World >> The Tribune


ਪੂਤਿਨ ਵੱਲੋਂ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ


Link [2022-02-26 11:58:08]



ਕੀਵ/ਮਾਸਕੋ, 25 ਫਰਵਰੀ

ਯੂਕਰੇਨ 'ਤੇ ਤਿੰਨ ਪਾਸਿਆਂ ਤੋਂ ਕੀਤੇ ਹਮਲੇ ਦੇ ਦੂਜੇ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਆਉਣ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ। ਪੂਤਿਨ ਨੇ ਆਪਣੇ ਯੂਕਰੇਨੀ ਹਮਰੁਤਬਾ ਵਲੋਦੋਮੀਰ ਜ਼ੇਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਮਗਰੋਂ ਯੂਕਰੇਨ ਅੱਗੇ ਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਮੰਨਿਆ ਜਾਵੇ ਤੇ ਯੂਕਰੇਨ ਨਾਟੋ ਫ਼ੌਜਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰੇ। ਉਧਰ ਰੂਸੀ ਫੌਜ ਅੱਜ ਰਾਜਧਾਨੀ ਕੀਵ ਵਿੱਚ ਦਾਖ਼ਲ ਹੋ ਗਈ। ਫੌਜ ਨੇ ਕੀਵ ਦੇ ਐਨ ਬਾਹਰਵਾਰ ਰਣਨੀਤਕ ਪੱਖੋਂ ਅਹਿਮ ਹਵਾਈ ਅੱਡੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਜਰਮਨੀ ਵਿੱਚ ਪਨਾਹ ਲੈਣ ਦੀਆਂ ਅਪੁਸ਼ਟ ਖ਼ਬਰਾਂ ਦਰਮਿਆਨ ਯੂਕਰੇਨੀ ਸਦਰ ਜ਼ੇਲੈਂਸਕੀ ਨੇ ਸੰਕਲਪ ਲਿਆ ਕਿ ਉਹ ਦੇਸ਼ ਵਿਚ ਹੀ ਰਹਿਣਗੇ। ਯੂਕਰੇਨ ਨੇ ਕੀਵ ਦੀਆਂ ਸੜਕਾਂ 'ਤੇ ਰੂਸੀ ਫੌਜਾਂ ਦੇ ਮੁਕਾਬਲੇ ਲਈ ਪੂਰੀ ਵਾਹ ਲਾਈ। ਯੂਕਰੇਨੀ ਰੱਖਿਆ ਮੰਤਰਾਲੇ ਨੇ 1000 ਤੋਂ ਵੱਧ ਰੂਸੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ 137 ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ਦੀ ਜਾਨ ਜਾਂਦੀ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਰੂਸੀ ਹਥਿਆਰਬੰਦ ਬਲਾਂ ਦਾ ਇੰਨਾ (ਜਾਨੀ) ਨੁਕਸਾਨ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ।

