World >> The Tribune


ਰੂਸ ਵੱਲੋਂ ਯੂਕਰੇਨ ਉਤੇ ਹਮਲੇ ਤੇਜ਼ ਕਰਨ ਦੇ ਹੁਕਮ


Link [2022-02-27 07:13:15]



ਕੀਵ, 26 ਫਰਵਰੀ

ਯੂਕਰੇਨ 'ਤੇ ਕੀਤੇ ਗਏ ਹਮਲੇ ਦੇ ਤੀਜੇ ਦਿਨ ਅੱਜ ਰੂਸ ਦੀ ਫ਼ੌਜ ਰਾਜਧਾਨੀ ਕੀਵ ਦੇ ਅੰਦਰ ਪਹੁੰਚ ਗਈ ਹੈ ਅਤੇ ਉਥੇ ਗਹਿਗੱਚ ਲੜਾਈ ਹੋ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਲਈ ਕਿਹਾ ਹੈ। ਉਂਜ ਯੂਕਰੇਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਰੂਸੀ ਫ਼ੌਜ ਦੇ ਕੁਝ ਹਮਲਿਆਂ ਨੂੰ ਠੱਲ੍ਹਣ 'ਚ ਕਾਮਯਾਬ ਰਹੇ ਹਨ। ਰੂਸੀ ਫ਼ੌਜਾਂ ਨੂੰ ਇਲਾਕੇ ਦੀ ਜਾਣਕਾਰੀ ਨਾ ਹੋਣ ਅਤੇ ਯੂਕਰੇਨੀ ਫ਼ੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਕਾਰਨ ਕੀਵ 'ਚ ਅੱਗੇ ਵਧਣ 'ਚ ਮੁਸ਼ਕਲ ਆ ਰਹੀ ਹੈ। ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫ਼ੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਹਨ। ਆਰਟੀ ਟੀਵੀ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਫ਼ੌਜ ਨੂੰ ਸ਼ੁੱਕਰਵਾਰ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਉਧਰ ਯੂਕਰੇਨੀ ਫ਼ੌਜ ਮੁਤਾਬਕ ਰੂਸ ਦੇ 14 ਜਹਾਜ਼, 8 ਹੈਲੀਕਾਪਟਰ, 102 ਟੈਂਕ, 536 ਬੀਬੀਐੱਮ, 15 ਭਾਰੀ ਮਸ਼ੀਨਗੰਨਾਂ ਅਤੇ ਇਕ ਬੀਯੂਕੇ ਮਿਜ਼ਾਈਲ ਨਸ਼ਟ ਕੀਤੇ ਗਏ ਹਨ। ਕੀਵ ਇੰਡੀਪੈਂਡਟ ਦੀ ਰਿਪੋਰਟ ਮੁਤਾਬਕ ਰੂਸ ਦੇ 3500 ਜਵਾਨ ਮਾਰੇ ਗੲੇ ਹਨ ਜਦਕਿ 200 ਜਵਾਨਾਂ ਨੂੰ ਬੰਦੀ ਬਣਾਇਆ ਗਿਆ ਹੈ। ਮੁਲਕ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਅਮਰੀਕਾ ਵੱਲੋਂ ਉਸ ਨੂੰ ਸੁਰੱਖਿਅਤ ਕੱਢਣ ਦੀ ਦਿੱਤੀ ਗਈ ਪੇਸ਼ਕਸ ਨੂੰ ਇਹ ਆਖਦਿਆਂ ਨਕਾਰ ਦਿੱਤਾ ਹੈ ਕਿ ਉਹ ਮੁਲਕ 'ਚ ਰਹਿ ਕੇ ਹੀ ਲੜਨਗੇ। ਕੀਵ ਦੇ ਮੇਅਰ ਨੇ ਸ਼ਹਿਰ 'ਚ ਕਰਫਿਊ ਦਾ ਸਮਾਂ ਸ਼ਾਮ 5 ਵਜੇ ਤੋਂ ਅਗਲੀ ਸਵੇਰ 8 ਵਜੇ ਤੱਕ ਕਰ ਦਿੱਤਾ ਹੈ। ਪਹਿਲਾਂ ਇਹ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਲਗਾਇਆ ਗਿਆ ਸੀ। ਇਸ ਦੌਰਾਨ ਨਾਟੋ ਨੇ ਪੂਰਬ 'ਚ ਆਪਣੇ ਮੈਂਬਰ ਮੁਲਕਾਂ ਦੀ ਰਾਖੀ 'ਚ ਮਦਦ ਲਈ ਗੱਠਜੋੜ ਦੀ ਫ਼ੌਜ ਭੇਜਣ ਦਾ ਫ਼ੈਸਲਾ ਲਿਆ ਹੈ। ਨਾਟੋ ਨੇ ਇਹ ਨਹੀਂ ਦੱਸਿਆ ਹੈ ਕਿ ਕਿੰਨੀ ਕੁ ਫ਼ੌਜ ਤਾਇਨਾਤ ਕੀਤੀ ਜਾਵੇਗੀ ਪਰ ਇਹ ਧਰਤੀ, ਸਮੁੰਦਰ ਅਤੇ ਹਵਾਈ ਖੇਤਰ 'ਤੇ ਸਰਗਰਮ ਰਹੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਵਾਧੂ ਸੁਰੱਖਿਆ ਮਦਦ ਦੇਣ ਲਈ 35 ਕਰੋੜ ਡਾਲਰ ਦੇ ਪੱਤਰ 'ਤੇ ਦਸਤਖ਼ਤ ਕੀਤੇ। ਇਸ ਨਾਲ ਯੂਕਰੇਨ ਨੂੰ ਬੀਤੇ ਇਕ ਵਰ੍ਹੇ ਦੌਰਾਨ ਇਕ ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਚਿਤਾਵਨੀ ਦਿੱਤੀ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਯੂਰੋਪੀਅਨ ਲੋਕਾਂ ਲਈ ਗੰਭੀਰ ਸਿੱਟੇ ਨਿਕਲਣਗੇ।

ਕੀਵ ਵਿੱਚ ਰੂਸ ਵੱਲੋਂ ਕੀਤੇ ਮਿਜ਼ਾਈਲ ਹਮਲੇ ਕਾਰਨ ਇੱਕ ਬਹੁਮੰਜ਼ਲੀ ਇਮਾਰਤ ਨੂੰ ਪੁੱਜੇ ਨੁਕਸਾਨ ਦਾ ਦ੍ਰਿਸ਼। -ਫੋਟੋ: ਏਪੀ

ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਯੂਕਰੇਨ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਲਕ ਦੀ ਫ਼ੌਜ ਰੂਸ ਦੇ ਹਮਲੇ ਦਾ ਡੱਟ ਕੇ ਸਾਹਮਣਾ ਕਰੇਗੀ। ਕੀਵ ਦੇ ਬਾਹਰਵਾਰ ਪੈਂਦੇ ਇਲਾਕੇ 'ਚ ਬਣਾਈ ਗਈ ਵੀਡੀਓ 'ਚ ਜ਼ੇਲੈਂਸਕੀ ਨੇ ਕਿਹਾ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ। 'ਅਸੀਂ ਆਪਣੇ ਹਥਿਆਰ ਨਹੀਂ ਸੁੱਟਣ ਵਾਲੇ ਹਾਂ। ਅਸੀਂ ਮੁਲਕ ਦੀ ਰਾਖੀ ਕਰਾਂਗੇ। ਸਾਡੇ ਹਥਿਆਰ ਹੀ ਸਾਡੀ ਸਚਾਈ ਹੈ ਅਤੇ ਸਾਡੀ ਸਚਾਈ ਹੀ ਸਾਡੀ ਧਰਤੀ, ਸਾਡਾ ਮੁਲਕ, ਸਾਡੇ ਬੱਚੇ ਹਨ। ਅਤੇ ਅਸੀਂ ਸਾਰਿਆਂ ਦੀ ਰਾਖੀ ਕਰਾਂਗੇ।' ਅਮਰੀਕਾ ਦੇ ਸੀਨੀਅਰ ਖ਼ੁਫ਼ੀਆ ਅਧਿਕਾਰੀ ਮੁਤਾਬਕ ਜ਼ੇਲੈਂਸਕੀ ਨੇ ਅਮਰੀਕੀ ਸਰਕਾਰ ਤੋਂ ਕੀਵ 'ਚੋਂ ਕੱਢਣ ਦੀ ਮਿਲੀ ਪੇਸ਼ਕਸ ਨਕਾਰ ਦਿੱਤੀ ਹੈ। ਅਧਿਕਾਰੀ ਮੁਤਾਬਕ ਜ਼ੇਲੈਂਸਕੀ ਨੇ ਕਿਹਾ,''ਜੰਗ ਅਜੇ ਬਾਕੀ ਹੈ। ਸਾਨੂੰ ਟੈਂਕ ਵਿਰੋਧੀ ਹਥਿਆਰ ਚਾਹੀਦੇ ਹਨ ਨਾ ਕਿ ਬਚ ਕੇ ਨਿਕਲਣ ਦਾ ਰਾਹ।''

