Sport >> The Tribune


ਹਾਕੀ: ਪੰਜਾਬ ਇਲੈਵਨ ਦੀ ਯਮੁਨਾਗਰ ਅਕੈਡਮੀ ’ਤੇ ਜਿੱਤ


Link [2022-02-27 07:13:13]



ਰਾਮ ਸ਼ਰਨ ਸੂਦ

ਅਮਲੋਹ, 26 ਫਰਵਰੀ

ਐੱਨ.ਆਰ.ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਅੱਜ ਤੀਸਰੇ ਦਿਨ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਬਲਾਕ ਕਾਂਗਰਸ ਅਮਲੋਹ ਸ਼ਹਿਰੀ ਦੇ ਪ੍ਰਧਾਨ ਮਹਿੰਦਰ ਪਜਨੀ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗਰਗ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਕੁਆਰਟਰਜ਼ ਮੁਕਾਬਲਿਆਂ ਵਿੱਚ ਸ਼ਾਹੀ ਹੋਸਟਲ ਕਰੂਕਸ਼ੇਤਰ ਦੀ ਟੀਮ ਨੇ ਪੈਨਲਟੀ ਸ਼ੂਟ ਆਊਟ ਰਾਹੀਂ ਸੰਗਰੂਰ ਅਕੈਡਮੀ ਨੂੰ 6-5 ਨਾਲ ਹਰਾਇਆ। ਦੂਜਾ ਮੁਕਾਬਲਾ ਪਾਵਰਕੌਮ ਪਟਿਆਲਾ ਦੀ ਟੀਮ ਨੇ ਪਟਿਆਲਾ ਇਲੈਵਨ ਤੋਂ 4-2 ਨਾਲ ਜਿੱਤਿਆ। ਹੋਰ ਮੁਕਾਬਲਿਆਂ ਵਿੱਚ ਹਿਮਾਚਲ ਇਲੈਵਨ ਦੀ ਟੀਮ ਨੇ ਐੱਨ.ਆਰ.ਆਈ ਸਪੋਰਟਸ ਕਲੱਬ ਅਮਲੋਹ ਦੀ ਟੀਮ ਨੂੰ 3-1 ਨਾਲ, ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਫਲੱਕਰ ਬ੍ਰਦਰਜ਼ ਦੀ ਟੀਮ ਨੂੰ 3-2 ਨਾਲ, ਜਦੋਂਕਿ ਲੜਕੀਆਂ ਦੇ ਮੈਚ ਵਿਚ ਪੰਜਾਬ ਇਲੈਵਨ ਦੀ ਟੀਮ ਨੇ ਯਮੁਨਾਨਗਰ ਅਕੈਡਮੀ ਦੀ ਟੀਮ ਨੂੰ 1-0 ਨਾਲ ਹਰਾਇਆ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਭਲਕੇ ਲੜਕਿਆਂ ਅਤੇ ਲੜਕੀਆਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਲੜਕਿਆਂ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਉਪ ਜੇਤੂ ਨੂੰ 25 ਹਜ਼ਾਰ ਰੁਪਏ ਅਤੇ ਲੜਕੀਆਂ ਵਿਚੋਂ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਅਤੇ ਯਾਦਗਾਰੀ ਕੱਪ ਦਿੱਤਾ ਜਾਵੇਗਾ।



Most Read

2024-09-20 11:49:26