ਯੂਕਰੇਨ ਦੇ ਖਰਕੀਵ ਵਿੱਚ ਨੁਕਸਾਨਿਆ ਰੂਸ ਦਾ ਫੌਜੀ ਵਾਹਨ।

ਰੂਸ ਦੀ ਸੁਰੱਖਿਆ ਕੌਂਸਲ ਨਾਲ ਕੀਤੀ ਮੀਟਿੰਗ, ਜਿਸ ਨੂੰ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ, ਵਿੱਚ ਪੂਤਿਨ ਨੇ ਕਿਹਾ, ''ਮੈਂ ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਫੌਜੀ ਜਵਾਨਾਂ ਨੂੰ ਇਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਉਹ ਨਾਜ਼ੀ-ਪੱਖੀ ਤੇ ਯੂਕਰੇਨ ਦੇ ਕੱਟੜਵਾਦੀ ਨਾਗਰਿਕਾਂ ਨੂੰ ਆਪਣੇ ਬੱਚਿਆਂ, ਪਤਨੀਆਂ ਅਤੇ ਬਜ਼ੁਰਗਾਂ ਨੂੰ ਮਨੁੱਖੀ ਢਾਲ ਵਜੋਂ ਨਾ ਵਰਤਣ ਦੇਣ। ਸੱਤਾ ਆਪਣੇ ਹੱਥਾਂ ਵਿੱਚ ਲੈ ਲਵੋ ਤਾਂ ਕਿ ਸਾਡੇ ਲਈ ਕਿਸੇ ਸਮਝੌਤੇ 'ਤੇ ਪੁੱਜਣਾ ਆਸਾਨ ਹੋ ਜਾਵੇ।'' ਪੂੁਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਰੂਸੀ ਫੌਜੀ ਪੂਰੀ ਬਹਾਦਰੀ, ਪੇਸ਼ੇਵਰਾਨਾ ਤੇ ਨਾਇਕਾਵਾਂ ਵਾਂਗ ਆਪਣਾ ਫ਼ਰਜ਼ ਨਿਭਾ ਰਹੇ ਹਨ। ਉਧਰ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਕਿ ਯੂਕਰੇਨ ਨਾਲ ਗੱਲਬਾਤ ਲਈ ਰੂਸ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਵਫ਼ਦ ਭੇਜਣ ਲਈ ਤਿਆਰ ਹੈ। ਪੈਸਕੋਵ ਨੇ ਦੱਸਿਆ ਕਿ ਰੂਸ ਵਫ਼ਦ ਭੇਜਣ ਲਈ ਤਿਆਰ ਹੈ, ਜਿਸ ਵਿੱਚ ਰੱਖਿਆ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਯੂਕਰੇਨ ਖੁ਼ਦ ਨੂੰ ਨਿਰਪੱਖ ਕਾਊਂਟੀ ਐਲਾਨਣ ਲਈ ਤਿਆਰ ਹੈ ਤੇ ਇਸ ਸੰਭਾਵੀ ਮੀਟਿੰਗ ਦੇ ਏਜੰਡੇ ਵਿੱਚ ਖਿੱਤੇ 'ਚੋਂ ਨਾਟੋ ਫੌਜਾਂ ਹਟਾਉਣ ਦੀ ਮੱਦ ਵੀ ਸ਼ਾਮਲ ਹੋਵੇਗੀ। ਇਸ ਦੌਰਾਨ ਰਾਜਧਾਨੀ ਕੀਵ 'ਤੇ ਰੂਸੀ ਹਮਲੇ ਦੇ ਡਰੋਂ ਹਜ਼ਾਰਾਂ ਲੋਕ ਬੰਕਰਾਂ ਤੇ ਜ਼ਮੀਨਦੋਜ਼ ਰੇਲਵੇ ਸਟੇਸ਼ਨਾਂ 'ਤੇ ਚਲੇ ਗਏ। ਸਬਵੇਅ ਸਟੇਸ਼ਨਾਂ 'ਤੇ ਵੱਡੀ ਗਿਣਤੀ ਲੋਕਾਂ ਦੇ ਇਕੱਠੇ ਹੋਣ ਕਰਕੇ ਉਥੇ ਭੀੜਾਂ ਲੱਗ ਗਈਆਂ। ਰੂਸ ਨੇ ਭਾਵੇਂ ਸ਼ਹਿਰਾਂ ਨੂੰ ਨਿਸ਼ਾਨਾ ਨਾ ਬਣਾਉਣ ਦਾ ਦਾਅਵਾ ਕੀਤਾ ਸੀ, ਪਰ ਕੁਝ ਪੱਤਰਕਾਰਾਂ ਮੁਤਾਬਕ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਤਬਾਹੀ ਦੇ ਮੰਜ਼ਰ ਵੇਖਣ ਨੂੰ ਮਿਲੇ। ਯੂਕਰੇਨੀ ਫੌਜ ਨੇ ਕਿਹਾ ਕਿ ਕੀਵ ਤੋਂ 60 ਕਿਲੋਮੀਟਰ ਦੂਰ ਇਵਾਨਕੀਵ ਨੇੜੇ ਫੌਜਾਂ ਦਰਮਿਆਨ ਗਹਿਗੱਚ ਲੜਾਈ ਹੋਈ। ਇਸ ਦੌਰਾਨ ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਐਨ ਬਾਹਰਵਾਰ ਹਵਾਈ ਅੱਡੇ ਨੂੰ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਹੋਸਟੋਮੈੱਲ ਸਥਿਤ ਹਵਾਈ ਅੱਡਾ ਕੀਵ ਤੋਂ ਉੱਤਰ-ਪੱਛਮ ਵੱਲ ਮਹਿਜ਼ ਸੱਤ ਕਿਲੋਮੀਟਰ (ਚਾਰ ਮੀਲ) ਦੂਰ ਹੈ। ਰੂਸੀ ਰੱਖਿਆ ਮੰਤਰੀ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੈਨਕੋਵ ਨੇ ਕਿਹਾ ਕਿ ਰੂਸੀ ਫੌਜ ਨੇ ਹੋਸਟੋਮੈੱਲ ਵਿੱਚ ਆਪਣੇ 200 ਹੈਲੀਕਾਪਟਰ ਉਤਾਰੇ ਹਨ। ਤਰਜਮਾਨ ਨੇ ਯੂਕਰੇਨ ਵਿਸ਼ੇਸ ਬਲਾਂ ਦੇ 200 ਤੋਂ ਵੱਧ ਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਉਧਰ ਯੂਕਰੇਨ ਨੇ ਦੁਵੱਲੀ ਗੋਲੀਬਾਰੀ 'ਚ ਰੂਸ ਦੇ ਵੱਡੀ ਗਿਣਤੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ, ਹਾਲਾਂਕਿ ਰੂਸ ਨੇ ਇਸ ਤੋਂ ਇਨਕਾਰ ਕੀਤਾ ਹੈ। ਰੂਸੀ ਫੌਜ ਨੇ ਕਿਹਾ ਕਿ ਉਸ ਨੇ ਮਾਸਕੋ ਤੋਂ ਵੱਖ ਕੀਤੇ ਕ੍ਰੀਮੀਆ ਨੂੰ ਪਾਣੀ ਦੀ ਸਪਲਾਈ ਕਰਦੀ ਅਹਿਮ ਨਹਿਰ ਨੂੰ ਕੰਟਰੋਲ ਵਿੱਚ ਲੈ ਲਿਆ ਹੈ। ਰੂਸ ਨੇ ਕਿਹਾ ਕਿ ਇਸ ਨਹਿਰ ਵਿੱਚ ਪਿਛਲੇ ਅੱਠ ਸਾਲ ਤੋਂ ਪਾਣੀ ਦੀ ਵੱਡੀ ਘਾਟ ਸੀ। ਯੂਕਰੇਨੀ ਸਦਰ ਜ਼ੇਲੈਂਸਕੀ ਨੇ ਰੂਸੀ ਹਮਲੇ ਨੂੰ ਦੂਜੀ ਆਲਮੀ ਜੰਗ ਮਗਰੋਂ ਯੂਰੋਪੀਅਨ ਮੁਲਕ 'ਤੇ ਸਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ, ''ਦੁਸ਼ਮਣਾਂ ਨੇ ਮੈਨੂੰ ਨੰਬਰ ਇਕ ਨਿਸ਼ਾਨਾ ਮਿੱਥਿਆ ਹੈ। ਮੇਰਾ ਪਰਿਵਾਰ ਦੂਜੇ ਨੰਬਰ 'ਤੇ ਹੈ। ਮੈਂ ਰਾਜਧਾਨੀ ਵਿੱਚ ਹੀ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੈ।'' ਜੇਲੈਂਸਕੀ ਨੇ ਰੂਸੀ ਹਮਲੇ 'ਚ 137 ਸਿਵਲੀਅਨਾਂ ਤੇ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ 'ਨਾਇਕ' ਦੱਸਿਆ। ਯੂਕਰੇਨੀ ਸਦਰ ਨੇ ਕਿਹਾ ਕਿ ਸਿਰਫ਼ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਰੂਸੀ ਦਾਅਵਿਆਂ ਦੇ ਉਲਟ ਆਮ ਵਸੋਂ ਵਾਲੇ ਖੇਤਰਾਂ 'ਤੇ ਬੰਬਾਰੀ ਕੀਤੀ ਗਈ। ਉਨ੍ਹਾਂ ਕਿਹਾ, ''ਉਹ ਲੋਕਾਂ ਨੂੰ ਮਾਰ ਰਹੇ ਹਨ ਤੇ ਸ਼ਾਂਤੀਪੂਰਨ ਸ਼ਹਿਰਾਂ ਨੂੰ ਫੌਜੀ ਨਿਸ਼ਾਨਿਆਂ 'ਚ ਤਬਦੀਲ ਕਰ ਰਹੇ ਹਨ। ਇਹ ਨੇਮਾਂ ਦੇ ਉਲਟ ਹੈ ਤੇ ਜਿਸ ਨੂੰ ਯਾਦ ਰੱਖਿਆ ਜਾਵੇਗਾ।'' ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਮਾਸਕੋ ਵਿੱਚ ਕਿਹਾ ਕਿ ਰੂਸ 'ਯੂਕਰੇਨ ਨੂੰ ਜ਼ੁਲਮ ਤੋਂ ਬਚਾਉਣਾ ਚਾਹੁੰਦਾ ਹੈ।' ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵਿਸ਼ੇਸ਼ ਫੌਜੀ ਕਾਰਵਾਈ ਕੀਤੀ ਤਾਂ ਕਿ ਯੂਕਰੇਨ ਨੂੰ ਨਾਜ਼ੀਆਂ ਤੇ ਨਾਟੋ ਫ਼ੌਜਾਂ ਦੇ ਦਖ਼ਲ ਤੋਂ ਬਚਾਇਆ ਜਾ ਸਕੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵਾਰੀ ਦਾ ਵੱਟਾ ਲਾਹੁੰਦਿਆਂ ਯੂਕੇ ਦੀ ਬ੍ਰਿਟਿਸ਼ ਏਅਰਲਾਈਨ ਦੇ ਰੂਸ ਵਿੱਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ। ਇਹੀ ਨਹੀਂ ਬਰਤਾਨਵੀ ਏਅਰਲਾਈਨ ਉੱਤੇ ਰੂਸ ਦਾ ਹਵਾਈ ਖੇਤਰ ਵਰਤਣ ਦੀ ਵੀ ਪਾਬੰਦੀ ਲਾ ਦਿੱਤੀ ਗਈ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵੀਰਵਾਰ ਨੂੰ ਰੂਸ ਦੀ ਕੌਮਾਂਤਰੀ ਏਅਰਲਾਈਨ ਐਰੋਫਲੋਟ 'ਤੇ ਇਹੀ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ।