ਰੂਸ ਨੇ ਦੋ ਦਿਨ ਪਹਿਲਾਂ ਹਵਾਈ ਅਤੇ ਮਿਜ਼ਾਈਲ ਹਮਲੇ ਕਰਕੇ ਯੂਕਰੇਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ 'ਚ ਪੁਲਾਂ, ਸਕੂਲਾਂ ਅਤੇ ਅਪਾਰਟਮੈਂਟਾਂ ਨੂੰ ਵੀ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ ਸੈਂਕੜੇ ਜਾਨੀ ਨੁਕਸਾਨ ਹੋਇਆ ਹੈ। ਕੀਵ ਦੇ ਹੋਟਲ 'ਚ ਕੰਮ ਕਰਦੀ ਲੂਸੀ ਵਸ਼ਾਕਾ (20) ਨੇ ਕਿਹਾ,''ਅਸੀਂ ਸਾਰੇ ਡਰੇ ਹੋਏ ਅਤੇ ਚਿੰਤਿਤ ਹਾਂ। ਅਸੀਂ ਨਹੀਂ ਜਾਣਦੇ ਹਾਂ ਕਿ ਅਗਲੇ ਕੁਝ ਦਿਨਾਂ 'ਚ ਕੀ ਕੁਝ ਵਾਪਰਨ ਵਾਲਾ ਹੈ।'' ਜ਼ੇਲੈਂਸਕੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਯਾਕ ਨੇ ਕਿਹਾ ਕਿ ਹਾਲਾਤ ਯੂਕਰੇਨੀ ਫ਼ੌਜ ਦੇ ਕਾਬੂ ਹੇਠ ਹਨ। ਅਧਿਕਾਰੀਆਂ ਨੇ ਕੀਵ 'ਚ ਲੋਕਾਂ ਨੂੰ ਕਿਹਾ ਹੈ ਕਿ ਆਪਣੇ ਘਰਾਂ 'ਚ ਖਿੜਕੀਆਂ ਤੋਂ ਦੂਰੀ ਬਣਾਉਂਦਿਆਂ ਗੋਲੀਆਂ ਜਾਂ ਹੋਰ ਮਲਬੇ ਦੀ ਵਾਛੜ ਤੋਂ ਬਚ ਕੇ ਰਹਿਣ।

ਇੱਕ ਯੂਕਰੇਨੀ ਔਰਤ ਮੁਲਕ ਦੀ ਸਰਹੱਦ ਪਾਰ ਕਰਕੇ ਆਪਣੀ ਬੱਚੀ ਨਾਲ ਮੇਦੀਆਕਾ (ਪੋਲੈਂਡ) ਵਿੱਚ ਦਾਖ਼ਲ ਹੁੰਦੀ ਹੋਈ। -ਫੋਟੋ: ਰਾਇਟਰਜ਼

ਯੂਕਰੇਨ ਦੇ ਫ਼ੌਜ ਨੇ ਰੂਸੀ ਮਾਲਵਾਹਕ ਜਹਾਜ਼ 11-76 ਨੂੰ ਕੀਵ ਦੇ ਦੱਖਣ 'ਚ ਵਸੀਲਕੀਵ ਨੇੜੇ ਡੇਗਣ ਦਾ ਦਾਅਵਾ ਕੀਤਾ ਹੈ ਜਿਸ 'ਚ ਪੈਰਾਟਰੂਪਰ ਸਵਾਰ ਸਨ। ਅਮਰੀਕਾ ਦੇ ਦੋ ਅਧਿਕਾਰੀਆਂ ਮੁਤਾਬਕ ਰੂਸ ਦਾ ਦੂਜਾ ਮਾਲਵਾਹਕ ਜਹਾਜ਼ ਕੀਵ ਦੇ ਦੱਖਣ 'ਚ ਬਿਲਾ ਤਸੇਰਕਵਾ ਨੇੜੇ ਡੇਗਿਆ ਗਿਆ ਹੈ। ਕੀਵ ਦੇ ਬਾਹਰੀ ਇਲਾਕੇ 'ਚ ਅੱਜ ਇਕ ਬਹੁਮੰਜ਼ਿਲਾ ਇਮਾਰਤ 'ਤੇ ਰਾਕੇਟ ਹਮਲੇ 'ਚ ਘੱਟੋ ਘੱਟ ਹਮਲੇ 'ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਝੂਲਿਆਨੀ ਹਵਾਈ ਅੱਡੇ ਨੇੜੇ ਬਹੁ-ਮੰਜ਼ਿਲਾ ਇਮਾਰਤ ਦੀ 16ਵੀਂ ਅਤੇ 21ਵੀਂ ਮੰਜ਼ਿਲ ਵਿਚਕਾਰ ਰਾਕੇਟ ਟਕਰਾਇਆ।

