Breaking News >> News >> The Tribune


ਮੈਡੀਕਲ ਸਿੱਖਿਆ ਖੇਤਰ ’ਚ ਪ੍ਰਾਈਵੇਟ ਕੰਪਨੀਆਂ ਵੱਡੇ ਪੱਧਰ ’ਤੇ ਨਿੱਤਰਨ: ਮੋਦੀ


Link [2022-02-27 05:34:16]



ਨਵੀਂ ਦਿੱਲੀ, 26 ਫਰਵਰੀ

ਭਾਸ਼ਾ ਦੀਆਂ ਬੰਦਿਸ਼ਾਂ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਵੱਲੋਂ ਮੈਡੀਕਲ ਸਿੱਖਿਆ ਲਈ ਕਈ ਛੋਟੇ ਮੁਲਕਾਂ 'ਚ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਈਵੇਟ ਸੈਕਟਰ ਨੂੰ ਕਿਹਾ ਹੈ ਕਿ ਉਹ ਇਸ ਖੇਤਰ 'ਚ ਵੱਡੇ ਪੱਧਰ 'ਤੇ ਆਪਣੀ ਮੌਜੂਦਗੀ ਦਰਜ ਕਰਾਉਣ। ਆਮ ਬਜਟ 'ਚ ਸਿਹਤ ਖੇਤਰ ਬਾਰੇ ਰੱਖੀਆਂ ਗਈਆਂ ਤਜਵੀਜ਼ਾਂ ਸਬੰਧੀ ਵੈਬਿਨਾਰ ਦਾ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਕਿ ਉਹ ਮੈਡੀਕਲ ਸਿੱਖਿਆ ਲਈ ਜ਼ਮੀਨ ਅਲਾਟਮੈਂਟ ਸਬੰਧੀ ਵਧੀਆ ਨੀਤੀਆਂ ਘੜਨ ਤਾਂ ਜੋ ਭਾਰਤ ਵੱਡੀ ਗਿਣਤੀ 'ਚ ਡਾਕਟਰਾਂ ਅਤੇ ਪੈਰਾਮੈਡੀਕਲ ਅਮਲਾ ਪੈਦਾ ਕਰ ਸਕੇ। ਉਨ੍ਹਾਂ ਦਾ ਇਹ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਵੱਡੀ ਗਿਣਤੀ 'ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਭਾਰਤੀ, ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਉਥੇ ਫਸ ਗਏ ਹਨ। ਉਂਜ ਸ੍ਰੀ ਮੋਦੀ ਨੇ ਸੰਕਟ ਦਾ ਸਿੱਧੇ ਤੌਰ 'ਤੇ ਕੋਈ ਜ਼ਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਲਈ ਜਾਣ ਨਾਲ ਸੈਂਕੜੇ ਅਰਬਾਂ ਰੁਪਏ ਦੇਸ਼ 'ਚੋਂ ਬਾਹਰ ਚਲੇ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ 'ਇਕ ਭਾਰਤ, ਇਕ ਸਿਹਤ' ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਵਧੀਆ ਸਿਹਤ ਸੰਭਾਲ ਢਾਂਚਾ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ। ਉਨ੍ਹਾਂ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਲਈ ਮੁਲਕ ਦੇ ਸਿਹਤ ਸੰਭਾਲ ਮਾਹਿਰਾਂ ਨੂੰ ਵਧਾਈ ਵੀ ਦਿੱਤੀ। -ਪੀਟੀਆਈ



Most Read

2024-09-22 16:24:53