-ਪੀਟੀਆਈ/ਏਪੀ/ਰਾਇਟਰਜ਼

ਰੂਸ ਨੇ ਫੇਸਬੁੱਕ 'ਤੇ ਅੰਸ਼ਕ ਪਾਬੰਦੀ ਲਾਈ

ਬ੍ਰਸੱਲਜ਼: ਰੂਸ ਨੇ ਅੱਜ ਫੇਸਬੁੱਕ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਰੂਸ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਕਰੈਮਲਿਨ ਸਮਰਥਕ ਕਈ ਮੀਡੀਆ ਘਰਾਣਿਆਂ ਦੇ ਖਾਤੇ ਸੋਸ਼ਲ ਮੀਡੀਆ 'ਤੇ ਸੀਮਤ ਕਰ ਦਿੱਤੇ ਗਏ ਸਨ। ਰੂਸੀ ਸੰਚਾਰ ਅਦਾਰੇ ਰੋਸਕੋਮਨਾਦਾਜ਼ੋਰ ਨੇ ਕਿਹਾ ਕਿ ਉਨ੍ਹਾਂ ਫੇਸਬੁੱਕ ਤੋਂ ਮੰਗ ਕੀਤੀ ਹੈ ਕਿ ਮੀਡੀਆ ਅਦਾਰਿਆਂ 'ਤੇ ਲਾਈਆਂ ਗਈਆਂ ਰੋਕਾਂ ਹਟਾਈਆਂ ਜਾਣ। ਉਨ੍ਹਾਂ ਕਿਹਾ ਕਿ ਰੂਸੀ ਮੀਡੀਆ ਦੀ ਰਾਖੀ ਲਈ ਇਹ ਕਦਮ ਉਠਾਏ ਗਏ ਹਨ। -ਏਪੀ