ਰੂਸ ਦੇ ਹਮਲੇ ਬਾਅਦ ਯੂਕਰੇਨ ਤੋਂ ਹਿਜਰਤ ਕਰਕੇ ਮੇਦੀਆਕਾ (ਪੋਲੈਂਡ) ਪੁੱਜੇ ਭੈਣ-ਭਰਾ। -ਫੋਟੋ: ਰਾਇਟਰਜ਼

ਦੋ ਮੰਜ਼ਿਲਾਂ 'ਤੇ ਅੱਗ ਲੱਗ ਗਈ। ਕੀਵ ਦੇ ਮੇਅਰ ਵਿਤਾਲੀ ਕਲਿਤਸ਼ਕੋ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ 'ਚ ਅਪਾਰਟਮੈਂਟ ਦੀ ਇਮਾਰਤ ਦੇ ਇਕ ਪਾਸੇ ਵੱਡਾ ਜਿਹਾ ਮਘੋਰਾ ਦਿਖਾਈ ਦੇ ਰਿਹਾ ਹੈ। ਯੂਕਰੇਨ ਦੇ ਬੁਨਿਆਦੀ ਢਾਂਚਾ ਮੰਤਰਾਲੇ ਨੇ ਕਿਹਾ ਕਿ ਇਕ ਰੂਸੀ ਮਿਜ਼ਾਈਲ ਨੂੰ ਸ਼ਨਿਚਰਵਾਰ ਤੜਕੇ ਉਸ ਸਮੇਂ ਮਾਰ ਸੁੱਟਿਆ ਜਦੋਂ ਉਹ ਪਾਣੀ ਦੇ ਭੰਡਾਰ ਵਾਲੇ ਬੰਨ੍ਹ ਵੱਲ ਜਾ ਰਹੀ ਸੀ। ਜੇਕਰ ਬੰਨ੍ਹ ਟੁੱਟ ਜਾਂਦਾ ਤਾਂ ਹੜ੍ਹ ਕਾਰਨ ਭਾਰੀ ਨੁਕਸਾਨ ਹੋਣਾ ਸੀ। ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਆਸ਼ਕੋ ਨੇ ਕਿਹਾ ਹੈ ਕਿ ਰੂਸੀ ਹਮਲੇ 'ਚ 198 ਵਿਅਕਤੀ ਮਾਰੇ ਗਏ ਹਨ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ ਹਨ। ਤਿੰਨ ਦਿਨਾਂ ਤੋਂ ਚੱਲ ਰਹੀ ਜੰਗ ਦੌਰਾਨ ਮਾਰੇ ਗਏ ਆਮ ਲੋਕਾਂ ਅਤੇ ਸੈਨਿਕਾਂ ਦੀ ਸਟੀਕ ਗਿਣਤੀ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 25 ਆਮ ਨਾਗਰਿਕਾਂ ਦੀ ਭਾਰੀ ਗੋਲਾਬਾਰੀ ਅਤੇ ਹਵਾਈ ਹਮਲਿਆਂ ਕਾਰਨ ਮੌਤ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਕ ਲੱਖ ਤੋਂ ਜ਼ਿਆਦਾ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਉਨ੍ਹਾਂ ਅੰਦਾਜ਼ਾ ਲਾਇਆ ਹੈ ਕਿ ਜੇਕਰ ਜੰਗ ਕੁਝ ਦਿਨ ਹੋਰ ਚੱਲੀ ਤਾਂ ਹਿਜਰਤ ਕਰਨ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਜ਼ਿਆਦਾ ਹੋ ਸਕਦੀ ਹੈ।

ਯੂਕਰੇਨ ਸੰਕਟ ਦਰਮਿਆਨ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕਰੇਗਾ ਫਰਾਂਸ

