਿਆ। 47 ਮੈਂਬਰੀ ਕੌਂਸਲ ਵੱਲੋਂ ਪਾਏ ਗਏ ਮਤੇ ਦੀ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ ਰਿਹਾ। ਮਤੇ 'ਚ ਯੂਕਰੇਨ 'ਚ ਮਨੁੱਖੀ ਹੱਕਾਂ ਦੇ ਹਾਲਾਤ ਦਾ ਜ਼ਿਕਰ ਸੀ। ਮਤੇ ਦੇ ਪੱਖ 'ਚ 32 ਵੋਟਾਂ ਪਈਆਂ ਜਦਕਿ ਰੂਸ ਅਤੇ ਇਰੀਟ੍ਰੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਭਾਰਤ, ਚੀਨ, ਪਾਕਿਸਤਾਨ, ਸੂਡਾਨ ਤੇ ਵੈਨੇਜ਼ੁਏਲਾ ਸਮੇਤ 13 ਹੋਰ ਗ਼ੈਰਹਾਜ਼ਰ ਰਹੇ। ਇਸ ਤੋਂ ਪਹਿਲਾਂ ਭਾਰਤ 15 ਮੈਂਬਰੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ 193 ਮੈਂਬਰੀ ਜਨਰਲ ਅਸੈਂਬਲੀ ਦੇ ਰੂਸ ਖ਼ਿਲਾਫ਼ ਦੋ ਮਤਿਆਂ 'ਚੋਂ ਗ਼ੈਰਹਾਜ਼ਰ ਰਿਹਾ ਸੀ। ਕੌਂਸਲ ਨੇ ਟਵੀਟ ਕਰਕੇ ਕਿਹਾ ਕਿ ਰੂਸ ਵੱਲੋਂ ਯੂਕਰੇਨ 'ਚ ਮਨੁੱਖੀ ਹੱਕਾਂ ਦੇ ਘਾਣ ਦੀ ਨਿਖੇਧੀ ਕਰਦਿਆਂ ਫੌਰੀ ਜਾਂਚ ਕਮਿਸ਼ਨ ਬਣਾਉਣ ਦਾ ਫ਼ੈਸਲਾ ਲਿਆ ਹੈ। ਮਤੇ ਦੇ ਪੱਖ 'ਚ ਫਰਾਂਸ, ਜਰਮਨੀ, ਜਪਾਨ, ਨੇਪਾਲ, ਯੂਏਈ, ਯੂਕੇ ਅਤੇ ਅਮਰੀਕਾ ਨੇ ਵੋਟਿੰਗ ਕੀਤੀ। ਮਨੁੱਖੀ ਹੱਕਾਂ ਬਾਰੇ ਕੌਂਸਲ ਦੇ ਮੁਖੀ ਵੱਲੋਂ ਜਾਂਚ ਕਮਿਸ਼ਨ ਲਈ ਤਿੰਨ ਮਨੁੱਖੀ ਹੱਕਾਂ ਦੇ ਮਾਹਿਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਜਿਨ੍ਹਾਂ ਦੀ ਮਿਆਦ ਇਕ ਸਾਲ ਦੀ ਹੋਵੇਗੀ। ਕਮਿਸ਼ਨ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਮੁਲਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਦੀ ਕੋਸ਼ਿਸ਼ ਕਰੇਗਾ। ਮਤੇ ਦੌਰਾਨ ਰੂਸ ਨੂੰ ਫੌਰੀ ਮਨੁੱਖੀ ਹੱਕਾਂ ਦਾ ਘਾਣ ਰੋਕਣ ਲਈ ਆਖਦਿਆਂ ਯੂਕਰੇਨ 'ਚ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਉਲੰਘਣਾ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਰੂਸੀ ਫ਼ੌਜ ਨੂੰ ਯੂਕਰੇਨ 'ਚੋਂ ਤੁਰੰਤ ਹਟਾਉਣ ਦਾ ਸੱਦਾ ਵੀ ਦਿੱਤਾ। -ਪੀਟੀਆਈ

ਰੂਸ ਨੂੰ ਸਥਾਈ ਮੈਂਬਰ ਵਜੋਂ ਹਟਾਉਣ ਦਾ ਅਜੇ ਕੋਈ ਇਰਾਦਾ ਨਹੀਂ: ਵ੍ਹਾਈਟ ਹਾਊਸ

ਨਵੀਂ ਦਿੱਲੀ: ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਰੂਸ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ 'ਚ ਆਪਣੀ ਪੁਜ਼ੀਸ਼ਨ ਦੀ ਦੁਰਵਰਤੋਂ ਕਰ ਰਿਹਾ ਹੈ ਪਰ ਉਸ ਨੂੰ ਸਥਾਈ ਮੈਂਬਰ ਵਜੋਂ ਹਟਾਉਣ ਦਾ ਅਜੇ ਕੋਈ ਇਰਾਦਾ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੁਝਾਅ ਦਿੱਤਾ ਹੈ ਕਿ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਉਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ 'ਚੋਂ ਹਟਾਇਆ ਜਾਵੇ। ਪਸਾਕੀ ਨੂੰ ਜਦੋਂ ਜ਼ੇਲੈਂਸਕੀ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਰੂਸ ਨੂੰ ਸਲਾਮਤੀ ਕੌਂਸਲ 'ਚੋਂ ਹਟਾਉਣਾ ਸੰਭਵ ਨਹੀਂ ਹੈ। ਉਸ ਨੇ ਕਿਹਾ ਕਿ ਰੂਸ ਆਪਣੀ ਪੁਜ਼ੀਸ਼ਨ ਦਾ ਲਾਹਾ ਲੈਂਦਿਆਂ ਯੂਐੱਨ ਚਾਰਟਰ ਦੀ ਉਲੰਘਣਾ ਕਰ ਰਿਹਾ ਹੈ। ਪਸਾਕੀ ਨੇ ਜ਼ੇਲੈਂਸਕੀ ਵੱਲੋਂ ਯੂਕਰੇਨ 'ਤੇ ਨੋ ਫਲਾਈ ਜ਼ੋਨ ਬਣਾਏ ਜਾਣ ਦੀ ਮੰਗ ਨੂੰ ਵੀ ਨਕਾਰ ਦਿੱਤਾ। ਉਸ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਜਿਹਾ ਕਦਮ ਉਠਾਉਣ ਦੇ ਇੱਛੁਕ ਨਹੀਂ ਹਨ ਕਿਉਂਕਿ ਇਸ ਨਾਲ ਅਮਰੀਕਾ ਦੀ ਰੂਸ ਨਾਲ ਸਿੱਧੀ ਜੰਗ ਹੋਣ ਦੀ ਸੰਭਾਵਨਾ ਬਣ ਸਕਦੀ ਹੈ। -ਆਈਏਐਨਐਸ



Most Read

2024-09-21 06:14:20