ਯੂਰੋਪੀ ਯੂਨੀਅਨ ਵੱਲੋਂ ਪੂਤਿਨ ਤੇ ਲੈਵਰੋਵ ਦੇ ਅਸਾਸੇ ਜਾਮ

ਬ੍ਰਸਲਜ਼: ਯੂਰੋਪੀ ਯੂਨੀਅਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਦੇ ਅਸਾਸੇ ਜਾਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਲਾਤਵੀਆ ਦੇ ਵਿਦੇਸ਼ ਮੰਤਰੀ ਐਡਗਰਸ ਰਿਨਕੈਵਿਕਸ ਨੇ ਟਵੀਟ ਕਰਕੇ ਯੂਰੋਪੀ ਯੂਨੀਅਨ ਦੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਪੂਤਿਨ ਤੇ ਲੈਵਰੋਵ ਤੇ ਖਾਤੇ ਜਾਮ ਕਰਨ ਦੇ ਫੈਸਲੇ ਤੋਂ ਸਾਫ਼ ਹੈ ਕਿ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਨੂੰ ਰੋਕਣ ਲਈ ਪੱਛਮ ਵੱਲੋਂ ਆਉਂਦੇ ਦਿਨਾਂ 'ਚ ਰੂਸ ਖਿਲਾਫ਼ ਹੋਰ ਸਖ਼ਤ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਅਮਰੀਕਾ ਅਤੇ ਜਾਪਾਨ ਸਣੇ ਹੋਰ ਕਈ ਮੁਲਕਾਂ ਨੇ ਰੂਸ ਖ਼ਿਲਾਫ਼ ਪਹਿਲਾ ਹੀ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। -ਏਪੀ

ਰਾਜਧਾਨੀ ਕੀਵ ਵਿੱਚ ਰਿਹਾਇਸ਼ੀ ਇਲਾਕੇ 'ਚ ਡਿੱਗੇ ਅਣਪਛਾਤੇ ਹਵਾਈ ਜਹਾਜ਼ ਦੇ ਮਲਬੇ ਕੋਲੋਂ ਲੰਘਦੇ ਲੋਕ।