ਪੈਰਿਸ: ਉੱਤਰੀ ਐਟਲਾਂਟਿਕ ਸਮਝੌਤਾ ਸੰਸਥਾ (ਨਾਟੋ) ਫਰੇਮਵਰਕ ਅਧੀਨ ਫਰਾਂਸ ਵੱਲੋਂ ਰੋਮਾਨੀਆ ਵਿਚ 500 ਜਵਾਨ ਤਾਇਨਾਤ ਕੀਤੇ ਜਾਣਗੇ। ਫਰਾਂਸੀਸੀ ਅਖ਼ਬਾਰ ਲੀ ਫਿਗਾਰੋ ਨੇ ਫਰਾਂਸ ਹਥਿਆਰ ਬਲਾਂ ਦੇ ਚੀਫ਼ ਆਫ਼ ਸਟਾਫ ਜਨਰਲ ਥੀਰੀ ਬਰਕਹਾਰਡ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸ਼ਿਨਹੁਆ ਨਿਊਜ਼ ਏਜੰਸੀ ਨੇ ਜਨਰਲ ਬਰਕਹਾਰਡ ਦੇ ਹਵਾਲੇ ਨਾਲ ਕਿਹਾ, ''ਨਾਟੋ ਨੇ ਰਣਨੀਤਕ ਇਕਜੁੱਟਤਾ ਦਾ ਸਪੱਸ਼ਟ ਸੰਕੇਤ ਦੇਣ ਲਈ ਰੋਮਾਨੀਆ ਵਿਚ ਸੁਰੱਖਿਆ ਬਲ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ।'' ਬਰਕਹਾਰਡ ਨੇ ਲੰਘੀ ਦੇਰ ਰਾਤ ਕਿਹਾ, ''ਅਸੀਂ ਰੋਮਾਨੀਆ ਨੂੰ ਸਹਿਯੋਗ ਦੇਣ ਲਈ ਉੱਥੇ ਬਖਤਰਬੰਦ ਅਤੇ ਜੰਗੀ ਵਾਹਨਾਂ ਦੇ ਨਾਲ 500 ਜਵਾਨ ਤਾਇਨਾਤ ਕਰਾਂਗੇ।'' ਉਨ੍ਹਾਂ ਕਿਹਾ ਕਿ ਐਸਟੋਨੀਆ ਵਿਚ ਵੀ ਫਰਾਂਸ ਦੀ ਫ਼ੌਜ ਦੀ ਮੌਜੂਦਗੀ ਜਾਰੀ ਰਹੇਗੀ। -ਆਈਏਐੱਨਐੱਸ

ਕਰੀਬ 1.20 ਲੱਖ ਯੂਕਰੇਨੀਆਂ ਨੇ ਗੁਆਂਢੀ ਮੁਲਕਾਂ 'ਚ ਸ਼ਰਨ ਲਈ

ਵਾਰਸਾ: ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਅੱਜ ਦੱਸਿਆ ਕਿ ਰੂਸ ਦੇ ਹਮਲੇ ਕਰ ਕੇ ਯੂਕਰੇਨ ਦੇ ਕਰੀਬ 1.20 ਲੱਖ ਲੋਕਾਂ ਨੇ ਗੁਆਂਢੀ ਮੁਲਕਾਂ ਵਿਚ ਸ਼ਰਨ ਲਈ ਹੈ। ਵਿਸ਼ਵ ਪੱਧਰੀ ਏਜੰਸੀ ਮੁਤਾਬਕ ਰੂਸ ਵੱਲੋਂ ਰਾਜਧਾਨੀ ਕੀਵ 'ਤੇ ਕਬਜ਼ੇ ਦੀ ਕੋਸ਼ਿਸ਼ ਹੋਣ ਕਰ ਕੇ ਯੂਕਰੇਨੀ ਆਪਣਾ ਸਾਮਾਨ ਬੰਨ੍ਹ ਕੇ ਭੱਜ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦੀ ਤਰਜਮਾਨ ਸ਼ਾਬੀਆ ਮੰਟੂ ਨੇ ਕਿਹਾ, ''ਕਰੀਬ 1.16 ਲੱਖ ਲੋਕ ਹੁਣ ਤੱਕ ਕੌਮਾਂਤਰੀ ਸਰਹੱਦ ਪਾਰ ਕਰ ਚੁੱਕੇ ਹਨ। ਇਹ ਗਿਣਤੀ ਹਰ ਘੰਟੇ ਵਧ ਰਹੀ ਹੈ।'' ਏਜੰਸੀ ਦਾ ਅਨੁਮਾਨ ਹੈ ਕਿ ਸਥਿਤੀ ਹੋਰ ਖਰਾਬ ਹੋਣ 'ਤੇ ਕਰੀਬ 40 ਲੱਖ ਲੋਕ ਯੂਕਰੇਨ ਛੱਡ ਕੇ ਹੋਰ ਦੇਸ਼ਾਂ ਵਿਚ ਸ਼ਰਨ ਲੈਣ ਲਈ ਜਾ ਸਕਦੇ ਹਨ। -ਏਪੀ

