Breaking News >> News >> The Tribune


‘ਤਾਬੂਤ ਵੱਧ ਥਾਂ ਘੇਰਦੈ’


Link [2022-03-05 19:39:14]



ਬੰਗਲੂਰੂ, 4 ਮਾਰਚ

ਕੇਂਦਰ ਸਰਕਾਰ ਵੱਲੋਂ ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਉਣ ਲਈ ਵਿੱਢੇ ਮਿਸ਼ਨ ਤੇ ਖਾਰਕੀਵ ਵਿੱਚ ਗੋਲਾਬਾਰੀ ਦੀ ਜ਼ੱਦ ਵਿੱਚ ਆ ਕੇ ਮੌਤ ਦੇ ਮੂੰਹ ਪਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮ੍ਰਿਤਕ ਦੇਹ ਲਿਆਉਣ ਲਈ ਕੀਤੀ ਜਾ ਰਹੀ ਚਾਰਾਜੋਈ ਦਰਮਿਆਨ ਕਰਨਾਟਕ ਨਾਲ ਸਬੰਧਤ ਭਾਜਪਾ ਵਿਧਾਇਕ ਅਰਵਿੰਦ ਬੈੱਲਾਡ ਨੇ ਇਹ ਗੱਲ ਆਖ ਕੇ ਵਿਵਾਦ ਸਹੇੜ ਲਿਆ ਹੈ ਕਿ 'ਮ੍ਰਿਤਕ ਦੇਹ ਵੱਧ ਥਾਂ ਘੇਰਦੀ' ਜਦੋਂਕਿ ਇਸ ਦੀ ਥਾਂ 10 ਤੋਂ 12 ਵਿਅਕਤੀਆਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ।

ਨਵੀਨ ਦੀ 1 ਮਾਰਚ ਨੂੰ ਯੂਕਰੇਨ ਵਿੱਚ ਮੌਤ ਹੋ ਗਈ ਸੀ। ਬੈੱਲਾਡ ਨੇ ਕਿਹਾ ਕਿ ਨਵੀਨ ਸ਼ੇਖਰੱਪਾ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਜਹਾਜ਼ ਵਿੱਚ ਜਿਹੜੀ ਜਗ੍ਹਾ ਘਿਰੇਗੀ, ਉਸ ਨੂੰ ਪੂਰਬੀ ਯੂਰੋਪੀ ਮੁਲਕ ਵਿੱਚ ਫਸੇ 10 ਤੋਂ 12 ਲੋਕਾਂ ਨੂੰ ਵਾਪਸ ਲਿਆਉਣ ਲਈ ਵਰਤਿਆ ਜਾ ਸਕਦਾ ਹੈ। ਹੁਬਲੀ ਧਾਰਵਾੜ ਪੱਛਮੀ ਤੋਂ ਵਿਧਾਇਕ ਬੈੱਲਾਡ ਨੇ ਕਿਹਾ ਕਿ ਨਵੀਨ ਦੀ ਮ੍ਰਿਤਕ ਦੇਹ ਖਾਰਕੀਵ ਤੋਂ ਵਾਪਸ ਲਿਆਉਣ ਲਈ ਕੇਂਦਰ ਤੇ ਕਰਨਾਟਕ ਸਰਕਾਰਾਂ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਨਵੀਨ ਦੀ ਲਾਸ਼ ਇਸ ਵੇਲੇ ਜੰਗ ਦੀ ਮਾਰ ਹੇਠ ਆਏ ਇਲਾਕੇ ਵਿੱਚ ਪਈ ਹੈ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮ੍ਰਿਤਕ ਦੇਹ ਭਾਰਤ ਲਿਆਉਣੀ ਅਜੇ ਮੁਸ਼ਕਲ ਹੈ। ਵਿਧਾਇਕ ਨੇ ਕਿਹਾ, ''ਇਹ ਜੰਗੀ ਖੇਤਰ ਹੈ। ਮੀਡੀਆ ਟੈਲੀਵਿਜ਼ਨ ਚੈਨਲਾਂ ਜ਼ਰੀੲੇ ਜ਼ਮੀਨੀ ਹਾਲਾਤ ਬਿਆਨ ਰਿਹਾ ਹੈ।