ਰੂਸ ਨੂੰ ਯੂਐੱਨ ਸਲਾਮਤੀ ਕੌਂਸਲ 'ਚ ਭਾਰਤੀ ਹਮਾਇਤ ਦੀ ਆਸ

ਨਵੀਂ ਦਿੱਲੀ: ਰੂਸ ਨੇ ਅੱਜ ਕਿਹਾ ਕਿ ਉਸ ਨੂੰ ਆਸ ਹੈ ਕਿ ਯੂਕਰੇਨ 'ਤੇ ਫੌਜੀ ਕਾਰਵਾਈ ਖਿਲਾਫ਼ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪੇਸ਼ ਕੀਤੇ ਜਾਣ ਵਾਲੇ ਮਤੇ ਮੌਕੇ ਭਾਰਤ ਉਸ ਦੀ ਹਮਾਇਤ ਕਰੇਗਾ। ਭਾਰਤ ਵਿੱਚ ਰੂਸੀ ਅੰਬੈਸੀ ਦੇ ਅਧਿਕਾਰੀ ਰੋਮਨ ਬਾਬੁਸ਼ਕਿਨ ਨੇ ਕਿਹਾ ਕਿ ਭਾਰਤ ਨੂੰ ਯੂਕਰੇਨ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਕਾਰਕਾਂ ਦੀ ਗਹਿਰੀ ਸਮਝ ਹੈ ਅਤੇ ਮਾਸਕੋ ਨੂੰ ਦੋਵਾਂ ਮੁਲਕਾਂ (ਰੂਸ-ਭਾਰਤ) ਦਰਮਿਆਨ ਰਣਨੀਤਕ ਤੇ ਵਿਸ਼ੇਸ਼ ਭਾਈਵਾਲੀ ਦੇ ਮੱਦੇਨਜ਼ਰ ਭਾਰਤ ਤੋਂ ਲਗਾਤਾਰ ਹਮਾਇਤ ਮਿਲਣ ਦੀ ਆਸ ਹੈ। ਯੂਕਰੇਨ ਖਿਲਾਫ਼ ਕੀਤੀ ਫੌਜੀ ਕਾਰਵਾਈ ਨੂੰ ਲੈ ਕੇ ਰੂਸ ਖਿਲਾਫ਼ ਯੂਐੱਨ ਸਲਾਮਤੀ ਕੌਂਸਲ ਵਿੱਚ ਨਿਖੇਧੀ ਮਤਾ ਪੇਸ਼ ਕੀਤਾ ਜਾਣਾ ਹੈ। ਰੂਸੀ ਸਫ਼ੀਰ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੱਲੋਂ ਤਿੰਨ ਦਿਨ ਪਹਿਲਾਂ ਪੈਰਿਸ ਵਿੱਚ ਦਿੱਤੇ ਬਿਆਨ ਦੇ ਹਵਾਲੇ ਨਾਲ ਭਾਰਤ ਦੇ ਸਟੈਂਡ ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਉਦੋਂ ਕਿਹਾ ਸੀ ਕਿ ਯੂਕਰੇਨ ਦੇ ਮੌਜੂਦਾ ਹਾਲਾਤ ਦੀਆਂ ਜੜ੍ਹਾਂ ਸੋਵੀਅਤ ਰੂਸ ਦੇ ਟੁੱਟਣ ਤੇ ਨਾਟੋ ਦੇ ਵਿਸਤਾਰ ਨਾਲ ਜੁੜੀਆਂ ਹੋਈਆਂ ਹਨ। ਬਾਬੁਸ਼ਕਿਨ ਨੇ ਕਿਹਾ, ''ਭਾਰਤ ਦੀ ਪੁਜ਼ੀਸ਼ਨ ਸੰਤੁਲਿਤ ਤੇ ਨਿਰਪੱਖ ਹੈ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਤੇ ਸਾਨੂੰ ਭਾਰਤ ਤੋਂ ਇਸ ਤਰ੍ਹਾਂ ਹਮਾਇਤ ਦੀ ਆਸ ਰਹੇਗੀ।'' ਕਾਬਿਲੇਗਰ ਹੈ ਕਿ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧ ਸ਼੍ਰਿੰਗਲਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਯੂਐਨ ਸਲਾਮਤੀ ਕੌਂਸਲ 'ਚ ਰੂਸ ਖ਼ਿਲਾਫ਼ ਪੇਸ਼ ਕੀਤੇ ਜਾਣ ਵਾਲੇ ਮਤੇ ਨੂੰ ਲੈ ਕੇ ਨਵੀਂ ਦਿੱਲੀ ਦਾ ਸਟੈਂਡ (ਮਤੇ ਦੇ) ਖਰੜੇ ਵਿਚਲੇ ਵਿਸ਼ਾ-ਵਸਤੂ ਦੇ ਅੰਤਿਮ ਰੂਪ 'ਤੇ ਮੁਨੱਸਰ ਕਰੇਗਾ। -ਪੀਟੀਆਈ