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਿਨੰਦਾ ਮਤਾ ਰੂਸ ਵੱਲੋਂ ਵੀਟੋ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਰੂਸ ਦੇ ਹਮਲੇ ਦੀ ਸਖ਼ਤ ਆਲੋਚਨਾ ਕਰਨ ਲਈ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ਸਬੰਧੀ ਵੋਟਿੰਗ 'ਚ ਭਾਰਤ ਨੇ ਹਿੱਸਾ ਨਹੀਂ ਲਿਆ। ਭਾਰਤ ਨੇ ਜੰਗ ਤੁਰੰਤ ਪ੍ਰਭਾਵ ਤੋਂ ਖ਼ਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਦਾ ਹੱਲ ਸਿਰਫ਼ ਗੱਲਬਾਤ ਰਾਹੀਂ ਹੋ ਸਕਦਾ ਹੈ। ਸੁਰੱਖਿਆ ਕੌਂਸਲ ਵਿਚ ਇਹ ਮਤਾ ਪਾਸ ਨਹੀਂ ਹੋ ਸਕਿਆ ਕਿਉਂਕਿ ਸਥਾਈ ਮੈਂਬਰ ਰੂਸ ਅਤੇ ਫਰਵਰੀ ਮਹੀਨੇ ਲਈ ਸੁਰੱਖਿਆ ਕੌਂਸਲ ਦੇ ਪ੍ਰਧਾਨ ਵੱਲੋਂ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਗਿਆ। ਮਤੇ ਦੇ ਹੱਕ ਵਿਚ 11 ਵੋਟਾਂ ਪਈਆਂ ਜਦਕਿ ਭਾਰਤ, ਚੀਨ ਤੇ ਸੰਯੁਕਤ ਅਰਬ ਅਮੀਰਾਤ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਕੌਂਸਲ ਵਿਚ ਭਾਰਤ ਨੇ ਮਤੇ ਦੇ ਹੱਕ 'ਚ ਵੋਟ ਨਾ ਪਾਉਣ ਬਾਰੇ ਬੋਲਦਿਆਂ ਕਿਹਾ, ''ਯੂਕਰੇਨ ਦੇ ਹਾਲ ਦੇ ਘਟਨਾਕ੍ਰਮ ਤੋਂ ਭਾਰਤ ਕਾਫੀ ਚਿੰਤਤ ਹੈ। ਅਸੀਂ ਹਿੰਸਾ ਤੇ ਦੁਸ਼ਮਣੀ ਨੂੰ ਤੁਰੰਤ ਪ੍ਰਭਾਵ ਤੋਂ ਖ਼ਤਮ ਕਰਨ ਲਈ ਹਰ ਸੰਭਵ ਕਦਮ ਉਠਾਉਣ ਦੀ ਅਪੀਲ ਕਰਦੇ ਹਾਂ।'' ਉਨ੍ਹਾਂ ਕਿਹਾ, ''ਮਤਭੇਦਾਂ ਅਤੇ ਵਿਵਾਦਾਂ ਦੇ ਹੱਲ ਦਾ ਇੱਕੋ-ਇਕ ਰਾਹ ਗੱਲਬਾਤ ਹੈ। ਸਾਨੂੰ ਕੂਟਨੀਤੀ ਦੇ ਰਾਹ 'ਤੇ ਪਰਤਣਾ ਚਾਹੀਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਭਾਰਤ ਨੇ ਮਤੇ 'ਤੇ ਵੋਟਿੰਗ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ।''

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅੱਜ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ 'ਤੇ ਵੋਟਿੰਗ ਹੋਈ। ਇਸ ਨੂੰ ਆਸਟਰੇਲੀਆ, ਐਸਤੋਨੀਆ, ਫਿਨਲੈਂਡ, ਜੌਰਜੀਆ, ਜਰਮਨੀ, ਇਟਲੀ ਸਣੇ ਕਈ ਹੋਰ ਦੇਸ਼ਾਂ ਨੇ ਸਹਿ-ਪ੍ਰਸਤਾਵਿਤ ਕੀਤਾ ਸੀ।