ਉਡਾਣ ਸੇੇਵਾਵਾਂ ਚਾਲੂ ਹੋਣ ਮਗਰੋਂ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇਗੀ।'' ਭਾਜਪਾ ਵਿਧਾਇਕ ਨੇ ਕਿਹਾ, ''ਅਜਿਹੇ ਹਾਲਾਤ ਵਿੱਚ ਜਦੋਂ ਜਿਊਂਦੇ ਬੰੰਦਿਆਂ ਨੂੰ ਵਾਪਸ ਲਿਆਉਣਾ ਮੁਸ਼ਕਲ ਹੈ ਤਾਂ ਮ੍ਰਿਤਕ ਦੇਹ ਲਿਆਉਣੀ ਹੋਰ ਵੀ ਔਖਾ ਹੈ ਕਿਉਂਕਿ ਇਹ ਵੱਧ ਥਾਂ ਘੇਰੇਗੀ। ਇਸ ਦੀ ਥਾਂ 10 ਤੋਂ 12 ਵਿਅਕਤੀਆਂ ਨੂੰ ਲਿਆਂਦਾ ਜਾ ਸਕਦਾ ਹੈ।'' -ਪੀਟੀਆਈ

ਢੀਠਪੁਣਾ ਤੇ ਬੇਤਰਸੀ ਭਾਜਪਾ ਦੇ ਡੀਐੱਨਏ 'ਚ: ਸੁਰਜੇਵਾਲਾ

ਨਵੀਂ ਦਿੱਲੀ: ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਇਕ ਟਵੀਟ ਵਿੱਚ ਕਿਹਾ, ''ਹੰਕਾਰ ਦੇ ਨਸ਼ੇ 'ਚ ਚੂਰ ਪੱਥਰਦਿਲ ਭਾਜਪਾ ਆਗੂਆਂ ਦੇ ਸਿਰ ਨੂੰ ਸੱਤਾ ਚੜ੍ਹ ਗਈ ਹੈ। ਪਹਿਲਾਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਯੂਕਰੇਨ 'ਚ ਫਸੇ ਬੱਚਿਆਂ ਨੂੰ 'ਨੀਟ 'ਚੋਂ ਫੇਲ੍ਹ ਹੋਣ ਵਾਲੇ' ਸੱਦਿਆ ਤੇ ਹੁਣ ਅਰਵਿੰਦ ਬੈੱਲਾਡ ਨੇ ਆਪਣਾ ਤਵਾਜ਼ਨ ਗੁਆ ਲਿਆ ਹੈ। ਢੀਠਪੁਣਾ ਤੇ ਬੇਤਰਸੀ ਉਨ੍ਹਾਂ ਦੇ ਡੀਐੱਨੲੇ ਵਿੱਚ ਹੈ।'' ਉਨ੍ਹਾਂ ਕਿਹਾ ਕਿ 'ਇਕ ਗੱਲ ਤਾਂ ਸਾਫ਼ ਹੈ...ਯੂਕਰੇਨ-ਰੂਸ ਜੰਗ ਵਿੱਚ ਫਸੇ ਹਜ਼ਾਰਾਂ ਬੱਚਿਆਂ, ਜੋ ਪਿਛਲੇ ਨੌਂ ਦਿਨਾਂ ਤੋਂ ਭਾਰੀ ਗੋਲਾਬਾਰੀ ਤੇ ਬੰਬਾਰੀ ਦਰਮਿਆਨ ਆਪਣੀ ਜ਼ਿੰਦਗੀ ਲਈ ਲੜ ਰਹੇ ਸਨ, ਨੂੰ ਉਥੋਂ ਕੱਢਣ ਲਈ ਕੋਈ ਯੋਜਨਾ ਨਹੀਂ ਸੀ। ਸੁਰਜੇਵਾਲਾ ਨੇ ਹਿੰਦੀ ਵਿੱਚ ਕੀਤੇ ਟਵੀਟ 'ਚ ਕਿਹਾ, ''ਕੀ ਯੂਕਰੇਨ ਤੋਂ ਲੈ ਕੇ ਯੂਪੀ ਤੱਕ ਸਾਰਾ ਧਿਆਨ ਸਿਰਫ਼ ਪੀਆਰ ਦਾ ਪ੍ਰਬੰਧ ਕਰਨ ਤੇ 'ਦਿੱਖ' ਬਚਾਉਣ 'ਤੇ ਹੀ ਹੈ?'' -ਪੀਟੀਆਈ



Most Read

2024-09-22 14:23:57