ਪੂਤਿਨ ਨੇ ਸ਼ੀ ਨੂੰ ਹਾਲਾਤ ਤੋਂ ਜਾਣੂ ਕਰਵਾਇਆ

ਪੇਈਚਿੰਗ: ਯੂਕਰੇਨ ਖ਼ਿਲਾਫ਼ ਕੀਤੀ ਫੌਜੀ ਕਾਰਵਾਈ ਤੋਂ ਇਕ ਦਿਨ ਮਗਰੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲਬਾਤ ਕੀਤੀ। ਸ਼ੀ ਨੇ ਕਿਹਾ ਕਿ ਮਾਸਕੋ ਤੇ ਕੀਵ ਨੂੰ ਗੱਲਬਾਤ ਜ਼ਰੀਏ ਸੰਕਟ ਦਾ ਹੱਲ ਕੱਢਣਾ ਚਾਹੀਦਾ ਹੈ। ਚੀਨੀ ਸਦਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਯੂਐੱਨ ਚਾਰਟਰ ਵਿਚਲੇ ਸਿਧਾਂਤਾਂ ਮੁਤਾਬਕ ਸਾਰੇ ਮੁਲਕਾਂ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਪ੍ਰਤੀਬੱਧ ਹੈ। ਉਧਰ ਪੂਤਿਨ ਨੇ ਸ਼ੀ ਨੂੰ ਯੂਕਰੇਨ ਨਾਲ ਜੁੜੇ ਵਿਵਾਦ ਦੇ ਇਤਿਹਾਸਕ ਵਿਸ਼ਾ-ਵਸਤੂ ਤੇ ਪੂਰਬੀ ਯੂਕਰੇਨ ਵਿੱਚ ਜਾਰੀ ਵਿਸ਼ੇਸ਼ ਫ਼ੌਜੀ ਅਪਰੇਸ਼ਨ ਨੂੰ ਲੈ ਕੇ ਰੂਸ ਦੇ ਸਟੈਂਡ ਬਾਰੇ ਜਾਣੂ ਕਰਵਾਇਆ।

ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ

ਯੂਕਰੇਨ ਦੇ ਖਰਕੀਵ ਵਿੱਚ ਜ਼ਮੀਨਦੋਜ਼ ਮੈਟਰੋ ਸਟੇਸ਼ਨ ਵਿੱਚ ਪਨਾਹ ਲਈ ਬੈਠੇ ਭਾਰਤੀ ਵਿਦਿਆਰਥੀ। -ਫੋਟੋਆਂ: ਰਾਇਟਰਜ਼

ਨਵੀਂ ਦਿੱਲੀ: ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਦਰਮਿਆਨ ਉਥੇ ਫਸੇ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਹਨ, ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਅਤ ਵਾਪਸੀ ਲਈ ਫੌਰੀ ਤੇ ਕਾਰਗਰ ਕਦਮ ਚੁੱਕੇ ਜਾਣ ਸਬੰਧੀ ਕੇਂਦਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ਅੱਜ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ। ਸਿਖਰਲੀ ਅਦਾਲਤ ਦੀ ਰਜਿਸਟਰੀ ਕੋਲ ਦਾਖ਼ਲ ਜਨਹਿੱਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਵਿੱਚ ਇਸ ਵੇਲੇ 20 ਹਜ਼ਾਰ ਤੋਂ ਵੱਧ ਭਾਰਤੀ ਮੌਜੂਦ ਹਨ, ਜਿਨ੍ਹਾਂ ਵਿਚੋਂ 18 ਹਜ਼ਾਰ ਵਿਦਿਆਰਥੀ ਹਨ। ਕੁੱਲ ਆਲਮ ਦੀਆਂ ਨਜ਼ਰਾਂ ਯੂਕਰੇਨ ਤੇ ਰੂਸ ਦੀਆਂ ਫੌਜਾਂ ਦਰਮਿਆਨ ਜਾਰੀ ਟਕਰਾਅ 'ਤੇ ਲੱਗੀਆਂ ਹਨ, ਲਿਹਾਜ਼ਾ ਉਥੇ ਫਸੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਫੌਰੀ ਅਸਰਦਾਰ ਕੂਟਨੀਤਕ ਪੇਸ਼ਕਦਮੀ ਕੀਤੀ ਜਾਵੇ। -ਪੀਟੀਆਈ



Most Read

2024-09-21 06:09:17