15 ਮੈਂਬਰੀ ਸੁਰੱਖਿਆ ਕੌਂਸਲ ਵਿਚ ਇਕ ਸਥਾਈ ਮੈਂਬਰ ਰੂਸ ਨੇ ਆਸ ਮੁਤਾਬਕ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਅਤੇ ਮਤਾ ਅਸਫ਼ਲ ਰਿਹਾ ਪਰ ਪੱਛਮੀ ਦੇਸ਼ਾਂ ਨੇ ਕਿਹਾ ਕਿ ਇਹ ਮਤਾ ਯੂਕਰੇਨ ਖ਼ਿਲਾਫ਼ ਕਾਰਵਾਈਆਂ ਤੇ ਹਮਲੇ ਲਈ ਰੂਸ ਨੂੰ ਵਿਸ਼ਵ ਤੋਂ ਵੱਖ ਕਰਨ ਦੀ ਮੰਗ ਕਰਦਾ ਹੈ।

ਇਸ ਦੌਰਾਨ ਸਾਰੀਆਂ ਅੱਖਾਂ ਭਾਰਤ 'ਤੇ ਸਨ ਕਿ ਉਹ ਇਸ ਮਤੇ 'ਤੇ ਕਿਹੜੇ ਪਾਸੇ ਵੋਟ ਪਾਉਂਦਾ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਕਾਫੀ ਮਜ਼ਬੂਤ ਸਬੰਧ ਹਨ। ਕੌਂਸਲ ਦਾ ਇਹ ਮਤਾ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ, ਏਕਤਾ ਅਤੇ ਉਸ ਦੀ ਖੇਤਰੀ ਅਖੰਡਤਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਾ ਸੀ।

ਮਤੇ ਰਾਹੀਂ ਮੰਗ ਕੀਤੀ ਗਈ ਕਿ ਰੂਸ ਨੂੰ ਤੁਰੰਤ ਪ੍ਰਭਾਵ ਤੋਂ ਬਿਨਾ ਕਿਸੇ ਸ਼ਰਤ ਤੋਂ ਯੂਕਰੇਨ ਦੀਆਂ ਕੌਮਾਂਤਰੀ ਸਰਹੱਦਾਂ ਵਿਚਲੇ ਖੇਤਰਾਂ 'ਚੋਂ ਆਪਣੀਆਂ ਫ਼ੌਜਾਂ ਵਾਪਸ ਸੱਦਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਰੂਸ ਨੂੰ ਯੂਕਰੇਨ ਦੇ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ਦੀ ਸਥਿਤੀ ਸਬੰਧੀ ਆਪਣਾ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਵੋਟਿੰਗ ਤੋਂ ਪਹਿਲਾਂ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿੱਤਰੋ ਕੁਲੇਬਾ ਨੇ ਇਕ ਟਵੀਟ ਰਾਹੀਂ ਕਿਹਾ ਕਿ ਜੈਸ਼ੰਕਰ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਰੂਸ ਨੂੰ ਫ਼ੌਜੀ ਕਾਰਵਾਈ ਤੁਰੰਤ ਪ੍ਰਭਾਵ ਤੋਂ ਰੋਕਣ ਲਈ ਮਜਬੂਰ ਕਰਨ ਵਾਸਤੇ ਉਨ੍ਹਾਂ ਭਾਰਤ ਨੂੰ ਆਪਣਾ ਸਾਰਾ ਪ੍ਰਭਾਵ ਇਸਤੇਮਾਲ ਕਰਨ ਲਈ ਕਿਹਾ ਹੈ। ਉਨ੍ਹਾਂ ਭਾਰਤ ਨੂੰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਯੂਕਰੇਨ ਵਿਚ ਸ਼ਾਂਤੀ ਬਹਾਲ ਕਰਨ ਲਈ ਲਿਆਂਦੇ ਜਾ ਰਹੇ ਅੱਜ ਦੇ ਇਸ ਮਤੇ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਹੈ। -ਪੀਟੀਆਈ

