World >> The Tribune


ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੇ ਬੇਸਮੈਂਟ ’ਚ ਲਿਆ ਆਸਰਾ


Link [2022-02-26 11:58:08]



ਵਾਸ਼ਿੰਗਟਨ, 25 ਫਰਵਰੀ

ਮੁੱਖ ਅੰਸ਼

ਬੇਸਮੈਂਟ ਦੀ ਵੀਡੀਓ ਕੀਤੀ ਸਾਂਝੀ ਭਾਰਤ ਸਰਕਾਰ ਨੂੰ ਕੀਤੀ ਕੱਢਣ ਦੀ ਅਪੀਲ

ਯੂਕਰੇਨ ਵਿਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ 'ਤੇ ਰੂਸੀ ਸੈਨਿਕਾਂ ਦੇ ਕਬਜ਼ੇ ਮਗਰੋਂ ਘੱਟੋ ਘੱਟ 400 ਭਾਰਤੀ ਵਿਦਿਆਰਥੀਆਂ ਨੇ ਇਕ ਬੇਸਮੈਂਟ ਵਿਚ ਆਸਰਾ ਲਿਆ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇ। ਇਨ੍ਹਾਂ ਵਿਦਿਆਰਥੀਆਂ ਵਿਚ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਬਾਹਰ ਗੋਲੀਆਂ ਦੀਆਂ ਆਵਾਜ਼ਾਂ ਸੁਣਨ ਕਰ ਕੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ। ਵਿਦਿਆਰਥੀ ਲਲਿਤ ਕੁਮਾਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ''ਇਸ ਵੇਲੇ ਅਸੀਂ ਆਪਣੇ ਹੋਸਟਲ ਦੀ ਬੇਸਮੈਂਟ ਵਿਚ ਛੁਪੇ ਹੋਏ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਇੱਥੇ ਅਸੀਂ ਕਦੋਂ ਤੱਕ ਸੁਰੱਖਿਅਤ ਰਹਿ ਸਕਾਂਗੇ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਯੂਕਰੇਨ ਦੇ ਪੂਰਬੀ ਇਲਾਕੇ 'ਚੋਂ ਸੁਰੱਖਿਅਤ ਕੱਢਿਆ ਜਾਵੇ।'' ਉਨ੍ਹਾਂ ਕਿਹਾ, ''ਆਪਣੇ ਆਪ ਯਾਤਰਾ ਕਰਨਾ ਸੰਭਨ ਨਹੀਂ ਹੈ। ਇੱਥੇ ਮਾਰਸ਼ਲ ਲਾਅ ਲਾਗੂ ਹੈ, ਜਿਸ ਦਾ ਮਤਲਬ ਹੈ ਕਿ ਕੋਈ ਬਾਹਰ ਨਹੀਂ ਜਾ ਸਕਦਾ। ਕਾਰ, ਬੱਸ ਅਤੇ ਨਿੱਜੀ ਵਾਹਨ ਨਹੀਂ ਨਿਕਲ ਸਕਦੇ। ਏਟੀਐੱਮ ਅਤੇ ਸੁਪਰ ਮਾਰਕਿਟਾਂ ਵੀ ਬੰਦ ਹਨ।'' ਵਿਦਿਆਰਥੀਆਂ ਨੇ ਉਸ ਬੇਸਮੈਂਟ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿੱਥੇ ਉਹ ਛੁਪੇ ਹੋਏ ਹਨ। ਲਲਿਤ ਨੇ ਕਿਹਾ, ਭਾਰਤ ਸਰਕਾਰ ਸਾਡੀ ਆਖਰੀ ਉਮੀਦ ਹੈ...ਅਸੀਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ। ਸਾਡੀ ਮਦਦ ਕਰੋ।'' -ਪੀਟੀਆਈ



Most Read

2024-09-21 08:40:17