Sport >> The Tribune


ਭਾਰਤ-ਸ੍ਰੀਲੰਕਾ ਵਿਚਾਲੇ ਪਹਿਲਾ ਟੈਸਟ ਅੱਜ ਤੋਂ


Link [2022-03-05 19:39:17]



ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ(ਮੁਹਾਲੀ), 3 ਮਾਰਚ

ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਤਿੰਨਾਂ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਲਕੇ 4 ਮਾਰਚ ਤੋਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਟੈਸਟ ਮੈਚ ਸਬੰਧੀ ਪੰਜਾਬ ਕ੍ਰਿਕਟ ਐਸੋਸੀਏਸ਼ਨ, ਪ੍ਰਸ਼ਾਸ਼ਨ ਅਤੇ ਪੁਲੀਸ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੈਚ ਸ਼ੁੱਕਰਵਾਰ ਨੂੰ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਦੇ ਤਿੰਨ ਖਿਡਾਰੀਆਂ ਮਾਯੰਕ ਅਗਰਵਾਲ, ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਅਤੇ ਸ੍ਰੀਲੰਕਾ ਟੀਮ ਦੇ ਚਾਰ ਖਿਡਾਰੀਆਂ ਨੇ ਅੱਜ ਨੈੱਟ ਪ੍ਰੈਕਟਿਸ ਕੀਤੀ। ਟੀਮ ਦੇ ਕੋਚਾਂ ਅਤੇ ਅਧਿਕਾਰੀਆਂ ਨੇ ਪਿੱਚ ਦਾ ਮੁਆਇਨਾ ਕੀਤਾ ਤੇ ਮੈਚ ਲਈ ਰਣਨੀਤੀ ਤਿਆਰ ਕੀਤੀ। ਪੁਲੀਸ ਅਧਿਕਾਰੀਆਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਦਰਸ਼ਕਾਂ ਲਈ ਵੱਖ-ਵੱਖ ਥਾਵਾਂ ਉੱਤੇ ਪਾਰਕਿੰਗਾਂ ਦੀ ਸ਼ਨਾਖਤ ਕੀਤੀ।

ਇਸੇ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਵਰਚੁਅਲੀ ਪ੍ਰੈੱਸ ਕਾਨਫਰੰਸ ਕਰਕੇ ਭਾਰਤੀ ਟੀਮ ਦੀ ਜਿੱਤ ਦੀ ਉਮੀਦ ਪ੍ਰਗਟਾਈ ਅਤੇ ਕਿਹਾ ਕਿ ਟੀਮ ਪੂਰੀ ਤਰ੍ਹਾਂ ਫਿੱਟ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਪਿੱਚ ਕੁੱਝ ਡਰਾਈ ਦਿੱਖ ਰਹੀ ਹੈ, ਅਤੇ ਗੇਂਦ ਟਰਨ ਲੈ ਸਕਦੀ ਹੈ। ਭਾਰਤੀ ਕਪਤਾਨ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਕਾਫੀ ਸਮੇਂ ਬਾਅਦ ਦਰਸ਼ਕ ਮੈਚ ਦੇਖਣ ਆ ਰਹੇ ਹਨ, ਇਸ ਨਾਲ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ।

ਆਨਲਾਈਨ ਬੁਕਿੰਗ ਵਾਲੇ ਲੋਕਾਂ ਦੀਆਂ ਪ੍ਰਿੰਟ ਟਿਕਟਾਂ ਲਈ ਲਾਈਨਾਂ

ਸਟੇਡੀਅਮ ਦੇ ਗੇਟ ਨੰਬਰ ਚਾਰ ਉੱਤੇ ਅੱਜ ਆਨਲਾਈਨ ਟਿਕਟਾਂ ਬੁੱਕ ਕਰਾਉਣ ਵਾਲੇ ਲੋਕਾਂ ਦੀਆਂ ਪ੍ਰਿੰਟ ਟਿਕਟਾਂ ਲੈਣ ਲਈ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਲੋਕਾਂ ਨੇ ਕਿਹਾ ਕਿ ਆਨਲਾਈਨ ਟਿਕਟਾਂ ਵੇਚਣ ਦਾ ਕੀ ਲਾਭ ਫਾਇਦਾ ਹੋਇਆ, ਜਦੋਂ ਉਨ੍ਹਾਂ ਨੂੰ ਪ੍ਰਿੰਟ ਟਿਕਟਾਂ ਲੈਣ ਲਈ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਖੱਜਲ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬਲਾਕ ਤੇ ਚੇਅਰ ਬਲਾਕ ਦੀ ਟਿਕਟ 300 ਰੁਪਏ, ਵੀਆਈਪੀ ਦੱਖਣੀ ਬਲਾਕ ਦੀ ਟਿਕਟ 1,000 ਰੁਪਏ ਤੇ ਦੱਖਣੀ ਪਵੇਲੀਅਨ ਦੀ ਟਿਕਟ 2 ਹਜ਼ਾਰ ਰੁਪਏ ਵੇਚੀ ਜਾ ਰਹੀ ਹੈ।

ਵਿਰਾਟ ਕੋਹਲੀ ਦਾ ਸਨਮਾਨ ਕਰੇਗੀ ਪੰਜਾਬ ਕ੍ਰਿਕਟ ਐਸੋਸੀਏਸ਼ਨ

ਪੰਜਾਬ ਕ੍ਰਿਕਟ ਐਸੋਸੀਏਸ਼ਨ ਆਪਣਾ 100ਵਾਂ ਟੈਸਟ ਮੈਚ ਖੇਡਣ ਜਾ ਰਹੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਸਨਮਾਨਿਤ ਕਰੇਗੀ। ਪ੍ਰਧਾਨ ਰਜਿੰਦਰ ਗੁਪਤਾ ਨੇ ਦੱਸਿਆ ਕਿ ਪੀਸੀਏ ਵੱਲੋਂ ਵਿਰਾਟ ਕੋਹਲੀ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁਹਾਲੀ ਸ਼ਹਿਰ ਵਿੱਚ ਥਾਂ-ਥਾਂ ਕੋਹਲੀ ਦੇ ਸਵਾਗਤ ਲਈ ਹੋਰਡਿੰਗ ਲਗਾਏ ਗਏ ਹਨ।



Most Read

2024-09-20 11:46:47