ਯੂਕਰੇਨ ਨੇ ਮਤੇ ਦੇ ਹੱਕ 'ਚ ਹੋਰ ਦੇਸ਼ਾਂ ਤੋਂ ਮੰਗੀ ਸੀ ਹਮਾਇਤ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਵਿਚ ਯੂਕਰੇਨ ਦੇ ਦੂਤ ਸਰਗੇਈ ਕਿਸਲਿਤਸਿਆ ਨੇ ਅੱਜ ਕਿਹਾ, ''ਇਹ ਅਸਲ ਵਿਚ ਯੂਕਰੇਨ 'ਚ ਤੁਹਾਡੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ, ਜਿਸ ਲਈ ਤੁਹਾਨੂੰ ਜੰਗ ਰੋਕਣ ਦੇ ਪ੍ਰਸਤਾਵ 'ਤੇ ਸਭ ਤੋਂ ਪਹਿਲਾਂ ਵੋਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਇਸ਼ਾਰਾ ਭਾਰਤ ਵੱਲ ਸਮਝਿਆ ਜਾ ਰਿਹਾ ਹੈ, ਜਿਸ ਨੇ ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਦਾ ਵਿਰੋਧ ਕਰਨ ਵਾਲੇ ਪ੍ਰਸਤਾਵ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਹੋਈ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਅਮਰੀਕਾ ਦੀ ਅਗਵਾਈ ਵਿਚ ਤਿਆਰ ਪ੍ਰਸਤਾਵ 'ਤੇ ਵੋਟਿੰਗ ਤੋਂ ਬਾਅਦ ਕਿਸਲਿਤਸਿਆ ਨੇ ਕਿਹਾ, ''ਮੈਂ ਦੁੱਖੀ ਹਾਂ। ਕੁਝ ਮੁੱਠੀ ਭਰ ਦੇਸ਼ ਅਜੇ ਵੀ ਜੰਗ ਨੂੰ ਬਰਦਾਸ਼ਤ ਕਰ ਰਹੇ ਹਨ।'' ਸੁੁਰੱਖਿਆ ਕੌਂਸਲ ਵਿਚ ਸੰਬੋਧਨ ਕਰਦੇ ਹੋਏ ਕਿਸਲਿਤਸਿਆ ਨੇ ਅਸਿੱਧੇ ਤੌਰ 'ਤੇ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ''ਅਤੇ ਮੈਂ ਕੁਝ ਲੋਕਾਂ ਨੂੰ ਕਹਿ ਸਕਦਾ ਹਾਂ, ਯੂਕਰੇਨ ਵਿਚ ਅਜੇ ਸਪੱਸ਼ਟ ਤੌਰ 'ਤੇ ਤੁਹਾਡੇ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਹੈ, ਜਿਸ ਲਈ ਤੁਹਾਨੂੰ ਜੰਗ ਰੋਕਣ ਖ਼ਾਤਰ ਇਸ ਪ੍ਰਸਤਾਵ 'ਤੇ ਸਭ ਤੋਂ ਪਹਿਲਾਂ ਵੋਟਿੰਗ ਕਰਨੀ ਚਾਹੀਦੀ ਹੈ ਅਤੇ ਯੂਕਰੇਨ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਜੇ ਇਹ ਸੋਚਣ ਦਾ ਸਮਾਂ ਨਹੀਂ ਹੈ ਕਿ ਤੁਹਾਨੂੰ ਇਸ ਪ੍ਰਸਤਾਵ 'ਤੇ ਵੋਟਿੰਗ ਕਰਨ ਚਾਹੀਦੀ ਹੈ ਜਾਂ ਨਹੀਂ।'' ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਕੂਲਾਂ, ਅਨਾਥ ਆਸ਼ਰਮਾਂ ਅਤੇ ਹਸਪਤਾਲਾਂ 'ਤੇ ਮਿਜ਼ਾਈਲ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। -ਪੀਟੀਆਈ

ਜ਼ੇਲੈਂਸਕੀ ਨੇ ਮੋਦੀ ਤੋਂ ਸਹਾਇਤਾ ਮੰਗੀ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਰੂਸ ਦੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ 'ਚ ਭਾਰਤ ਦੀ ਸਹਾਇਤਾ ਮੰਗੀ ਹੈ। ਜ਼ੇਲੈਂਸਕੀ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਸ੍ਰੀ ਮੋਦੀ ਨੂੰ ਯੂਕਰੇਨ ਵੱਲੋਂ ਰੂਸੀ ਹਮਲੇ ਨੂੰ ਠੱਲ੍ਹਣ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਇਕ ਲੱਖ ਤੋਂ ਜ਼ਿਆਦਾ ਧਾੜਵੀ ਸਾਡੀ ਧਰਤੀ 'ਤੇ ਹਨ। ਉਹ ਰਿਹਾਇਸ਼ੀ ਇਮਾਰਤਾਂ 'ਤੇ ਅੰਨ੍ਹੇਵਾਹ ਗੋਲਾਬਾਰੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ 'ਚ ਸਾਨੂੰ ਹਮਾਇਤ ਦੇਣ ਲਈ ਭਾਰਤ ਨੂੰ ਬੇਨਤੀ ਕੀਤੀ ਹੈ। ਆਓ ਰਲ ਕੇ ਹਮਲਾਵਰਾਂ ਨੂੰ ਰੋਕੀਏ।'' -ਪੀਟੀਆਈ



Most Read

2024-09-21 06:04:12